ਨਗਰ ਨਿਗਮ ਦੇ ਅਧਿਕਾਰੀਆਂ ਦੀ ਚਲਾਕੀ, ਜਿਥੇ-ਜਿਥੇ CM ਨੇ ਜਾਣਾ ਸੀ, ਉਨ੍ਹਾਂ ਸੜਕਾਂ ਨੂੰ ਚਮਕਾ ਦਿੱਤਾ
Tuesday, Jun 20, 2023 - 01:04 PM (IST)
ਜਲੰਧਰ (ਖੁਰਾਣਾ) : ਸਾਡੇ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਕਾਫੀ ਚਲਾਕ ਹਨ ਅਤੇ ਵੱਡੇ ਤੋਂ ਵੱਡੇ ਵੀ. ਆਈ. ਪੀ. ਦੀਆਂ ਅੱਖਾਂ ’ਚ ਘੱਟਾ ਪਾ ਹੀ ਜਾਂਦੇ ਹਨ। ਇਸਦੀ ਤਾਜ਼ਾ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਨਗਰ ਨਿਗਮ ਦੇ ਸੈਨੀਟੇਸ਼ਨ ਸਟਾਫ ਨੇ ਉਨ੍ਹਾਂ ਸੜਕਾਂ ਨੂੰ ਤਾਂ ਚਮਕਾ ਦਿੱਤਾ, ਜਿਥੇ-ਜਿਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਾ ਸੀ ਪਰ ਜਿਥੇ ਸੀ. ਐੱਮ. ਦੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ, ਉਥੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਫਾਈ ਹੀ ਨਹੀਂ ਕਰਵਾਈ ਅਤੇ ਉਥੇ ਸੜਕਾਂ ’ਤੇ ਸਾਰਾ ਦਿਨ ਕੂੜਾ ਖਿੱਲਰਿਆ ਰਿਹਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਸੋਮਵਾਰ ਸ਼ਾਮੀਂ ਮਕਸੂਦਾਂ ਚੌਕ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਾ ਆਉਣਾ ਸੀ। ਪੀ. ਏ. ਪੀ. ਚੌਕ ਤੋਂ ਲੈ ਕੇ ਮਕਸੂਦਾਂ ਚੌਕ ਤਕ ਪੂਰੇ ਮਾਰਗ ਨੂੰ ਨਗਰ ਨਿਗਮ ਨੇ ਚਮਕਾ ਕੇ ਰੱਖਿਆ ਹੋਇਆ ਸੀ ਅਤੇ ਉਥੇ ਆਸ-ਪਾਸ ਕਿਤੇ ਕੂੜਾ ਦਿਖਾਈ ਨਹੀਂ ਦੇ ਰਿਹਾ ਸੀ। ਨਿਗਮ ਦੀ ਇਹ ਵਿਸ਼ੇਸ਼ ਸਫਾਈ ਮੁਹਿੰਮ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ ਅਤੇ ਦਿਨ-ਰਾਤ ਕੰਮ ਹੋ ਰਿਹਾ ਸੀ। ਚਾਹੀਦਾ ਤਾਂ ਇਹ ਸੀ ਕਿ ਮੁੱਖ ਮੰਤਰੀ ਦੀ ਆਮਦ ਕਾਰਨ ਪੂਰੇ ਸ਼ਹਿਰ ਨੂੰ ਕੂੜਾ ਮੁਕਤ ਬਣਾਇਆ ਜਾਂਦਾ ਪਰ ਅਜਿਹਾ ਨਹੀਂ ਕੀਤਾ ਗਿਆ। ਉੱਤਰੀ ਿਵਧਾਨ ਸਭਾ ਹਲਕੇ ਵਿਚ ਪੈਂਦੇ ਦੋਮੋਰੀਆ ਪੁਲ ਫਲਾਈਓਵਰ ਦੇ ਉੱਪਰ ਅੱਜ ਕੂੜੇ ਦੇ ਢੇਰ ਲੱਗੇ ਦੇਖੇ ਗਏ, ਜਿਥੇ ਨਿਗਮ ਨੇ ਕੋਈ ਸਫਾਈ ਵਗੈਰਾ ਨਹੀਂ ਕਰਵਾਈ। ਨਾਲ ਲੱਗਦੀ ਇਕਹਿਰੀ ਪੁਲੀ ਵਿਚ ਵੀ ਗੰਦੇ ਪਾਣੀ ਦੇ ਉੱਪਰ ਕੂੜਾ ਤੈਰਦਾ ਦੇਖਿਆ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਨਗਰ ਨਿਗਮ ਦੇ ਕਰਮਚਾਰੀ ਹੀ ਆ ਕੇ ਫਲਾਈਓਵਰ ਦੇ ਉੱਪਰ ਅਤੇ ਰੇਲਵੇ ਦੀ ਜ਼ਮੀਨ ’ਤੇ ਕੂੜਾ ਸੁੱਟ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਨਗਰ ਨਿਗਮ ਤੋਂ ਇਕਹਿਰੀ ਪੁਲੀ ਦੀ ਸਮੱਸਿਆ ਦਾ ਵੀ ਕੋਈ ਹੱਲ ਨਹੀਂ ਨਿਕਲ ਪਾ ਰਿਹਾ।
ਇਹ ਵੀ ਪੜ੍ਹੋ : ਬਿਜਲੀ ਦਾ ਬਿੱਲ ਅਪਡੇਟ ਨਾ ਹੋਣ ਦਾ ਝਾਂਸਾ ਦੇ ਕੇ ਕ੍ਰੈਡਿਟ ਕਾਰਡ ਦੀ ਮੰਗੀ ਡਿਟੇਲ, ਫਿਰ ਖਾਤੇ ’ਚੋਂ ਕੱਢੇ 51000 ਰੁਪਏ
ਵਾਰਡਾਂ ’ਚ ਹੈ ਸਫਾਈ ਕਰਮਚਾਰੀਆਂ ਦੀ ਬਾਂਦਰ-ਵੰਡ
ਨਗਰ ਨਿਗਮ ਕੋਲ 1800 ਤੋਂ ਵੱਧ ਸਫਾਈ ਕਰਮਚਾਰੀ ਹਨ ਅਤੇ ਮਸ਼ੀਨਰੀ ਦੀ ਵੀ ਕੋਈ ਕਮੀ ਨਹੀਂ ਹੈ ਪਰ ਇਸਦੇ ਬਾਵਜੂਦ ਸ਼ਹਿਰ ਵਿਚ ਸਹੀ ਢੰਗ ਨਾਲ ਸਫਾਈ ਨਹੀਂ ਹੋ ਪਾ ਰਹੀ। ਇਸਦਾ ਕਾਰਨ ਇਹ ਮੰਨਿਆ ਜਾ ਿਰਹਾ ਹੈ ਕਿ ਕਿਸੇ ਵਾਰਡ ਵਿਚ ਸਫਾਈ ਕਰਮਚਾਰੀ ਲੋੜ ਤੋਂ ਜ਼ਿਆਦਾ ਹਨ ਤੇ ਕਿਤੇ ਉਨ੍ਹਾਂ ਦੀ ਗਿਣਤੀ ਨਾਂਹ ਦੇ ਬਰਾਬਰ ਹੈ ਪਰ ਨਿਗਮ ਪ੍ਰਸ਼ਾਸਨ ਦਾ ਧਿਆਨ ਇਸ ਪਾਸੇ ਨਹੀਂ ਹੈ ਕਿ ਸਾਰੇ ਵਾਰਡਾਂ ਵਿਚ ਸਫਾਈ ਕਰਮਚਾਰੀਆਂ ਦੀ ਸਹੀ ਢੰਗ ਨਾਲ ਵੰਡ ਕੀਤੀ ਜਾਵੇ। ਪਿਛਲੀ ਕਾਂਗਰਸ ਸਰਕਾਰ ਤੋਂ ਵੀ ਇਹ ਕੰਮ 5 ਸਾਲ ਨਹੀਂ ਹੋ ਸਕਿਆ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਇਸ ਪਾਸੇ ਕੋਈ ਧਿਆਨ ਨਹੀਂ ਹੈ।
ਇਹ ਵੀ ਪੜ੍ਹੋ : 8.49 ਕਰੋੜ ਲੁੱਟ ਦਾ ਮਾਮਲਾ : ਮੋਨਾ ਨਹੀਂ ਮਨਜਿੰਦਰ ਸੀ ਅਸਲ ਮਾਸਟਰ ਮਾਈਂਡ, ਪੁਲਸ ਪੁੱਛਗਿਛ ’ਚ ਹੋਇਆ ਖੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।