ਗਰੀਬ ਸਿੱਖਾਂ ਨੂੰ ''ਆਟਾ'' ਦੇਣ ਦੀ ਬਜਾਏ ਸਿਰਸਾ ਦਾ ਧਿਆਨ ''ਡਾਟਾ'' ਖਰਚ ਕਰਨ ''ਤੇ
Saturday, May 23, 2020 - 10:39 AM (IST)
ਜਲੰਧਰ (ਚਾਵਲਾ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵਿਵਾਦਿਤ ਬਿਆਨਾਂ 'ਤੇ ਵੀਰਵਾਰ ਨੂੰ ਸਿਰਸਾ ਨੂੰ 'ਨਿਆਣਾ ਪ੍ਰਧਾਨ' ਦੱਸਣ 'ਤੇ 'ਜਾਗੋ' ਪਾਰਟੀ ਨੇ ਇਤਰਾਜ਼ ਜਤਾਇਆ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਦੇ ਉਕਤ ਦਾਅਵੇ ਨੂੰ ਸਿਰਸਾ ਨੂੰ 'ਨਿਆਣਾ' ਮਤਲਬ 'ਬੱਚਾ' ਦੱਸ ਕੇ ਬਚਾਉਣ ਦੀ ਚਾਲ ਵੀ ਦੱਸਿਆ। ਜੀ. ਕੇ. ਨੇ ਦਾਅਵਾ ਕੀਤਾ ਕਿ ਸੁਖਬੀਰ ਜਿਸ ਨੂੰ 'ਨਿਆਣਾ' ਦੱਸ ਰਹੇ ਹਨ, ਉਹ ਨਿਆਣਾ ਨਹੀਂ ਸ਼ਾਤਰ ਹੈ। ਸਿਰਸਾ ਵੱਲੋਂ ਧਾਰਮਿਕ ਸਥਾਨਾਂ ਦੇ ਕੀਮਤੀ ਸਰਮਾਏ ਨੂੰ ਸਰਕਾਰ ਨੂੰ ਦੇਣ ਦੀ ਦਿੱਤੀ ਗਈ ਸਲਾਹ ਵਾਲਾ ਵੀਡੀਓ ਖੁਦ ਸਿਰਸਾ ਦੀ ਸੋਸ਼ਲ ਮੀਡੀਆ ਟੀਮ ਨੇ ਐਡਿਟ ਕੀਤਾ ਹੈ ਅਤੇ ਇਸ ਨੂੰ ਅਸੀਂ ਛੇਤੀ ਸਾਬਤ ਕਰਾਂਗੇ। ਸਿਰਸਾ ਪਿਛਲੇ 1.5 ਸਾਲ ਤੋਂ ਲਗਾਤਾਰ ਆਪਣਾ ਮਹਿਮਾ ਮੰਡਨ ਕਰਨ ਲਈ ਸੋਸ਼ਲ ਮੀਡੀਆ ਉੱਤੇ ਹਰ ਮਹੀਨੇ 10-12 ਲੱਖ ਰੁਪਏ ਗੁਰੂ ਦੀ ਗੋਲਕ 'ਚੋਂ ਖਰਚ ਰਿਹਾ ਹੈ। ਇਸ ਲਈ ਸਿਰਸਾ ਦਾ ਵੀਡੀਓ ਐਡਿਟ ਹੋਣ ਦਾ ਦਾਅਵਾ ਸ਼ੱਕੀ ਅਤੇ ਮੁੱਦੇ ਨੂੰ ਭਟਕਾਉਣ ਵਾਲਾ ਹੈ। ਹਾਇਟੈੱਕ ਕੈਮਰਿਆਂ, ਲਾਈਟਾਂ ਅਤੇ ਸਿਸਟਮ ਨਾਲ ਤਿਆਰ ਨਵੇਂ ਬਣੇ ਸਟੂਡੀਓ 'ਚ ਸਾਰਾ ਦਿਨ ਕੀ ਪੱਕਦਾ ਹੈ, ਸਾਨੂੰ ਸਭ ਪਤਾ ਹੈ।
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀ. ਕੇ. ਨੇ ਕਿਹਾ ਕਿ ਸੁਖਬੀਰ ਨੂੰ ਦਿੱਲੀ ਦੀ ਸੰਗਤ ਨੂੰ ਦੱਸਣਾ ਚਾਹੀਦਾ ਹੈ ਦੀ ਇਹ 'ਨਿਆਣਾ' ਉਨ੍ਹਾਂ ਨੇ ਪ੍ਰਧਾਨ ਕਿਉਂ ਬਣਾਇਆ ਸੀ? ਰੋਜ਼ਾਨਾ ਸਿੱਖ ਮਰਿਆਦਾਵਾਂ ਨਾਲ ਖਿਲਵਾੜ ਕਰਨ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਤੋਂ ਭੱਜਣ ਵਾਲਾ 'ਨਿਆਣਾ' ਨਹੀਂ ਹੁੰਦਾ। ਗੁਰੂ ਸਾਹਿਬਾਨਾਂ ਦੇ ਲੰਗਰ ਉੱਤੇ ਸਿਆਸਤ ਕਰਨ ਵਾਲਾ 'ਨਿਆਣਾ' ਨਹੀਂ ਹੁੰਦਾ। ਸਿਰਫ ਬਾਦਲ ਦਲ ਦੇ ਮੈਂਬਰਾਂ ਨੂੰ ਲੰਗਰ ਅਤੇ ਰਾਸ਼ਨ ਦੇ ਕੇ ਵਿਰੋਧੀ ਕਮੇਟੀ ਮੈਂਬਰਾਂ ਦੇ ਇਲਾਕੇ ਦੀ ਸੰਗਤ ਦਾ ਹੱਕ ਮਾਰਨ ਵਾਲਾ 'ਨਿਆਣਾ' ਨਹੀਂ ਹੁੰਦਾ।
ਜੀ. ਕੇ. ਨੇ ਕਿਹਾ ਕਿ ਦਿੱਲੀ ਵਿਚ 2.5 ਲੱਖ ਸਿੱਖ ਪਰਿਵਾਰ ਰਹਿੰਦੇ ਹਨ। ਜਿਸ 'ਚੋਂ 60 ਫੀਸਦੀ ਸਿੱਖ ਪਰਿਵਾਰ ਅੱਜ ਇਸ ਮਹਾਮਾਰੀ ਦੇ ਸਮੇਂ ਆਪਣੀ ਨੌਕਰੀ, ਦਿਹਾੜੀ ਜਾਂ ਪੇਸ਼ੇ ਨੂੰ ਗਵਾ ਚੁੱਕੇ ਹਨ। ਇਨ੍ਹਾਂ ਗਰੀਬ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ 'ਪਾਤਸ਼ਾਹੀ' ਦੇਣ ਦਾ ਦਾਅਵਾ ਕਰਦੇ ਹਨ। ਪਰ ਲੰਗਰ ਦੇ ਨਾਂ ਉੱਤੇ ਆਤਮ ਮੁਗਧਤਾ ਦਾ ਸ਼ਿਕਾਰ ਸਿਰਸਾ ਇਸ ਮੱਧ ਅਤੇ ਨਿਮਨ ਮੱਧ ਵਰਗ ਦੇ 1.5 ਲੱਖ ਸਿੱਖ ਪਰਿਵਾਰਾਂ ਨੂੰ 60 ਦਿਨਾਂ ਦੀ ਤਾਲਾਬੰਦੀ 'ਚ ਆਟਾ-ਦਾਲ ਅਤੇ ਨਕਦੀ ਸਹਾਇਤਾ ਵੀ ਨਹੀਂ ਦੇ ਪਾਇਆ, ਜਦੋਂ ਕਿ ਉਨ੍ਹਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਇਕ ਤਰਫ ਸਰਕਾਰ ਤ੍ਰਾਸਦੀ ਦੇ ਸਮੇਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਕਾਰਡ ਉੱਤੇ ਹਰ ਮਹੀਨੇ ਪ੍ਰਤੀ ਵਿਅਕਤੀ 10 ਕਿਲੋ ਰਾਸ਼ਨ ਦਿੱਲੀ 'ਚ ਦੇ ਰਹੀ ਹੈ ਪਰ ਮਜਬੂਰੀ 'ਚ ਹੋਣ ਦੇ ਬਾਵਜੂਦ ਦਿੱਲੀ ਦੇ ਇਨ੍ਹਾਂ ਸਿੱਖਾਂ ਨੇ ਸਿੱਖ ਪ੍ਰੰਪਰਾ ਨੂੰ ਨਿਭਾਉਂਦੇ ਹੋਏ ਆਪਣਾ ਪਰਦਾ ਨੰਗਾ ਨਹੀਂ ਕੀਤਾ।
'ਨਿਆਣੇ' ਦੀ ਲਾਪਰਵਾਹੀ ਦੇ ਬਾਵਜੂਦ ਜਿਵੇਂ-ਤਿਵੇਂ ਆਪਣਾ ਗੁਜ਼ਾਰਾ ਕੀਤਾ। ਜਿਨ੍ਹਾਂ ਨੂੰ ਗੁਰੂ 'ਪਾਤਸ਼ਾਹੀ' ਦੇਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਸਿਰਸਾ ਜ਼ਰੂਰਤ ਦਾ ਸਾਮਾਨ ਨਹੀਂ ਦੇਣ ਦੇ ਬਾਵਜੂਦ ਡੀਂਗਾਂ ਮਾਰੇ, ਤਾਂ ਉਹ 'ਨਿਆਣਾ' ਕਿਵੇਂ ? ਜ਼ਰੂਰਤ ਜਿਨ੍ਹਾਂ ਉੱਤੇ 'ਆਟਾ' ਖਰਚ ਕਰਨ ਦੀ ਸੀ ਪਰ ਪ੍ਰਧਾਨ 'ਡਾਟਾ' ਉਡਾਉਣ ਲਈ ਸਾਰਾ ਦਿਨ ਤਿਕੜਮ ਲਗਾਉਂਦਾ ਰਹਿੰਦਾ ਹੈ। ਕਮੇਟੀ ਅਤੇ ਸਕੂਲ ਦਾ ਸਟਾਫ ਤਨਖਾਹ ਨਹੀਂ ਮਿਲਣ ਕਰਕੇ ਤੰਗ ਹੈ, ਸੋਸ਼ਲ ਮੀਡੀਆ ਉੱਤੇ ਸੇਵਾਦਾਰ ਅਤੇ ਰਾਗੀ ਦੀ ਦਿਹਾੜੀ ਲਗਾਉਣ ਦੀਆਂ ਤਸਵੀਰਾਂ ਚੱਲ ਰਹੀਆਂ ਹਨ, ਕਿਉਂਕਿ ਸਿਰਸਾ ਕਹਿੰਦਾ ਹੈ ਕਿ ਬਿਨਾਂ ਹਾਜ਼ਰੀ ਤਨਖਾਹ ਨਹੀਂ ਦੇਵਾਂਗਾ ਪਰ 'ਨਿਆਣਾ ਪ੍ਰਧਾਨ' ਬਿਆਨਬਾਜ਼ੀ 'ਚ ਰੁੱਝਿਆ ਹੈ, ਇਸ ਦਾ ਵੱਸ ਚਲੇ ਤਾਂ ਰਾਜ ਸਭਾ ਜਾਣ ਜਾਂ ਸਰਕਾਰੀ ਸੁਰੱਖਿਆ ਲੈਣ ਦੇ ਬਦਲੇ ਇਹ ਕੌਮ ਦੇ ਸਰਮਾਏ ਨੂੰ ਸਰਕਾਰ ਦੇ ਹਵਾਲੇ ਕਰ ਕੇ ਭੱਜ ਜਾਵੇ। ਜੀ. ਕੇ. ਨੇ ਸੁਖਬੀਰ ਨੂੰ 'ਨਿਆਣਾ' ਪ੍ਰਧਾਨ ਹਟਾ ਕੇ ਆਪਣੇ ਮੈਂਬਰਾਂ ਵਿਚੋਂ ਕਿਸੇ 'ਸਿਆਣੇ' ਨੂੰ ਪ੍ਰਧਾਨ ਲਗਾਉਣ ਦੀ ਸਲਾਹ ਵੀ ਦਿੱਤੀ।