ਮੋਬਾਇਲ ਸੁਣਦਾ ਰਿਹਾ ਕਰਮਚਾਰੀ, 1.95 ਲੱਖ ਦੀ ਨਕਦੀ ਵਾਲਾ ਬੈਗ ਲੈ ਗਏ ਮੋਟਰਸਾਈਕਲ ਸਵਾਰ
Thursday, Nov 09, 2017 - 11:17 AM (IST)
ਲੁਧਿਆਣਾ (ਪੰਕਜ) : ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਮਿੰਟਗੁੰਮਰੀ ਚੌਕ ਦੇ ਬੈਂਕ 'ਚ ਨਕਦੀ ਜਮ੍ਹਾਂ ਕਰਾਉਣ ਪਹੁੰਚੇ ਫਰਮ ਦੇ ਕਰਮਚਾਰੀ ਨੂੰ ਮੋਬਾਇਲ ਫੋਨ ਸੁਣਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਮੋਟਰਸਾਈਕਲ 'ਤੇ ਸਵਾਰ ਲੁਟੇਰੇ ਉਸਦੇ ਸਕੂਟਰ ਦੇ ਅੱਗੇ ਰੱਖੇ ਨਕਦੀ ਵਾਲੇ ਬੈਗ ਨੂੰ ਚੁੱਕ ਕੇ ਫਰਾਰ ਹੋ ਗਏ। ਬੈਗ 'ਚ 1.95 ਲੱਖ ਦੀ ਨਕਦੀ ਸੀ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੁੱਲਾਂਪੁਰ ਦਾਖਾ ਦੀ ਇਕ ਪ੍ਰਾਈਵੇਟ ਫਰਮ 'ਚ ਤਾਇਨਾਤ ਰਤਨ ਲਾਲ ਕਰਮਚਾਰੀ 2 ਲੱਖ ਦੀ ਨਕਦੀ ਲੈ ਕੇ ਮਿੰਟਗੁੰਮਰੀ ਚੌਕ ਸਥਿਤ ਓ. ਬੀ. ਸੀ. ਬੈਂਕ ਪਹੁੰਚਿਆ, ਜਿਥੇ ਉਸ ਨੇ 5 ਹਜ਼ਾਰ ਦੀ ਨਕਦੀ ਜਮ੍ਹਾ ਕਰਵਾ ਦਿੱਤੀ ਅਤੇ ਬੈਗ 'ਚ ਬਚੀ 1 ਲੱਖ 95 ਹਜ਼ਾਰ ਦੀ ਨਕਦੀ ਨੂੰ ਬੈਂਕ ਦੇ ਬਾਹਰ ਆ ਕੇ ਸਕੂਟਰ ਦੇ ਅੱਗੇ ਰੱਖ ਲਿਆ। ਇਸ ਦੌਰਾਨ ਉਸ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਫੋਨ 'ਤੇ ਵਿਅਸਥ ਹੋ ਗਿਆ। ਇਸ ਦਾ ਫਾਇਦਾ ਚੁੱਕਦੇ ਹੋਏ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਦਾ ਨਕਦੀ ਨਾਲ ਭਰਿਆ ਬੈਗ ਸਕੂਟਰ ਦੇ ਅੱਗਿਓਂ ਚੁੱਕ ਲਿਆ ਅਤੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਮਾਡਲ ਟਾਊਨ ਇੰਚਾਰਜ ਕੰਵਲਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
