''ਜਗ ਬਾਣੀ'' ਦੀ ਖ਼ਬਰ ਦਾ ਅਸਰ, ਗੂੜ੍ਹੀ ਨੀਂਦ ''ਚੋਂ ਜਾਗਿਆ ਪ੍ਰਸ਼ਾਸਨ

Wednesday, Sep 11, 2024 - 03:55 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੇ ਦਿਨ 'ਜਗ ਬਾਣੀ' ਵੱਲੋਂ ਇੱਥੇ ਬਲਿਆਲ ਰੋਡ 'ਤੇ ਸਥਿਤ ਪੰਜਾਬ ਮੰਡੀ ਬੋਰਡ ਦੇ ਸੀਵਰੇਜ ਡਿਸਪੋਜ਼ਲ ਪਲਾਂਟ ਵਿਚੋਂ ਫੈਲ ਰਹੀ ਗੰਦੀ ਬਦਬੂ ਦਾ ਮੁੱਦਾ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਜਿਸ ਮਗਰੋਂ ਪ੍ਰਸ਼ਾਸਨ ਦੀ ਨੀਂਦ ਖੁੱਲੀ ਤੇ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੌਕਾ ਦੇਖਦੇ ਹੋਏ ਲੋਕ ਹਿੱਤ ਵਿਚ ਤੁਰੰਤ ਇਸ ਸਮੱਸਿਆ ਦੇ ਢੁੱਕਵੇਂ ਹੱਲ ਦੇ ਆਦੇਸ਼ ਦਿੱਤੇ ਹਨ। ਡੀ.ਸੀ ਦੇ ਆਦੇਸ਼ਾਂ 'ਤੇ ਬੁੱਧਵਾਰ ਨੂੰ ਮੰਡੀ ਬੋਰਡ ਦੇ ਐਕਸੀਅਨ ਪੁਨੀਤ ਸ਼ਰਮਾ ਦੀ ਅਗਵਾਈ ਹੇਠ ਮੰਡੀ ਬੋਰਡ ਦੇ ਐੱਸ.ਡੀ.ਓ ਨੇ ਹੋਰਨਾਂ ਅਧਿਕਾਰੀਆਂ ਸਮੇਤ ਸੀਵਰੇਜ ਡਿਸਪੋਜ਼ਲ ਪਲਾਂਟ ਦੀ ਸਥਿਤੀ ਦਾ ਜਾਇਜ਼ਾ ਲਿਆ ਜਿਸ ਦੌਰਾਨ ਲੋਕਾਂ ਨੇ ਦੱਸਿਆ ਕਿ ਬਦਬੂ ਫੈਲਣ ਕਾਰਨ ਆਲੇ ਦੁਆਲੇ ਰਹਿੰਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਇਸ ਸਬੰਧੀ ਐਕਸੀਅਨ ਮੰਡੀ ਬੋਰਡ ਪੁਨੀਤ ਸ਼ਰਮਾ ਨੇ ਦੱਸਿਆ ਕਿ ਅਗਲੇ ਇਕ ਹਫ਼ਤੇ ਦੇ ਅੰਦਰ-ਅੰਦਰ ਸੀਵਰੇਜ ਦੇ ਪਾਣੀ ਵਾਲੇ ਖੂਹ ਦੀਆਂ ਕੰਧਾਂ ਨੂੰ ਉੱਚਾ ਚੁੱਕ ਕੇ ਉਸਨੂੰ ਲੋਹੇ ਦੇ ਢੱਕਣ ਨਾਲ ਕਵਰ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਵਰ ਵਿਚ ਚਾਰ ਤੋਂ ਪੰਜ ਇੰਚ ਚੌੜੀ ਤੇ 10 ਤੋਂ 15 ਫੁੱਟ ਉੱਚੀ ਗੈਸ ਪਾਈਪ ਬਣਾਈ ਜਾਵੇਗੀ ਜਿਸ ਨਾਲ ਗੈਸ ਹੇਠਾਂ ਨਹੀਂ ਫੈਲੇਗੀ। ਇਸ ਮੌਕੇ ਅਨਾਜ ਮੰਡੀ ਦੇ ਪ੍ਰਧਾਨ ਤੋਂ ਇਲਾਵਾ ਜੂਨੀਅਰ ਇੰਜੀਨੀਅਰ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਵੀ ਮੌਜੂਦ ਸਨ।


Gurminder Singh

Content Editor

Related News