ਸ੍ਰੀ ਮਣੀਕਰਨ ਸਾਹਿਬ ਗੁਰਦੁਆਰੇ ''ਚ ਮੱਥਾ ਟੇਕ ਲੈਂਦੇ ਤਾਂ ਨਾ ਹੁੰਦਾ ਹਾਦਸਾ

Wednesday, Nov 22, 2017 - 07:14 AM (IST)

ਸ੍ਰੀ ਮਣੀਕਰਨ ਸਾਹਿਬ ਗੁਰਦੁਆਰੇ ''ਚ ਮੱਥਾ ਟੇਕ ਲੈਂਦੇ ਤਾਂ ਨਾ ਹੁੰਦਾ ਹਾਦਸਾ

ਜਲੰਧਰ, (ਜ.ਬ.)- ਸ੍ਰੀ ਮਣੀਕਰਨ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆਉਂਦੇ ਸਮੇਂ ਵਾਪਰੇ ਇਕ ਹਾਦਸੇ ਦੌਰਾਨ ਮ੍ਰਿਤਕ ਸਰਬਜੋਤ ਸਿੰਘ ਉਰਫ ਸਰਵ ਦੀ ਮ੍ਰਿਤਕ ਦੇਹ ਮੰਗਲਵਾਰ ਰਾਤ ਗੀਤਾ ਮੰਦਰ, ਆਦਰਸ਼ ਨਗਰ ਨੇੜੇ ਸਥਿਤ ਉਸ ਦੇ ਨਿਵਾਸ ਵਿਖੇ ਲਿਆਂਦੀ ਗਈ। ਸਰਵ ਦੀ ਮ੍ਰਿਤਕ ਦੇਹ ਵੇਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਘਟਨਾ ਦੀ ਸੂਚਨਾ ਪਿੱਛੋਂ ਲਗਾਤਾਰ ਆਪਣੇ ਪੁੱਤਰ ਦੀ ਲੰਮੀ ਉਮਰ ਲਈ ਪਾਠ ਕਰ ਰਹੀ ਹਰਬੰਸ ਕੌਰ ਵੀ ਗੁੰਮਸੁਮ ਹੋ ਗਈ। ਵਾਰ-ਵਾਰ ਬੇਹੋਸ਼ ਹੋ ਰਹੀ ਸਰਵ ਦੀ ਮਾਂ ਦੀ ਹਾਲਤ ਨੂੰ ਵੇਖਦਿਆਂ ਪਰਿਵਾਰਕ ਮੈਂਬਰਾਂ ਨੇ ਡਾਕਟਰ ਨੂੰ ਸੱਦਿਆ।
ਸਰਵ ਦੀ ਮ੍ਰਿਤਕ ਦੇਹ ਦੇ ਜਲੰਧਰ ਪਹੁੰਚਣ ਦੀ ਖਬਰ ਮਿਲਦਿਆਂ ਹੀ ਉਸ ਦੇ ਦੋਸਤ, ਰਿਸ਼ਤੇਦਾਰ ਅਤੇ ਹੋਰ ਜਾਣੂ ਉਸ ਦੇ ਘਰ ਪਹੁੰਚੇ। ਪਰਿਵਾਰ ਦੇ ਨੇੜਲੇ ਇਕ ਰਿਸ਼ਤੇਦਾਰ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਸਰਵ ਦੀ ਮੌਤ ਬਾਰੇ ਤਾਂ ਕੱਲ ਹੀ ਸਪੱਸ਼ਟ ਹੋ ਗਿਆ ਸੀ ਪਰ ਉਸ ਦੀ ਮਾਂ ਨੂੰ ਕੁਝ ਨਹੀਂ ਦੱਸਿਆ ਗਿਆ ਸੀ। ਅੱਜ ਦਿਨ ਵੇਲੇ ਵਾਰ-ਵਾਰ ਹਰਬੰਸ ਕੌਰ ਵਲੋਂ ਪੁੱਛਿਆ ਗਿਆ ਪਰ ਉਸ ਨੂੰ ਇਹੀ ਦੱਸਿਆ ਗਿਆ ਕਿ ਸਰਵ ਨੂੰ ਸੱਟ ਲੱਗੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿਉਂਕਿ ਸਭ ਨੂੰ ਪਤਾ ਸੀ ਕਿ ਸ਼ਾਮ ਵੇਲੇ ਸਰਵ ਦੀ ਮ੍ਰਿਤਕ ਦੇਹ ਜਲੰਧਰ ਪਹੁੰਚ ਜਾਏਗੀ, ਇਸ ਲਈ ਹਰਬੰਸ ਕੌਰ ਨੂੰ ਵਾਰ-ਵਾਰ ਇਹੀ ਦੱਸਿਆ ਜਾਂਦਾ ਰਿਹਾ ਕਿ ਉਨ੍ਹਾਂ ਦਾ ਬੇਟਾ ਸਰਵ ਜ਼ਖ਼ਮੀ ਹੈ ਅਤੇ ਉਸ ਦਾ ਆਪ੍ਰੇਸ਼ਨ ਚੱਲ ਰਿਹਾ ਹੈ। 

PunjabKesari
ਮੰਗਲਵਾਰ ਰਾਤ ਪੈਣ 'ਤੇ ਹੀ ਹਰਬੰਸ ਕੌਰ ਨੂੰ ਦੱਸਿਆ ਗਿਆ ਕਿ ਸਰਵ ਹੁਣ ਇਸ ਦੁਨੀਆ ਵਿਚ ਨਹੀਂ ਹੈ। ਭਰੇ ਗਲੇ ਨਾਲ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਹਰਬੰਸ ਕੌਰ ਨੂੰ ਇਹ ਦੱਸਿਆ ਜਾਂਦਾ ਸੀ ਕਿ ਸਰਵ ਦਾ ਹਸਪਤਾਲ ਵਿਚ ਆਪ੍ਰੇਸ਼ਨ ਹੋ ਰਿਹਾ ਹੈ ਤਾਂ ਉਹ ਆਪਣੇ ਪੁੱਤਰ ਦੀ ਲੰਮੀ ਉਮਰ ਲਈ ਪਾਠ ਕਰਨ ਲੱਗ ਪੈਂਦੀ ਸੀ।
ਨਹੀਂ ਮਿਲਿਆ ਗੁਰਕੀਰਤ, ਕਾਰ ਵੀ ਨਹੀਂ ਲੱਭੀ- ਹਾਦਸੇ ਦਾ ਸ਼ਿਕਾਰ ਕਾਰ ਵਿਚ ਸਵਾਰ ਗੁਰਕੀਰਤ ਸਿੰਘ ਦਾ ਮੰਗਲਵਾਰ ਰਾਤ ਤੱਕ ਵੀ ਕੁਝ ਪਤਾ ਨਹੀਂ ਲੱਗਾ ਸੀ । ਉਸਦੇ ਪਿਤਾ ਜਗਦੇਵ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰ ਮੌਕੇ ਵਾਲੀ ਥਾਂ 'ਤੇ ਹੀ ਹਨ। ਗੋਤਾਖੋਰਾਂ ਨੇ ਗੁਰਕੀਰਤ ਦੀ ਭਾਲ ਲਈ ਕਾਫੀ ਦੇਰ ਸਰਚ ਕੀਤੀ ਪਰ ਦੱਸਿਆ ਜਾਂਦਾ ਹੈ ਕਿ ਉਥੇ ਪਾਣੀ ਬਹੁਤ ਡੂੰਘਾ ਤੇ ਠੰਡਾ ਹੋਣ ਕਾਰਨ ਗੋਤਾਖੋਰ ਵੀ ਵਧੇਰੇ ਸਮੇਂ ਤੱਕ ਸਰਚ ਕਰਨ ਵਿਚ ਅਸਮਰਥ ਰਹੇ। ਜ਼ਿਲਾ ਪ੍ਰਸ਼ਾਸਨ ਵਲੋਂ ਬੁੱਧਵਾਰ ਸਵੇਰੇ ਇਕ ਪ੍ਰੋਫੈਸ਼ਨਲ ਟੀਮ ਸੱਦੀ ਗਈ ਹੈ। ਸੰਭਵ ਹੈ ਕਿ ਬੁੱਧਵਾਰ ਕਾਰ ਵੀ ਕੱਢ ਲਈ ਜਾਵੇਗੀ।
ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿਚ ਸਵਾਰ ਸਤਿਅਮ ਕਸ਼ਯਪ, ਜਸਬੀਰ ਬੋਪਾਰਾਏ ਵੀ ਸਰਵ ਦੀ ਮ੍ਰਿਤਕ ਦੇ ਨਾਲ ਹੀ ਜਲੰਧਰ ਪਹੁੰਚੇ। ਸਤਿਅਮ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਸ ਨੇ ਕਿਹਾ ਕਿ ਸਰਬਜੋਤ ਉਸ ਤੋਂ 2 ਸਾਲ ਵੱਡਾ ਸੀ। ਮੈਨੂੰ ਉਹ ਹਮੇਸ਼ਾ ਛੋਟੇ ਭਰਾ ਵਾਂਗ ਮੰਨਦਾ ਸੀ। ਮੈਂ ਪਹਿਲੀ ਵਾਰ ਆਪਣੇ ਦੋਸਤਾਂ ਨਾਲ ਘੁੰਮਣ ਲਈ ਗਿਆ ਸੀ। ਅਸੀਂ ਸਾਰੇ ਸ੍ਰੀ ਮਣੀਕਰਨ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸੀ। ਉਨ੍ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੱਥਾ ਨਹੀਂ ਟੇਕਿਆ। ਬਾਹਰ ਤੋਂ ਹੀ ਮੱਥਾ ਟੇਕ ਕੇ ਚਲੇ ਗਏ। ਭਰੇ ਗਲੇ ਨਾਲ ਸਤਿਅਮ ਨੇ ਕਿਹਾ ਕਿ ਜੇ ਗੁਰਦੁਆਰਾ ਮਣੀਕਰਨ ਸਾਹਿਬ ਵਿਖੇ ਅੰਦਰ ਜਾ ਕੇ ਮੱਥਾ ਟੇਕਿਆ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ।
ਹਾਦਸੇ ਸਬੰਧੀ ਸਤਿਅਮ ਨੇ ਦੱਸਿਆ ਕਿ ਅਸੀਂ ਲੱਗਭਗ 1.30 ਵਜੇ ਗੈਸਟ ਹਾਊਸ ਤੋਂ ਬਾਹਰ ਨਿਕਲੇ। ਅਸੀਂ ਸਾਰਿਆਂ ਨੇ ਉਸੇ ਸਮੇਂ ਹੀ ਜਲੰਧਰ ਲਈ ਵਾਪਸ ਚਲ ਪੈਣਾ ਸੀ ਪਰ ਬਰਫਬਾਰੀ ਦੀਆਂ ਤਸਵੀਰਾਂ ਖਿੱਚਣ ਲਈ ਉਥੋਂ ਉਚਾਈ 'ਤੇ ਸਥਿਤ ਜਾਣ ਲਈ ਰਵਾਨਾ ਹੋਏ। ਕੁਝ ਮਿੰਟ ਬਾਅਦ ਹਾਦਸਾ ਵਾਪਰ ਗਿਆ। ਸਤਿਅਮ ਨੇ ਦੱਸਿਆ ਕਿ ਗੁਰਕੀਰਤ ਕਾਰ ਚਲਾ ਰਿਹਾ ਸੀ ਅਤੇ ਸਰਬਜੋਤ ਕਾਰ ਦੀ ਅਗਲੀ ਸੀਟ 'ਤੇ ਬੈਠਾ ਸੀ। ਉਹ, ਰਾਮ ਅਤੇ ਮਾਧਵ ਤਿੰਨੋਂ ਪਿਛਲੀ ਸੀਟ 'ਤੇ ਬੈਠੇ ਸਨ। ਅਚਾਨਕ ਇਕ ਮੋੜ ਆ ਜਾਣ 'ਤੇ ਕਾਰ ਬੇਕਾਬੂ ਹੋ ਗਈ ਅਤੇ ਖੱਡ ਦੇ ਨੇੜੇ ਇਕ ਬੈਰੀਅਰ ਨਾਲ ਟਕਰਾ ਗਈ। ਕੁਝ ਸੈਕਿੰਡ ਬਾਅਦ ਬੈਰੀਅਰ ਡਿੱਗ ਪਿਆ ਅਤੇ ਕਾਰ ਸਿੱਧੀ ਹੇਠਾਂ ਜਾ ਡਿੱਗੀ। ਸਤਿਅਮ ਨੇ ਦੱਸਿਆ ਕਿ ਜਿਥੋਂ ਤੱਕ ਉਸ ਨੂੰ ਯਾਦ ਹੈ ਕਿ ਕਾਰ ਪੁੱਠੀ ਹੋ ਗਈ। ਉਸ ਦੇ ਟਾਇਰ ਉਪਰ ਵਲ ਸਨ। ਰਾਮ ਕਾਰ ਵਿਚੋਂ ਨਿਕਲਿਆ ਅਤੇ ਉਸਨੇ ਹੱਥ ਪੈਰ ਮਾਰਦਿਆਂ ਇਕ ਪੱਥਰ ਨੂੰ ਫੜ ਲਿਆ। ਇਸ ਨੇ ਮੈਨੂੰ ਵੀ ਖਿੱਚ ਲਿਆ। ਮੈਨੂੰ ਨਹੀਂ ਪਤਾ ਕਿ ਕੌਣ-ਕੌਣ ਕਾਰ ਵਿਚੋਂ ਕਿਵੇਂ ਨਿਕਲਿਆ। ਸਤਿਅਮ ਨੇ ਦੱਸਿਆ ਕਿ ਜਸਬੀਰ ਵੀ ਉਸ ਦੇ ਨਾਲ ਹੀ ਜਲੰਧਰ ਆਇਆ।


Related News