ਮਨੀਸ਼ ਤਿਵਾੜੀ ਦਾ ਨਵਜੋਤ ਸਿੱਧੂ ''ਤੇ ਤਿੱਖਾ ਹਮਲਾ, ਦੱਸਿਆ ਕਾਂਗਰਸ ਦਾ ਕਿਰਾਏਦਾਰ

Saturday, Apr 23, 2022 - 10:18 PM (IST)

ਚੰਡੀਗੜ੍ਹ (ਅਸ਼ਵਨੀ) : ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਤਿੱਖਾ ਹਮਲਾ ਬੋਲਦੇ ਹੋਏ ਸਿੱਧੂ ਨੂੰ ਕਾਂਗਰਸ ਦਾ ਕਿਰਾਏਦਾਰ ਦੱਸਿਆ। ਸਿੱਧੂ ਨਾਲ ਜੁੜੇ ਇਕ ਸਵਾਲ 'ਤੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕਈ ਭਾਗੀਦਾਰ ਅਤੇ ਕਿਰਾਏਦਾਰ ਹੁੰਦੇ ਹਨ। ਮਨੀਸ਼ ਤਿਵਾੜੀ ਦਾ ਇਹ ਬਿਆਨ ਉਦੋਂ ਆਇਆ ਜਦੋਂ ਨਵੇਂ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਤਾਜਪੋਸ਼ੀ ਸਮਾਗਮ ਸੀ ਅਤੇ ਨਵਜੋਤ ਸਿੱਧੂ ਇਸ ਸਮਾਗਮ ਤੋਂ ਨਦਾਰਦ ਰਹੇ। ਸਿੱਧੂ ਸਮਾਗਮ ’ਚ ਆਏ ਪਰ ਮੰਚ ’ਤੇ ਮੌਜੂਦ ਨੇਤਾਵਾਂ ਦੀ ਲਾਈਨ ਵਿਚ ਨਹੀਂ ਬੈਠੇ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਵਧਾਈ ਦਿੱਤੀ, ਗਲੇ ਲਗਾਇਆ ਅਤੇ ਪਰਤ ਗਏ।

ਇਹ ਵੀ ਪੜ੍ਹੋ :  ਅੱਜ ਫਿਰ ਵੱਡਾ ਐਲਾਨ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ, ਟਵਿੱਟਰ ’ਤੇ ਦਿੱਤੀ ਜਾਣਕਾਰੀ

ਇਸੇ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਨਵਾਂ ਵਿਵਾਦ ਛੇੜ ਦਿੱਤਾ। ਇਕ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ 5 ਸਾਲ ਦੇ ਮਾਫ਼ੀਆ ਰਾਜ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ’ਚ ਹਾਰੀ। ਮੁੱਖ ਮੰਤਰੀ ਤੱਕ ਮਾਫ਼ੀਆ ਵਿਚ ਸ਼ਾਮਲ ਰਹੇ। ਸਿੱਧੂ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਸੀ ਪਰ ਸਿਆਸਤ ਨੂੰ ਧੰਦਾ ਨਹੀਂ ਬਣਾਇਆ ਜਾ ਸਕਦਾ। ਜਿਸ ਦਿਨ ਮਾਫ਼ੀਆ ਖ਼ਤਮ ਹੋਵੇਗਾ, ਉਸ ਦਿਨ ਪੰਜਾਬ ਉਪਰ ਉਠੇਗਾ। ਉਹ ਅੱਜ ਵੀ ਪੰਜਾਬ ਦੇ ਵਜੂਦ ਦੀ ਲੜਾਈ ਲੜ ਰਹੇ ਹਨ ਅਤੇ ਇਹ ਲੜਾਈ ਜਾਰੀ ਰਹੇਗੀ। ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਨਾਂ ਕਿਸੇ ਦਾ ਨਾਂ ਲਏ ਸਿੱਧੂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਬੇਸ਼ੱਕ ਉਹ ਮੁੱਖ ਮੰਤਰੀ ਦੇ ਤੌਰ ’ਤੇ ਹਾਰ ਦੀ ਜ਼ਿੰਮੇਵਾਰੀ ਲੈ ਰਹੇ ਹਨ ਪਰ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ’ਤੇ ਉਹ ਕੁਝ ਨਹੀਂ ਬੋਲਣਗੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਸਨ ਅਤੇ ਅੰਤ ਵਿਚ ਕਾਂਗਰਸ ਨੇ ਉਨ੍ਹਾਂ ਨੂੰ ਆਉਣ ਵਾਲੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ। ਅਜਿਹੇ ਵਿਚ ਕਾਂਗਰਸ ਦੀ ਹਾਰ ਦਾ ਜ਼ਿੰਮਾ ਉਨ੍ਹਾਂ ਦਾ ਹੀ ਹੈ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News