ਪੂਰੀ ਕਾਲੀ ਤੇ ਵਿਰੋਧੀ ਸੂਚੀ ਵੈੱਬਸਾਈਟ ''ਤੇ ਜਨਤਕ ਕੀਤੀ ਜਾਵੇ : ਜੀ. ਕੇ.

09/14/2019 12:38:12 PM

ਜਲੰਧਰ/ਨਵੀਂ ਦਿੱਲੀ (ਚਾਵਲਾ)— ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ 'ਚੋਂ 312 ਸਿੱਖਾਂ ਦੇ ਨਾਂ ਹਟਾਉਣ ਦਾ ਸਵਾਗਤ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸਰਕਾਰ ਕੋਲੋਂ ਪੂਰੀ ਕਾਲੀ ਅਤੇ ਵਿਰੋਧੀ ਸੂਚੀ ਨੂੰ ਵੈੱਬਸਾਈਟ ਉੱਤੇ ਜਨਤਕ ਕਰਨ ਦੀ ਮੰਗ ਕੀਤੀ ਹੈ। ਜੀ. ਕੇ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਸ ਕਾਰਜ ਲਈ ਸਮੁੱਚੇ ਪੰਥ ਵੱਲੋਂ ਧੰਨਵਾਦ ਕੀਤਾ। ਜੀ. ਕੇ. ਨੇ ਦੱਸਿਆ ਕਿ ਕੇਂਦਰੀ ਕਾਲੀ ਸੂਚੀ ਅਤੇ ਵਿਰੋਧੀ ਸੂਚੀ 'ਚ ਤਕਨੀਕੀ ਅੰਤਰ ਹੈ। ਕਮੇਟੀ ਪ੍ਰਧਾਨ ਰਹਿੰਦੇ ਹੋਏ ਮੇਰੇ ਵੱਲੋਂ ਦਿੱਲੀ ਹਾਈਕੋਰਟ 'ਚ ਕਾਲੀ ਸੂਚੀ ਦੇ ਖਾਤਮੇ ਲਈ 2015 'ਚ ਪਟੀਸ਼ਨ ਵੀ ਦਾਖਲ ਕੀਤੀ ਗਈ ਸੀ, ਜਿਸ 'ਚ ਸਮੇਂ-ਸਮੇਂ 'ਤੇ ਸਰਕਾਰ ਵੱਲੋਂ ਦਾਖਲ ਕੀਤੇ ਗਏ ਜਵਾਬਾਂ 'ਚ ਦੱਸਿਆ ਗਿਆ ਕਿ ਜ਼ਿਆਦਾਤਰ ਨਾਂ ਕਾਲੀ ਸੂਚੀ 'ਚੋਂ ਹਟਾ ਦਿੱਤੇ ਗਏ ਹਨ। ਸਰਕਾਰ ਕਦੋਂ ਕਿਸ ਨਾਂ ਨੂੰ ਹਟਾਉਂਦੀ ਹੈ ਅਤੇ ਕਦੋਂ ਜੋੜਦੀ ਹੈ, ਇਸ 'ਤੇ ਹਮੇਸ਼ਾ ਦੁਵਿਧਾ ਰਹਿੰਦੀ ਹੈ। ਇਸ ਲਈ ਇਸ ਮਾਮਲੇ ਉੱਤੇ ਸਰਕਾਰ ਨੂੰ ਕਾਲੀ ਅਤੇ ਵਿਰੋਧੀ ਸੂਚੀ ਆਪਣੀ ਵੈੱਬਸਾਈਟ ਉੱਤੇ ਜ਼ਰੂਰ ਦਿਖਾਉਣੀ ਚਾਹੀਦੀ ਹੈ।

ਜੀ. ਕੇ. ਨੇ ਦੱਸਿਆ ਕਿ 312 ਸਿੱਖਾਂ ਦੇ ਨਾਂ ਵਿਰੋਧੀ ਸੂਚੀ 'ਚੋਂ ਹਟਣ ਦੇ ਬਾਅਦ ਇਨ੍ਹਾਂ ਲੋਕਾਂ ਦੇ ਪਰਿਵਾਰਾਂ ਨੂੰ ਭਾਰਤ ਆਉਣ ਦਾ ਆਮ ਵੀਜ਼ਾ 2 ਸਾਲ ਲਈ ਮਿਲ ਸਕਦਾ ਹੈ। ਨਾਲ ਹੀ ਇਨ੍ਹਾਂ ਦਾ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਵੀ ਹੁਣ ਬਣ ਸਕੇਗਾ, ਜੇਕਰ ਉਨ੍ਹਾਂ ਦਾ ਨਾਂ ਕੇਂਦਰੀ ਕਾਲੀ ਸੂਚੀ ਵਿਚ ਨਹੀਂ ਹੈ।


shivani attri

Content Editor

Related News