ਖੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਨੇ ਤੋੜਿਆ ਦਮ, ਮਰਨ ਤੋਂ ਪਹਿਲਾਂ ਦੱਸਿਆ ਹੈਰਾਨ ਕਰਦਾ ਸੱਚ
Wednesday, May 13, 2020 - 07:34 PM (IST)
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਬੀਤੇ ਦਿਨ ਮੰਗਲਵਾਰ ਸ਼ਾਮ ਸਿਵਲ ਹਸਪਤਾਲ ਦੇ ਸਾਹਮਣੇ ਵਾਲੀ ਗਲੀ 'ਚ ਆਪਣੇ 'ਤੇ ਪੈਟਰੋਲ ਛਿੜਕ ਕੇ ਅੱਗ ਲਾਉਣ ਵਾਲੇ 80 ਫੀਸਦੀ ਝੁਲਸੇ ਕਰਮਚੰਦ ਦੀ ਅੱਜ ਸਿਵਲ ਹਸਪਤਾਲ 'ਚ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਮਾਡਲ ਟਾਊਨ ਦੀ ਪੁਲਸ ਮ੍ਰਿਤਕ ਕਰਮਚੰਦ ਵਾਸੀ ਪਿੰਡ ਮਾਨਾ ਥਾਣਾ ਮਹਿਟਿਆਣਾ ਦੇ ਕੋਲ ਬਰਾਮਦ ਸੁਸਾਈਡ ਨੋਟ ਅਤੇ ਪੁਲਸ ਨੂੰ ਦਿੱਤੇ ਬਿਆਨ ਦੇ ਆਧਾਰ 'ਤੇ ਕਮਾਲਪੁਰ ਮੁਹੱਲੇ ਦੀ ਰਹਿਣ ਵਾਲੀ ਮਹਿਲਾ ਰਾਜਵੰਤ ਖਿਲਾਫ ਖੁਦਕੁਸ਼ੀ ਕਰਨ ਨੂੰ ਮਜਬੂਰ ਕਰਨ ਦੀ ਧਾਰਾ 306 ਦੇ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
15 ਸਾਲ ਪਹਿਲਾਂ ਹੋ ਚੁੱਕੀ ਹੈ ਪਤਨੀ ਦੀ ਮੌਤ
ਥਾਣਾ ਮਾਡਲ ਟਾਊਨ 'ਚ ਤਾਇਨਾਤ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਨਾਨਕ ਸਿੰਘ ਨੇ ਦੱਸਿਆ ਕਿ ਕਰਮਚੰਦ ਹਲਵਾਈ ਦੇ ਨਾਲ-ਨਾਲ ਚਾਹ ਦੀ ਦੁਕਾਨ ਚਲਾਉਂਦਾ ਸੀ। ਕਰੀਬ 15 ਸਾਲ ਪਹਿਲਾਂ ਪਤਨੀ ਦੀ ਮੌਤ ਹੋ ਜਾਣ ਦੇ ਬਾਅਦ ਪਿਛਲੇ ਕਾਫੀ ਸਮੇਂ ਤੋਂ ਕਰਮਚੰਦ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ 'ਚ ਰਹਿ ਰਹੀ ਮਹਿਲਾ ਰਾਜ ਦੇ ਘਰ ਆਉਂਦਾ-ਜਾਂਦਾ ਸੀ। ਮਰਨ ਤੋਂ ਪਹਿਲਾਂ ਉਕਤ ਵਿਅਕਤੀ ਨੇ ਪੁਲਸ ਨੂੰ ਦੱਸਿਆ ਸੀ ਕਿ ਜਦੋਂ ਕੱਲ੍ਹ ਉਹ ਉਸ ਨੂੰ ਮਿਲਣ ਗਿਆ ਸੀ ਤਾਂ ਮਹਿਲਾ ਨੇ ਉਸ ਦੇ ਨਾਲ ਗਲਤ ਸਲੂਕ ਕੀਤਾ ਗਿਆ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਆਪਣੇ 'ਤੇ ਪੈਟਰੋਲ ਪਾ ਕੇ ਅੱਗ ਲਗਾ ਲਈ ਸੀ। ਸੁਸਾਈਡ ਨੋਟ 'ਚ ਵੀ ਕਰਮਚੰਦ ਨੇ ਆਪਣੀ ਮੌਤ ਲਈ ਮੁਲਜ਼ਮ ਮਹਿਲਾ ਰਾਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਕੀਤਾ ਗਿਆ ਪਰਿਵਾਰ ਦੇ ਹਵਾਲੇ
ਜਦੋਂ ਇਸ ਸਬੰਧ 'ਚ ਥਾਣਾ ਮਾਡਲ ਟਾਊਨ 'ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਜੌੜਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਪਹਿਲਾ ਕਰਮਚੰਦ ਦੇ ਖਿਲਾਫ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੀ ਧਾਰਾ 309 ਦੇ ਅਧੀਨ ਕੇਸ ਦਰਜ ਕੀਤਾ ਸੀ ਪਰ ਹੁਣ ਉਸ ਦੀ ਮੌਤ ਹੋ ਜਾਣ 'ਤੇ ਮ੍ਰਿਤਕ ਦੇ ਬਿਆਨ ਦੇ ਆਧਾਰ 'ਤੇ ਮੁਲਜ਼ਮ ਮਹਿਲਾ ਰਾਜ ਖਿਲਾਫ ਧਾਰਾ 306 ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ।