ਫ਼ਰਜ਼ੀ ਏਜੰਟ ਬਣੇ ਪਿਓ-ਧੀ ਦਾ ਕਾਰਾ, ਨੌਜਵਾਨ ਨੂੰ ਬਿਨਾਂ ਵੀਜ਼ੇ ਦੇ ਭੇਜ ਦਿੱਤਾ ਮਲੇਸ਼ੀਆ, ਕੱਟਣੀ ਪਈ ਜੇਲ੍ਹ

Monday, Aug 26, 2024 - 05:40 AM (IST)

ਫ਼ਰਜ਼ੀ ਏਜੰਟ ਬਣੇ ਪਿਓ-ਧੀ ਦਾ ਕਾਰਾ, ਨੌਜਵਾਨ ਨੂੰ ਬਿਨਾਂ ਵੀਜ਼ੇ ਦੇ ਭੇਜ ਦਿੱਤਾ ਮਲੇਸ਼ੀਆ, ਕੱਟਣੀ ਪਈ ਜੇਲ੍ਹ

ਜਲੰਧਰ (ਵਰੁਣ)- ਮੁਹੱਲਾ ਕੋਟ ਕਿਸ਼ਨ ਚੰਦ ਦੇ ਰਹਿਣ ਵਾਲੇ ਫਰਜ਼ੀ ਏਜੰਟ ਪਿਓ-ਧੀ ਕਾਰਨ ਇਕ ਨੌਜਵਾਨ ਨੂੰ ਤਿੰਨ ਮਹੀਨੇ ਤੱਕ ਮਲੇਸ਼ੀਆ ਦੀ ਜੇਲ੍ਹ ਵਿਚ ਰਹਿਣਾ ਪਿਆ ਹੈ। ਦੋਸ਼ੀਆਂ ਨੇ ਨੌਜਵਾਨ ਨੂੰ ਬਿਨਾਂ ਵੀਜ਼ਾ ਦੇ ਥਾਈਲੈਂਡ ਤੋਂ ਮਲੇਸ਼ੀਆ ਭੇਜ ਦਿੱਤਾ ਸੀ, ਜਿਥੇ ਉਸ ਨੂੰ ਪੁਲਸ ਨੇ ਫੜ ਲਿਆ। ਬਰੀ ਹੋਣ ਤੋਂ ਬਾਅਦ ਪੀੜਤ ਦਾ ਰਿਸ਼ਤੇਦਾਰੀ ਵਿਚ ਭਰਾ ਲੱਗਦਾ ਨੌਜਵਾਨ ਉਸ ਨੂੰ ਲੈ ਕੇ ਭਾਰਤ ਵਾਪਸ ਪਹੁੰਚਿਆ। ਥਾਣਾ ਨੰ. 8 ਵਿਚ ਫਰਜ਼ੀ ਏਜੰਟ ਸ਼ਿਵ ਕੁਮਾਰ ਵਾਸੀ ਮੁਹੱਲਾ ਕੋਟ ਕਿਸ਼ਨ ਚੰਦ ਅਤੇ ਉਸ ਦੀ ਧੀ ਜਯੋਤੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਹਰਭਜਨ ਸਿੰਘ ਸੰਧੂ ਪੁੱਤਰ ਅਮਰ ਚੰਦ ਵਾਸੀ ਨਿਊ ਸੰਤੋਖਪੁਰਾ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਵਿਕਾਸ ਨੂੰ ਮਲੇਸ਼ੀਆ 'ਚ ਵਰਕ ਪਰਮਿਟ ’ਤੇ ਭੇਜਣ ਲਈ ਏਜੰਟ ਸ਼ਿਵ ਕੁਮਾਰ ਨਾਲ ਗੱਲ ਕੀਤੀ ਸੀ। ਸ਼ਿਵ ਕੁਮਾਰ ਨੇ ਮਲੇਸ਼ੀਆ ਵਰਕ ਪਰਮਿਟ ’ਤੇ ਭੇਜਣ ਲਈ ਉਨ੍ਹਾਂ ਤੋਂ ਇਕ ਲੱਖ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਉਨ੍ਹਾਂ ਅਪ੍ਰੈਲ 2023 ਨੂੰ ਇਕ ਲੱਖ ਰੁਪਏ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਏਜੰਟਾਂ ਨੂੰ ਦੇ ਦਿੱਤੇ।

ਇਹ ਵੀ ਪੜ੍ਹੋ- ਗ਼ਲਤੀ ਲਈ ਝਿੜਕਿਆ ਤਾਂ ਦਿਲ 'ਚ ਰੱਖੀ ਖ਼ਾਰ, ਨੌਕਰ ਨੇ ਸੁੱਤੇ ਪਏ ਮਾਲਕ ਦੇ ਸਿਰ 'ਚ ਬਾਲਾ ਮਾਰ ਕੀਤਾ ਕਤਲ

22 ਅਪ੍ਰੈਲ 2023 ਨੂੰ ਵਿਕਾਸ ਨੂੰ ਉਹ ਥਾਈਲੈਂਡ ਲੈ ਗਏ। ਥਾਈਲੈਂਡ ਲਿਜਾ ਕੇ ਉਨ੍ਹਾਂ ਵਿਕਾਸ ਨੂੰ ਇਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਉਸ ਨਾਲ ਕੁੱਟਮਾਰ ਕਰਨ ਲੱਗੇ। ਵਿਕਾਸ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਨੂੰ ਮਲੇਸ਼ੀਆ ਭੇਜਣ ਦੀ ਗੱਲ ਕਹੀ ਤਾਂ ਉਨ੍ਹਾਂ ਨੇ 74,000 ਰੁਪਏ ਹੋਰ ਮੰਗੇ। ਵਿਕਾਸ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਹੋਣੀ ਵੀ ਬੰਦ ਹੋ ਗਈ।

ਹਰਭਜਨ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ 74,000 ਰੁਪਏ ਉਨ੍ਹਾਂ ਦੇ ਦੱਸੇ ਹੋਏ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਉਸ ਤੋਂ ਬਾਅਦ ਜਾ ਕੇ ਉਹ ਵਿਕਾਸ ਨੂੰ ਮਲੇਸ਼ੀਆ ਲੈ ਗਏ, ਜਿਥੇ ਉਸ ਨੂੰ ਪੁਲਸ ਨੇ ਫੜ ਲਿਆ। ਫਿਰ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਕਾਸ ਨੂੰ ਬਿਨਾਂ ਵੀਜ਼ਾ ਦੇ ਹੀ ਉਕਤ ਦੋਸ਼ੀਆਂ ਨੇ ਮਲੇਸ਼ੀਆ ਭੇਜ ਦਿੱਤਾ ਸੀ। 16 ਦਸੰਬਰ 2023 ਨੂੰ ਹਰਭਜਨ ਸਿੰਘ ਨੇ ਆਪਣੇ ਭਾਣਜੇ ਵਿਕਰਮਜੀਤ ਸਿੰਘ ਨੂੰ ਮਲੇਸ਼ੀਆ ਭੇਜਿਆ, ਜਿਥੇ ਜਾ ਕੇ ਪਤਾ ਲੱਗਾ ਕਿ ਵਿਕਾਸ 18 ਜਨਵਰੀ 2024 ਨੂੰ ਬਰੀ ਹੋ ਗਿਆ ਹੈ। ਇੰਨਾ ਸਮਾਂ ਵਿਕਰਮਜੀਤ ਸਿੰਘ ਵੀ ਉਥੇ ਹੀ ਰਿਹਾ ਅਤੇ ਜਦੋਂ ਉਹ ਬਰੀ ਹੋਇਆ ਤਾਂ ਵਿਕਰਮਜੀਤ ਸਿੰਘ ਅਤੇ ਵਿਕਾਸ ਵਾਪਸ ਭਾਰਤ ਪਰਤੇ।

ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'

ਵਾਪਸ ਆ ਕੇ ਜਦੋਂ ਉਨ੍ਹਾਂ ਏਜੰਟਾਂ ਤੋਂ ਆਪਣੇ ਪੈਸੇ ਮੰਗੇ ਤਾਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਅਤੇ ਉਲਟਾ ਧਮਕੀਆਂ ਦੇਣ ਲੱਗੇ। ਇਸ ਸਬੰਧੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਨੰ. 8 ਵਿਚ ਪਿਓ-ਧੀ ਸ਼ਿਵ ਕੁਮਾਰ ਅਤੇ ਜਯੋਤੀ ਨੂੰ ਨਾਮਜ਼ਦ ਕਰ ਲਿਆ ਗਿਆ। ਫਿਲਹਾਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News