ਸੋਸ਼ਲ ਮੀਡੀਆ ''ਤੇ ਪਾ ਦਿੱਤੀ ਰਾਈਫਲ ਨਾਲ ਫਾਇਰ ਕਰਨ ਦੀ ਵੀਡੀਓ, ਪਰਚਾ ਦਰਜ
Thursday, Sep 14, 2023 - 03:18 PM (IST)

ਮਾਛੀਵਾੜਾ ਸਾਹਿਬ (ਟੱਕਰ) : ਰਾਈਫਲ ਨਾਲ ਫਾਇਰ ਕਰਕੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਦੇ ਕਥਿਤ ਦੋਸ਼ ਹੇਠ ਮਾਛੀਵਾੜਾ ਪੁਲਸ ਨੇ ਨੇੜਲੇ ਪਿੰਡ ਤੱਖਰਾਂ ਦੇ ਵਾਸੀ ਰਾਜਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਤੱਖਰਾਂ ਪਿੰਡ ਦੇ ਵਾਸੀ ਰਾਜਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਆਈ. ਡੀ. ’ਤੇ ਅਸਲੇ ਦਾ ਪ੍ਰਚਾਰ ਕਰਦੇ ਹੋਏ ਹਥਿਆਰ ਨਾਲ ਇੱਕ ਵੀਡੀਓ ਪਾਈ ਹੋਈ ਹੈ, ਜਿਸ ਦਾ ਆਮ ਲੋਕਾਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਥਾਣਾ ਮੁਖੀ ਨੇ ਕਿਹਾ ਕਿ ਹਥਿਆਰਾਂ ਨਾਲ ਅਜਿਹੀਆਂ ਵੀਡੀਓ ਪਾਉਣ ਨਾਲ ਮਾਹੌਲ ਖ਼ਰਾਬ ਹੁੰਦਾ ਹੈ ਅਤੇ ਨਵੀਂ ਪੀੜ੍ਹੀ ’ਤੇ ਮਾੜਾ ਅਸਰ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਹਥਿਆਰਾਂ ਨਾਲ ਅਜਿਹੀ ਵੀਡੀਓ ਪਾਉਣੀ ਮਾਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਹੈ, ਜਿਸ ’ਤੇ ਪੁਲਸ ਨੇ ਰਾਜਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪਰਚਾ ਦਰਜ ਕਰਨ ਉਪਰੰਤ ਜਾਂਚ ਕੀਤੀ ਜਾਵੇਗੀ ਕਿ ਜਿਹੜੇ ਹਥਿਆਰਾਂ ਨਾਲ ਉਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾਈ ਹੈ, ਉਹ ਕਿਸਦੇ ਹਨ। ਇਸ ਸਬੰਧੀ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਥਾਣਾ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਥਿਆਰਾਂ ਸਮੇਤ ਸੋਸ਼ਲ ਮੀਡੀਆ ’ਤੇ ਕੋਈ ਵੀ ਵੀਡੀਓ ਅਪਲੋਡ ਨਾ ਕਰਨ ਅਤੇ ਜੇਕਰ ਕਿਸੇ ਨੇ ਉਲੰਘਣਾ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।