ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਿਆ ਜਾਇਜ਼ਾ, ਸਿੱਖਿਆ ਵਿਵਸਥਾ ਦੀ ਖੁੱਲ੍ਹੀ ਪੋਲ

Wednesday, Dec 01, 2021 - 09:08 PM (IST)

ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਿਆ ਜਾਇਜ਼ਾ, ਸਿੱਖਿਆ ਵਿਵਸਥਾ ਦੀ ਖੁੱਲ੍ਹੀ ਪੋਲ

ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਿੱਖਿਆ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਚਕਾਰ ਸਿੱਖਿਆ ਵਿਵਸਥਾ ’ਤੇ ਛਿੜੀ ਬਹਿਸ ’ਚ ਭਾਂਵੇ ਹੀ ਪੰਜਾਬ ਸਰਕਾਰ ਵੱਲੋਂ ਸਭ ਤੋਂ ਚੰਗੇ 250 ਸਕੂਲਾਂ ਦੀ ਸੂਚੀ ਆਮ ਆਦਮੀ ਪਾਰਟੀ ਨੂੰ ਨਹੀਂ ਦਿੱਤੀ ਗਈ ਪਰ ਮਨੀਸ਼ ਸਿਸੋਦੀਆ ਨੇ ਦੋ ਕਦਮ ਅੱਗੇ ਵਧਾਉਂਦਿਆਂ ਖੁਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ’ਚ ਪੈਂਦੇ ਉਨ੍ਹਾਂ ਦੇ ਨਾਨਕੇ ਪਿੰਡ ਮਕੜੌਨਾ ਕਲਾਂ ਦੇ ਪ੍ਰਾਇਮਰੀ ਸਕੂਲ ਦਾ ਜਾਇਜ਼ਾ ਲਿਆ। 

PunjabKesari

ਮਨੀਸ਼ ਸਿਸੋਦੀਆ ਨੂੰ ਮੁੱਖ ਮੰਤਰੀ ਚੰਨੀ ਦੇ ਨਾਨਕੇ ਪਿੰਡ ਮਕੜੌਨਾ ਕਲਾਂ ਦੇ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੀਆਂ ਜਮਾਤਾਂ ਨੂੰ ਕੇਵਲ 6 ਹਜ਼ਾਰ ਰੁਪਏ ਮਹੀਨਾ ਤਨਖ਼ਾਹ ’ਤੇ ਪੜ੍ਹਾਉਣ ਵਾਲੇ ਇੱਕ ਅਧਿਆਪਕ ਨੂੰ ਮਿਲਣ ਦਾ ਮੌਕਾ ਮਿਲਿਆ। ਇਸ ਅਧਿਆਪਕ ਨੇ ਆਪਣੀਆਂ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੇ ਪੀਣ ਲਈ ਪਾਣੀ ਦੀ ਕੋਈ ਸਹੂਲਤ ਨਹੀਂ ਹੈ। ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਲਈ ਨੇੜਲੇ ਗੁਰਦੁਆਰਾ ਸਾਹਿਬ ਤੋਂ ਪਾਣੀ ਲਿਆਉਣਾ ਪੈਂਦਾ ਹੈ। ਬੱਚਿਆਂ ਲਈ ਲਾਏ ਝੂਲੇ ਵੀ ਟੁੱਟੇ ਹੋਏ ਸਨ। 

ਇਹ ਵੀ ਪੜ੍ਹੋ- ਪੰਜਾਬ ਦੇ ਲੋਕ ਕੈਪਟਨ ਤੇ ਭਾਜਪਾ ਨੂੰ 2022 ਦੀਆਂ ਚੋਣਾਂ 'ਚ ਸਬਕ ਸਿਖਾਉਣਗੇ : ਰਾਜਾ ਵੜਿੰਗ
ਇਸ ਤੋਂ ਪਹਿਲਾ ਮਨੀਸ਼ ਸਿਸੋਦੀਆ ਪਿੰਡ ਚੱਕਲਾ ਦੇ ਪ੍ਰਾਇਮਰੀ ਸਕੂਲ ਵੀ ਪਹੁੰਚੇ ਸਨ। ਇੱਥੇ ਸਕੂਲ ਦੇ ਕਮਰਿਆਂ ਵਿੱਚ ਥਾਂ-ਥਾਂ ਜਾਲੇ ਲੱਗੇ ਹੋਏ ਸਨ, ਕੂੜਾ-ਕਰਕਟ ਪਿਆ ਸੀ, ਸਕੂਲ ਦੇ ਪਖ਼ਾਨੇ ਵੀ ਜ਼ਰਜ਼ਰ ਅਤੇ ਬਦਬੂਦਾਰ ਹਾਲਤ ਵਿੱਚ ਮਿਲੇ। ਇਥੋਂ ਤੱਕ ਕਿ ਕਮਰਿਆਂ ਦਾ ਰੰਗ ਰੋਗਨ ਉਤਰਿਆ ਹੋਇਆ ਸੀ, ਫਰਨੀਚਰ ਟੁੱਟਿਆ ਹੋਇਆ ਅਤੇ ਬਿਜਲੀ ਵਿਵਸਥਾ ਵੀ ਮਾੜੀ ਹਾਲਤ ਵਿੱਚ ਮਿਲੀ। ਸਕੂਲਾਂ ਦੀਆਂ ਸਮੱਸਿਆਵਾਂ ਜਾਨਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ, ‘‘ਜੇ ਅਜਿਹੀ ਮਾੜੀ ਸਿੱਖਿਆ ਵਿਵਸਥਾ ਨੂੰ ਪੰਜਾਬ ਸਰਕਾਰ ਨੰਬਰ ਇੱਕ ਕਹਿੰਦੀ ਹੈ ਤਾਂ ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ। ’’ 

PunjabKesari

ਪੰਜਾਬ ਦੀ ਸਿੱਖਿਆ ਵਿਵਸਥਾ ਨਾਲ ਹੋ ਰਹੇ ਖਿਲਵਾੜ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਸੂਬੇ ਦੇ ਸਕੂਲਾਂ ਅਤੇ ਸਿੱਖਿਆ ਵਿਵਸਥਾ ਨੂੰ ਸਭ ਤੋਂ ਚੰਗੀ ਹੋਣ ਦੇ ਦਾਅਵੇ ਬਾਰੇ ਸਿਸੋਦੀਆ ਸੋਚਣ ਲਈ ਮਜ਼ਬੂਰ ਹੋ ਗਏ ਕਿ ਪਰਗਟ ਸਿੰਘ ਨੇ ਆਖ਼ਰ ਕਿਸ ਆਧਾਰ ’ਤੇ ਇਹ ਦਾਅਵਾ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਸੂਬੇ ਦੇ ਸਕੂਲਾਂ ਨੂੰ ਦਿੱਲੀ ਅਤੇ ਦੇਸ਼ ਦੇ ਸਕੂਲਾਂ ਦੀ ਤੁਲਨਾ ਵਿੱਚ ਚੰਗਾ ਹੋਣ ਦਾ ਦਾਅਵਾ ਕੀਤਾ ਸੀ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨਾਲ ਸਿੱਖਿਆ ਵਿਵਸਥਾ ’ਤੇ ਛਿੱੜੀ ਬਹਿਸ ਦੌਰਾਨ ਪਰਗਟ ਸਿੰਘ ਨੇ 250 ਚੰਗੇ ਸਕੂਲ ਦਿਖਾਉਣ ਦਾ ਦਾਅਵਾ ਕੀਤਾ ਸੀ। ਪਰ ਆਮ ਆਦਮੀ ਪਾਰਟੀ ਦੀ ਮੰਗ ਦੇ ਬਾਵਜੂਦ ਪੰਜਾਬ ਸਰਕਾਰ ਨੇ ਸੂਬੇ ਦੇ 250 ਚੰਗੇ ਸਕੂਲਾਂ ਦੀ ਸੂਚੀ ਆਮ ਆਦਮੀ ਪਾਰਟੀ ਨੂੰ ਨਹੀਂ ਸੌਂਪੀ। ਇਸ ਕਾਰਨ ਮਨੀਸ਼ ਸਿਸੋਦੀਆ ਖੁੱਦ ਪੰਜਾਬ ਦੇ ਸਕੂਲਾਂ ਦੇ ਦੌਰੇ ’ਤੇ ਆਏ ਹਨ ਅਤੇ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਦੇ ਹਲਕੇ ਸ੍ਰੀ ਚਮਕੌਰ ਸਾਹਿਬ ਵਿਚਲੇ ਸਕੂਲ ਦਾ ਵੀ ਦੌਰਾ ਕੀਤਾ। 

ਇਹ ਵੀ ਪੜ੍ਹੋ- ਰੱਖਿਆ ਮੰਤਰਾਲਾ 20 ਹਜ਼ਾਰ ਨੌਜਵਾਨਾਂ ਦੀ ਫੌਜੀ ਭਰਤੀ ਲਈ ਤੁਰੰਤ ਲਵੇ ਲਿਖਤੀ ਪ੍ਰੀਖਿਆ: ਮਾਨ

ਚੰਨੀ ਸਾਬ, ਪੰਜਾਬ ਦੇ ਬੱਚਿਆਂ ਨੂੰ ਦਿੱਲੀ  ਜਿਹੀ ਸ਼ਾਨਦਾਰ ਸਿੱਖਿਆ ਦੇਵਾਂਗੇ: ਕੇਜਰੀਵਾਲ 
‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟਰ ਖਾਤੇ ’ਤੇ ਲਿਖਿਆ, ‘‘ਪੰਜਾਬ ਦੇ ਸਕੂਲਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਚੰਨੀ ਸਾਬ ਕਹਿੰਦੇ ਹਨ ਕਿ ਪੰਜਾਬ ਦੇ ਸਕੂਲ ਸਭ ਤੋਂ ਚੰਗੇ ਹਨ। ਮਤਲਬ ਸਕੂਲਾਂ ਨੂੰ ਠੀਕ ਕਰਨ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਹੈ। ਇਨ੍ਹਾਂ ਆਗੂਆਂ ਨੇ ਜਾਣਬੁੱਝ ਕੇ ਸਰਕਾਰੀ ਸਕੂਲਾਂ ਨੂੰ 70 ਸਾਲਾਂ ਤੋਂ ਖ਼ਰਾਬ ਤੇ ਬਦਤਰ ਹਾਲਤ ਵਿੱਚ ਰੱਖਿਆ ਹੋਇਆ ਹੈ। ਹੁਣ ਅਜਿਹਾ ਨਹੀਂ ਹੋਵੇਗਾ। ਚੰਨੀ ਸਾਬ, ਪੰਜਾਬ ਦੇ ਬੱਚਿਆਂ ਨੂੰ ਅਸੀਂ ਲੋਕ ਦਿੱਲੀ ਜਿਹੀ ਸ਼ਾਨਦਾਰ ਸਿੱਖਿਆ ਦੇਵਾਂਗੇ।’’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Bharat Thapa

Content Editor

Related News