ਆਪਣੇ ਤੋਂ ਦੁੱਗਣੀ ਉਮਰ ਦੀ ਵਿਧਵਾ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੁੱਤਰ ਨੂੰ ਮਾਰਨ ਦੀਆਂ ਦਿੰਦਾ ਸੀ ਧਮਕੀਆਂ
Tuesday, Jul 30, 2024 - 02:55 AM (IST)
 
            
            ਜਲੰਧਰ (ਮਹੇਸ਼)- ਜਲੰਧਰ 'ਚ ਇਕ ਬੇਹੱਦ ਸ਼ਰਮਨਾਕ ਘਟਨਾ ਹੋਣ ਦਾ ਪਤਾ ਲੱਗਿਆ ਹੈ, ਜਿੱਥੇ ਇਕ 25 ਸਾਲਾ ਪੀ.ਜੀ. ਨੌਜਵਾਨ ਡੇਢ ਮਹੀਨੇ ਤੋਂ ਆਪਣੀ ਉਮਰ ਤੋਂ ਦੁੱਗਣੀ 52 ਸਾਲ ਦੀ ਉਮਰ ਦੀ ਵਿਧਵਾ ਨੂੰ ਡਰਾ-ਧਮਕਾ ਕੇ ਉਸ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ। ਪਤਾ ਲੱਗਾ ਹੈ ਕਿ ਉਕਤ ਔਰਤ ਦੇ 24 ਸਾਲਾ ਲੜਕੇ ਦੇ ਧਿਆਨ ’ਚ ਆਉਂਦੇ ਹੀ ਉਸ ਨੇ ਆਪਣੇ ਕੁਝ ਜਾਣਕਾਰਾਂ ਨੂੰ ਸੂਚਨਾ ਦਿੱਤੀ ਅਤੇ ਬੱਸ ਸਟੈਂਡ ਪੁਲਸ ਚੌਕੀ ਵਿਖੇ ਸ਼ਿਕਾਇਤ ਦਰਜ ਕਰਵਾਈ। ਇਹ ਮਾਮਲਾ ਪੁਲਸ ਦੇ ਧਿਆਨ ਵਿਚ ਆਉਂਦੇ ਹੀ ਪੁਲਸ ਨੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਧਵਾ ਔਰਤ ਨੇ ਵੀ ਪੀ.ਜੀ. ਨੌਜਵਾਨ ਖਿਲਾਫ਼ ਬਿਆਨ ਦਰਜ ਕਰਵਾਏ ਹਨ। ਪੁਲਸ ਮੰਗਲਵਾਰ ਨੂੰ ਔਰਤ ਦਾ ਮੈਡੀਕਲ ਕਰਵਾ ਸਕਦੀ ਹੈ। ਜਾਣਕਾਰੀ ਅਨੁਸਾਰ ਉਕਤ ਵਿਧਵਾ ਔਰਤ ਦੇ ਪਤੀ ਦੀ 3 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਹ ਬਿਜਲੀ ਦੇ ਕੰਮ ਦਾ ਠੇਕਾ ਲੈਂਦਾ ਸੀ।
ਉਸ ਦੀ ਮੌਤ ਤੋਂ ਬਾਅਦ ਘਰੇਲੂ ਹਾਲਾਤ ਅਚਾਨਕ ਵਿਗੜ ਗਏ। ਔਰਤ ਦਾ ਇਕ ਬੇਟਾ ਹੈ, ਜੋ ਪ੍ਰਾਈਵੇਟ ਨੌਕਰੀ ਕਰਦਾ ਹੈ, ਜਿਸ ਘਰ ਵਿਚ ਔਰਤ ਆਪਣੇ ਬੇਟੇ ਨਾਲ ਰਹਿ ਰਹੀ ਹੈ, ਉਹ 2011 ਤੋਂ ਉਸ ਕੋਲ ਹੈ ਤੇ ਉਸ ਦਾ ਮਾਲਕ ਵਿਦੇਸ਼ ’ਚ ਰਹਿੰਦਾ ਹੈ। ਜਦੋਂ ਔਰਤ ਦਾ ਪਤੀ ਜ਼ਿੰਦਾ ਸੀ ਤਾਂ ਉਸ ਨੇ ਇਕ ਨੌਜਵਾਨ ਨੂੰ ਆਪਣੇ ਘਰ ਵਿਚ ਪੀ.ਜੀ. ਰੱਖਿਆ ਹੋਇਆ ਸੀ, ਜੋ ਜ਼ਮੈਟੋ ਲਈ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਹਾਰਟ ਅਟੈਕ ਨਾਲ ਹੋਈ ਮੌਤ ਜਾਂ ਕੀਤਾ ਗਿਆ ਕਤਲ ? ਮ੍ਰਿਤਕਾ ਨੇ ਅਜਿਹੀ ਥਾਂ ਲਿਖਿਆ ਕਾਤਲਾਂ ਦਾ ਨਾਂ, ਕਿ...
ਔਰਤ ਦੇ ਪਤੀ ਦੀ ਮੌਤ ਤੋਂ ਬਾਅਦ ਪੀ.ਜੀ. ਰੱਖੇ ਨੌਜਵਾਨ ਨੇ ਔਰਤ ਨੂੰ ਧਮਕੀਆਂ ਦਿੱਤੀਆਂ ਅਤੇ ਜ਼ਬਰਦਸਤੀ ਉਸ ਦੇ ਕਮਰੇ ਵਿਚ ਦਾਖਲ ਹੋ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਔਰਤ ਨੂੰ ਕਹਿੰਦਾ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੇ ਇਕਲੌਤੇ ਪੁੱਤਰ ਦੀ ਜਾਨ ਲੈ ਲਵੇਗਾ। ਇਸੇ ਡਰ ਕਾਰਨ ਔਰਤ ਪੀ.ਜੀ. ਨੌਜਵਾਨ ਦੀ ਅਸਲੀਅਤ ਕਿਸੇ ਨੂੰ ਦੱਸ ਨਹੀਂ ਰਹੀ ਸੀ।
ਮਾਮਲੇ ਦੀ ਪੂਰੀ ਜਾਣਕਾਰੀ ਲੈਣ ਲਈ ਬੱਸ ਸਟੈਂਡ ਪੁਲਸ ਚੌਕੀ ਦੇ ਮੁਖੀ ਐੱਸ.ਆਈ. ਮੇਜਰ ਸਿੰਘ ਰਿਆੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਔਰਤ ਦੇ ਬਿਆਨ ਲਏ ਜਾ ਰਹੇ ਹਨ। ਸਵੇਰੇ ਉਸ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਪੇਪਰ ਦੇਣ ਜਾ ਰਹੇ ਪਤੀ-ਪਤਨੀ ਨਾਲ ਵਾਪਰ ਗਿਆ ਭਾਣਾ, ਮਾਸੂਮ ਸਿਰੋਂ ਉੱਠਿਆ ਮਾਂ ਦਾ ਸਾਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            