ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਨੂੰ ਮੁੜ ਤਿਹਾੜ ਜੇਲ੍ਹ ਭੇਜਿਆ

Sunday, Jun 07, 2026 - 11:28 AM (IST)

ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਨੂੰ ਮੁੜ ਤਿਹਾੜ ਜੇਲ੍ਹ ਭੇਜਿਆ

ਚੰਡੀਗੜ੍ਹ (ਸੁਸ਼ੀਲ) : ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮੁਲਜ਼ਮ ਸੌਰਵ ਬਿਸਵਾਸ ਨੂੰ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਵਾਪਸ ਤਿਹਾੜ ਜੇਲ ਭੇਜ ਦਿੱਤਾ ਹੈ। ਚੰਡੀਗੜ੍ਹ ਪੁਲਸ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ ਅਤੇ ਇਕ ਦਿਨ ਦੇ ਰਿਮਾਂਡ ਦੌਰਾਨ ਡੂੰਘਾਈ ਨਾਲ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਜਾਂਚ ਦੌਰਾਨ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। 
ਪੁਲਸ ਅਨੁਸਾਰ ਪੱਛਮੀ ਬੰਗਾਲ ਦੇ ਨਾਰਥ 24 ਪਰਗਨਾ ਜ਼ਿਲ੍ਹੇ ਦੇ ਪੱਲੀ ਬਾਜ਼ਾਰ, ਗੋਬਿੰਦ ਪੱਲੀ ਦਾ ਰਹਿਣ ਵਾਲਾ ਸੌਰਵ ਬਿਸਵਾਸ ਈ-ਮੇਲ ਆਈ. ਡੀ. ਸਸਤੇ ਭਾਅ ’ਤੇ ਖ਼ਰੀਦਦਾ ਸੀ ਅਤੇ ਬਾਅਦ ਵਿਚ ਵੱਧ ਕੀਮਤ ’ਤੇ ਵੇਚ ਦਿੰਦਾ ਸੀ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਵੱਖ-ਵੱਖ ਆਨਲਾਈਨ ਮਾਧਿਅਮਾਂ ਦੀ ਵਰਤੋਂ ਕਰ ਕੇ ਈ-ਮੇਲ ਖਾਤਿਆਂ ਦਾ ਕਾਰੋਬਾਰ ਕਰਦਾ ਸੀ। ਰਿਮਾਂਡ ਦੌਰਾਨ ਪੁਲਸ ਨੇ ਮੁਲਜ਼ਮ ਦੇ ਮੋਬਾਇਲ ਫ਼ੋਨ, ਲੈਪਟਾਪ ਅਤੇ ਹੋਰ ਡਿਜੀਟਲ ਉਪਕਰਨਾਂ ਦੀ ਜਾਂਚ ਕੀਤੀ।

ਸਾਈਬਰ ਮਾਹਿਰ ਇਹ ਪਤਾ ਲਾਉਣ ਵਿਚ ਲੱਗੇ ਹੋਏ ਹਨ ਕਿ ਧਮਕੀ ਭਰੀਆਂ ਈ-ਮੇਲਾਂ ਕਿਨ੍ਹਾਂ ਮਾਧਿਅਮਾਂ ਰਾਹੀਂ ਭੇਜੀਆਂ ਗਈਆਂ ਸਨ ਅਤੇ ਕੀ ਇਸ ਦੇ ਪਿੱਛੇ ਕੋਈ ਵੱਡਾ ਨੈੱਟਵਰਕ ਸਰਗਰਮ ਹੈ। ਮੁਲਜ਼ਮ ਨੂੰ ਗੁਜਰਾਤ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਪਹਿਲਾਂ ਦਿੱਲੀ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਗਈ। ਉਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਵੀ ਉਸ ਨੂੰ ਇਕ ਦਿਨ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ। ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੁਣ ਮੁਲਜ਼ਮ ਨੂੰ ਵਾਪਸ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ।
 


author

Babita

Content Editor

Related News