ਕੈਨੇਡਾ : ਮੈਨੀਟੋਬਾ ਚੋਣਾਂ 'ਚ ਦੋ ਪੰਜਾਬੀਆਂ ਨੇ ਮਾਰੀ ਬਾਜ਼ੀ

Thursday, Sep 12, 2019 - 10:00 AM (IST)

ਕੈਨੇਡਾ : ਮੈਨੀਟੋਬਾ ਚੋਣਾਂ 'ਚ ਦੋ ਪੰਜਾਬੀਆਂ ਨੇ ਮਾਰੀ ਬਾਜ਼ੀ

ਮੁਕਸਤਰ/ਮੈਨੀਟੋਬਾ— ਕੈਨੇਡਾ ਦੇ ਸੂਬੇ ਮੈਨੀਟੋਬਾ 'ਚ 42ਵੀਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ। ਇੱਥੇ 57 ਸੀਟਾਂ 'ਤੇ ਹੋਈਆਂ ਚੋਣਾਂ 'ਚੋਂ ਕੰਜ਼ਰਵੇਟਿਵ ਪਾਰਟੀ ਦੀ ਝੋਲੀ 36 ਸੀਟਾਂ ਪਈਆਂ ਤੇ ਇਹ ਮੁੜ ਸੱਤਾ 'ਚ ਕਾਬਜ਼ ਹੋ ਗਈ। ਇਨ੍ਹਾਂ ਚੋਣਾਂ 'ਚ ਦੋ ਪੰਜਾਬੀਆਂ ਨੇ ਵੀ ਬਾਜ਼ੀ ਮਾਰੀ ਹੈ ਜੋ ਐੱਨ. ਡੀ. ਪੀ. ਭਾਵ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਹਨ।

ਮੁਕਤਸਰ ਦੇ ਰਹਿਣ ਵਾਲੇ ਖੇਤੀ ਵਿਗਿਆਨੀ ਦਿਲਜੀਤ ਪਾਲ ਸਿੰਘ ਬਰਾੜ ਵਿਨੀਪੈਗ ਦੀ ਬ੍ਰੋਜ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਲਿਬਰਲ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵਿਰੋਧੀ ਉਮੀਦਵਾਰਾਂ ਨੂੰ 416 ਤੋਂ ਵਧੇਰੇ ਵੋਟਾਂ ਨਾਲ ਹਰਾਇਆ। ਦਿਲਜੀਤ ਪਾਲ ਬਰਾੜ ਨੇ 2,536 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਜੈਸਮੀਨ ਬਰਾੜ (ਪੀ. ਸੀ.), ਸਰਬ ਗਿੱਲ (ਲਿਬਰਲ) ਤੇ ਐਡਾ ਪਾਂਗਲਿਨਾਨ (ਐੱਮ. ਐੱਫ. ਡਬਲਿਊ.) ਨੂੰ ਹਰਾਇਆ। ਮੁਕਤਸਰ ਰਹਿੰਦੇ ਉਨ੍ਹਾਂ ਦੇ ਪਰਿਵਾਰ ਬੁੱਧਵਾਰ ਨੂੰ ਖੁਸ਼ੀ ਮਨਾਈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤ ਹਨ ਤੇ ਦੋਵੇਂ ਹੀ ਖੇਤੀ ਵਿਗਿਆਨੀ ਹਨ। ਇਕ ਪੁੱਤਰ ਅਮਰੀਕਾ 'ਚ ਸਰਕਾਰੀ ਨੌਕਰੀ ਕਰ ਰਿਹਾ ਹੈ।

ਮੈਪਲਜ਼ ਹਲਕੇ ਤੋਂ ਮਿੰਟੂ ਸੰਧੂ ਵਿਧਾਇਕ ਚੁਣੇ ਗਏ ਹਨ। ਉਹ ਬਰਨਾਲਾ ਜ਼ਿਲੇ ਦੇ ਪਿੰਡ ਧਨੇਰ ਦੇ ਜੰਮਪਲ ਹਨ। ਸੰਧੂ ਪਿਛਲੇ 30 ਸਾਲਾਂ ਤੋਂ ਮੈਪਲਜ਼ 'ਚ ਰਹਿ ਰਹੇ ਹਨ। ਉਨ੍ਹਾਂ ਨੇ ਕੁੱਲ 2,744 ਵੋਟਾਂ ਹਾਸਲ ਕੀਤੀਆਂ ਤੇ ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰਾਂ ਦੀਪ ਬਰਾੜ (ਲਿਬਰਲ), ਅਮਨ ਸੰਧੂ (ਪੀ.ਸੀ.) ਅਤੇ ਕਿਰਨ ਗਿੱਲ (ਗ੍ਰੀਨ ਪਾਰਟੀ) ਨੂੰ ਹਰਾਇਆ। ਮੈਨੀਟੋਬਾ 'ਚ ਸਮੇਂ ਤੋਂ ਇਕ ਸਾਲ ਪਹਿਲਾਂ ਹੀ ਵੱਖ-ਵੱਖ ਪਾਰਟੀਆਂ ਵਲੋਂ ਚੋਣਾਂ ਕਰਵਾਈਆਂ ਗਈਆਂ ਹਨ।


Related News