ਅਮਲੋਹ ਦੇ ਵਿਅਕਤੀ ਨੂੰ ਵਟਸਐਪ ''ਤੇ ਆਇਆ ਧਮਕੀ ਭਰਿਆ ਫੋਨ, ''ਤੇਰੀ 6 ਲੱਖ ਦੀ ਸੁਪਾਰੀ ਮਿਲੀ ਹੈ''

Thursday, Jul 28, 2022 - 02:52 PM (IST)

ਅਮਲੋਹ ਦੇ ਵਿਅਕਤੀ ਨੂੰ ਵਟਸਐਪ ''ਤੇ ਆਇਆ ਧਮਕੀ ਭਰਿਆ ਫੋਨ, ''ਤੇਰੀ 6 ਲੱਖ ਦੀ ਸੁਪਾਰੀ ਮਿਲੀ ਹੈ''

ਅਮਲੋਹ (ਵਿਪਨ) : ਅਮਲੋਹ ਸ਼ਹਿਰ ਦੇ ਵਾਰਡ ਨੰਬਰ-5 ਦੇ ਵਸਨੀਕ ਪ੍ਰਥਮ ਕੁਮਾਰ ਨੂੰ ਕਿਸੇ ਵਿਅਕਤੀ ਵੱਲੋਂ ਵਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਪ੍ਰਥਮ ਵੱਲੋਂ ਅਮਲੋਹ ਪੁਲਸ ਨੂੰ ਦਿੱਤੀ ਗਈ ਹੈ। ਇਸ ਬਾਰੇ ਦੱਸਦਿਆਂ ਪ੍ਰਥਮ ਨੇ ਕਿਹਾ ਕਿ ਫੋਨ ਕਰਨ ਵਾਲਾ ਵਿਅਕਤੀ ਕਹਿ ਰਿਹਾ ਸੀ ਕਿ ਮੈਂ ਚੰਡੀਗੜ੍ਹ ਤੋਂ ਗੱਲ ਕਰ ਰਿਹਾ ਹਾਂ। ਸਾਨੂੰ ਤੇਰੀ 6 ਲੱਖ ਦੀ ਸੁਪਾਰੀ ਮਿਲੀ ਹੈ ਅਤੇ ਅੱਜ ਤੇਰੀ ਡੇਟ ਲੇਟ ਹੋ ਗਈ ਹੈ ਅਤੇ ਸਵੇਰੇ 10 ਵਜੇ ਤੱਕ ਤੇਰਾ ਕੰਮ ਕਰ ਦੇਣਾ ਹੈ। ਪ੍ਰਥਮ ਨੇ ਦੱਸਿਆ ਕਿ ਵਿਅਕਤੀ ਕਹਿ ਰਿਹਾ ਸੀ ਕਿ ਜੇਕਰ ਤੂੰ ਸਾਨੂੰ 40 ਹਜ਼ਾਰ ਰੁਪਏ ਭੇਜ ਦਿੰਦਾ ਹੈ ਤਾਂ ਮੈਂ ਸੁਪਾਰੀ ਦੇਣ ਵਾਲੇ ਨੂੰ ਕਹਿ ਦੇਵਾਂਗਾ ਕਿ ਤੂੰ ਮੇਰੇ ਛੋਟੇ ਭਰਾ ਵਰਗਾ ਹੈ ਅਤੇ ਮੈਂ ਤੈਨੂੰ ਨਹੀਂ ਮਾਰਾਂਗਾ।

ਪ੍ਰਥਮ ਨੇ ਦੱਸਿਆ ਕਿ ਉਕਤ ਵਿਅਕਤੀ ਖ਼ੁਦ ਨੂੰ ਗੋਲਡੀ ਬਰਾੜ ਗਰੁੱਪ ਨਾਲ ਸਬੰਧਿਤ ਦੱਸ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਨੂੰ ਅਸੀਂ ਮਰਵਾਇਆ ਹੈ। ਉਸ ਨੇ ਕਿਹਾ ਕਿ ਮੇਰਾ ਨਾਮ ਜਗਮੋਹਨ ਹੈ ਅਤੇ ਬਿਕਰਮ ਵੱਲੋਂ ਤੇਰੀ ਸੁਪਾਰੀ ਦਿੱਤੀ ਗਈ ਹੈ। ਪ੍ਰਥਮ ਨੇ ਦੱਸਿਆ ਕਿ ਉਸ ਨੇ ਪੈਸੇ ਮੰਗਵਾਉਣ ਲਈ ਮੈਨੂੰ ਇਕ ਬੈਂਕ ਖ਼ਾਤਾ ਵੀ ਭੇਜਿਆ ਹੈ। ਉਸ ਨੇ ਕਿਹਾ ਕਿ ਪਹਿਲਾਂ ਕਦੇ ਉਸ ਨੂੰ ਅਜਿਹੇ ਫੋਨ ਨਹੀਂ ਆਏ। ਇਸ ਸਬੰਧੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪ੍ਰਥਮ ਅਤੇ ਉਸ ਦੇ ਪਰਿਵਾਰ ਦੀ ਮੰਗ ਹੈ ਕਿ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ।


author

Babita

Content Editor

Related News