ਅਕਾਲੀ ਦਲ ਵੱਲੋਂ ਸਿੰਗਲਾ ''ਤੇ ਪਲਟਵਾਰ, ਕਰਤਾਰਪੁਰ ਸਾਹਿਬ ਕੋਰੀਡੋਰ ''ਤੇ ਪੁੱਛਿਆ ਸਵਾਲ

Friday, Sep 13, 2019 - 02:49 PM (IST)

ਅਕਾਲੀ ਦਲ ਵੱਲੋਂ ਸਿੰਗਲਾ ''ਤੇ ਪਲਟਵਾਰ, ਕਰਤਾਰਪੁਰ ਸਾਹਿਬ ਕੋਰੀਡੋਰ ''ਤੇ ਪੁੱਛਿਆ ਸਵਾਲ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਆਗੂ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਮੁਆਫੀ ਮੰਗਣ ਅਤੇ ਇਹ ਦਾਅਵਾ ਕਰਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਪੰਜਾਬ 'ਚ ਕੋਈ ਪੈਸਾ ਜਾਂ ਪ੍ਰੋਜੈਕਟ ਨਹੀਂ ਆਇਆ ਤਾਂ ਠੋਕਵਾਂ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ  ਅਜਿਹੇ ਬਿਆਨ ਦੇਣ ਤੋਂ ਪਹਿਲਾਂ ਸਿੰਗਲਾ ਨੂੰ ਗੁਰਦਾਸਪੁਰ 'ਚ ਭਾਰਤ-ਪਾਕਿਸਤਾਨ ਸਰਹੱਦ ਦਾ ਦੌਰਾ ਕਰ ਕੇ ਆਉਣਾ ਚਾਹੀਦਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਪਰ ਇਕ ਕੈਬਨਿਟ ਮੰਤਰੀ ਨੂੰ ਇਨ੍ਹਾਂ ਦਾ ਗਿਆਨ ਨਹੀਂ ਹੈ ਕਿ ਉਨ੍ਹਾਂ ਦੇ ਆਪਣੇ ਸੂਬੇ ਵਿਚ ਕੀ ਚਲ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਨਾ ਸਿਰਫ ਸਿੱਖਾਂ ਬਲਕਿ ਦੁਨੀਆ ਭਰ ਦੇ ਅਮਨ ਪਸੰਦ ਲੋਕਾਂ ਲਈ ਆਜ਼ਾਦੀ ਮਗਰੋਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਤੋਹਫਾ ਹੈ ਅਤੇ ਕਾਂਗਰਸ ਆਪਣੇ 50 ਸਾਲਾਂ 'ਚ ਅਜਿਹਾ ਕਰਨ 'ਚ ਅਸਫਲ ਰਹੀ ਹੈ।

ਸਿਰਸਾ ਨੇ ਕਿਹਾ ਕਿ ਲਾਂਘੇ ਤੋਂ ਇਲਾਵਾ 500 ਕਰੋੜ ਰੁਪਏ ਖਰਚ ਕੇ ਕੇਂਦਰ ਸਰਕਾਰ ਆਲੀਸ਼ਾਨ ਯਾਤਰੀ ਟਰਮੀਨਲ ਦਾ ਨਿਰਮਾਣ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਇਸ ਪ੍ਰੋਜੈਕਟ ਅਤੇ ਇਸ ਨਾਲ ਜੁੜੇ ਹੋਰ ਕੰਮਾਂ 'ਤੇ ਨਿਰੰਤਰ ਗੇੜਾ ਲਾਉਂਦੇ ਹਨ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਦੇ ਹਨ। ਅਕਾਲੀ ਨੇਤਾ ਨੇ ਕਿਹਾ ਕਿ ਜਦੋਂ ਪੰਜਾਬ ਦੇ ਮੰਤਰੀ ਨੂੰ ਆਪਣੇ ਸੂਬੇ ਬਾਰੇ ਹੀ ਪਤਾ ਨਹੀਂ ਤਾਂ ਕੋਈ ਇਹ ਕਿਵੇਂ ਮੰਨੇ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਵਿਸ਼ਵ ਭਰ 'ਚ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮੌਕੇ 'ਤੇ ਰਾਜਨੀਤੀ ਕਰਨ ਤੋਂ ਪਹਿਲਾਂ ਕਾਂਗਰਸ ਅਤੇ ਇਸ ਦੇ ਮੰਤਰੀਆਂ ਨੂੰ ਜ਼ਮੀਨੀ ਹਕੀਕਤ ਵੇਖ ਲੈਣੀ ਚਾਹੀਦੀ ਹੈ।


author

Anuradha

Content Editor

Related News