ਨਵਾਂਸ਼ਹਿਰ ''ਚ ਖੌਫਨਾਕ ਵਾਰਦਾਤ, ਪੁਰਾਣੀ ਰੰਜਿਸ਼ ਕਾਰਨ ਵਿਅਕਤੀ ਨੂੰ ਦਿੱਤੀ ਭਿਆਨਕ ਮੌਤ

Tuesday, May 26, 2020 - 06:17 PM (IST)

ਨਵਾਂਸ਼ਹਿਰ ''ਚ ਖੌਫਨਾਕ ਵਾਰਦਾਤ, ਪੁਰਾਣੀ ਰੰਜਿਸ਼ ਕਾਰਨ ਵਿਅਕਤੀ ਨੂੰ ਦਿੱਤੀ ਭਿਆਨਕ ਮੌਤ

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ 'ਚ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਸਦਰ ਨਵਾਂਸ਼ਹਿਰ ਦੇ ਅਧੀਨ ਆਉਂਦੇ ਪਿੰਡ ਰਾਣੇਵਾਲ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਜੀਪ ਸਵਾਰ 2 ਵਿਅਕਤੀਆਂ ਵੱਲੋਂ ਸਕੂਟਰੀ ਸਵਾਰ ਨੂੰ ਟੱਕਰ ਮਾਰ ਕੇ 40 ਸਾਲ ਦੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਇੰਝ ਦਿੱਤੀ ਦਰਦਨਾਕ ਮੌਤ
ਥਾਣਾ ਸਦਰ ਨਵਾਂਸ਼ਹਿਰ ਦੇ ਅਧੀਨ ਪੈਂਦੀ ਚੌਂਕੀ ਜਾਡਲਾ ਵਿਖੇ ਦਿੱਤੀ ਗਈ ਸ਼ਿਕਾਇਤ 'ਚ ਬਲਿਹਾਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਾਣੇਵਾਲ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਸੋਮਵਾਰ ਨੂੰ ਉਹ ਸ਼ਾਮ 7 ਵਜੇ ਦੇ ਕਰੀਬ ਆਪਣੇ ਟਰੈਕਟਰ 'ਤੇ ਸਵਾਰ ਹੋ ਕੇ ਪਿੰਡ ਤੋਂ ਆਪਣੇ ਪਿੰਡ ਮਜਾਰਾ ਖੁਰਦ ਵੱਲ ਪੈਂਦੀ ਮੋਟਰ ਵੱਲ ਜਾ ਰਿਹਾ ਸੀ ਕਿ ਪਿੰਡ ਦਾ ਹੀ ਪਰਮਜੀਤ ਸਿੰਘ ਪੁੱਤਰ ਬੋਝਾ ਸਿੰਘ ਆਪਣੀ ਪਲੈਜ਼ਰ ਸਕੂਟੀ 'ਤੇ ਸਵਾਰ ਹੋ ਕੇ ਆ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਨੇ ਸਕੂਟੀ ਨੂੰ ਕਰਾਸ ਕਰਕੇ ਥੋੜ੍ਹਾ ਅੱਗੇ ਜਾ ਕੇ ਆਪਣਾ ਟਰੈਕਟਰ ਰੋਕ ਲਿਆ। ਪਿੱਛੇ ਪਿੰਡ ਮਜਾਰਾ ਖੁੱਰਦ ਵੱਲੋਂ ਕਾਲੇ ਰੰਗ ਦੀ ਜੀਪ ਆ ਰਹੀ ਸੀ।

PunjabKesari

ਇਸ ਜੀਪ ਨੂੰ ਚਰਨਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਰਾਣੇਵਾਲ ਚਲਾ ਰਿਹਾ ਸੀ ਅਤੇ ਉਸ ਦਾ ਚਾਚਾ ਗੁਰਮੁਖ ਸਿੰਘ ਉਸ ਦੇ ਨਾਲ ਬੈਠਾ ਸੀ। ਉਸ ਨੇ ਦੱਸਿਆ ਕਿ ਉਪਰੋਕਤ ਜੀਪ ਸਵਾਰਾਂ ਨੇ ਜਾਣਬੁੱਝ ਕੇ ਮਾਰਨ ਦੀ ਨੀਅਤ ਨਾਲ ਪਰਮਜੀਤ ਸਿੰਘ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ ਕਿਨਾਰੇ ਸਥਿਤ ਖੇਤਾਂ 'ਚ ਜਾ ਡਿੱਗਿਆ। ਇਸ ਤੋਂ ਬਾਅਦ ਜੀਪ ਨੇ ਪ੍ਰੀਤਮ ਸਿੰਘ ਦੇ ਮੋਟਰਸਾਈਕਲ ਨੂੰ ਵੀ ਟੱਕਰ ਮਾਰੀ, ਜੋ ਕਿ ਮੋਟਰਸਾਈਕਲ ਸਣੇ ਹੇਠਾਂ ਡਿੱਗ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਦੋਵਾਂ ਦੇ ਮੋਟਰਸਾਈਕਲ ਅਤੇ ਸਕੂਟਰੀ ਬੁਰੀ ਤਰ੍ਹਾਂ ਟੁੱਟ ਗਏ। ਜੀਪ ਚਾਲਕ ਲਲਕਾਰਾ ਮਾਰਦੇ ਹੋਏ ਵਾਪਸ ਪਿੰਡ ਵੱਲ ਦੌੜ ਗਏ। ਉਸ ਨੇ ਦੱਸਿਆ ਕਿ ਕੁਝ ਲੋਕਾਂ ਦੀ ਮਦਦ ਨਾਲ ਉਪਰੋਕਤ ਜਖਮੀਆਂ ਨੂੰ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਪਰਮਜੀਤ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ।

ਕੀ ਕਹਿਣਾ ਹੈ ਐੱਸ.ਐੱਸ.ਪੀ. ਅਲਕਾ ਮੀਨਾ ਦਾ
ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ 'ਤੇ ਪੁਲਸ ਅਫਸਰਾਂ ਨੇ ਮੌਕੇ 'ਤੇ ਪੁੱਜ ਕੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਹੱਤਿਆ ਦੀ ਦੋਸ਼ੀ ਗੁਰਮੁਖ ਸਿੰਘ ਅਤੇ ਚਰਨਜੀਤ ਸਿੰਘ ਖਿਲਾਫ ਧਾਰਾ 302,427,34 ਆਈ. ਪੀ. ਐੱਸ. ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਹੱਤਿਆ ਦੇ ਦੋਸ਼ੀ ਗੁਰਮੁਖ ਸਿੰਘ ਪਹਿਲਾਂ ਹੀ ਹੱਤਿਆ ਦੇ ਮਾਮਲੇ 'ਚ ਹੈ ਸਜ਼ਾ ਅਧੀਨ
ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਪਰਮਜੀਤ ਦੀ ਹੱਤਿਆ ਦੇ ਦੋਸ਼ੀਆਂ 'ਚੋਂ ਗੁਰਮੁਖ ਸਿੰਘ ਪਹਿਲਾਂ ਵੀ ਹੱਤਿਆ ਦੇ ਮਾਮਲੇ 'ਚ ਜੇਲ੍ਹ 'ਚ ਕੈਦ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਦੋਸ਼ੀ 'ਤੇ 2014 'ਚ ਟਰੈਕਟਰ ਨਾਲ 2 ਲੋਕਾਂ ਨੂੰ ਕੁਚਲਣ ਦੇ ਦੋਸ਼ ਸਨ, ਜਿਸ ਦੇ ਤਹਿਤ ਉਹ ਸਜਾ ਭੁਗਤ ਰਿਹਾ ਹੈ ਅਤੇ ਇਨ੍ਹਾਂ ਦਿਨ੍ਹਾਂ 'ਚ ਉਹ ਪੈਰੋਲ 'ਤੇ ਬਾਹਰ ਆਇਆ ਹੋਇਆ ਸੀ।

ਕਤਲ ਮਾਮਲੇ 'ਚ ਇਕ ਪੁਲਸ ਮੁਲਾਜ਼ਮ ਦੇ ਸ਼ਾਮਲ ਹੋਣ ਦਾ ਵੀ ਸ਼ੱਕ
ਪਰਮਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਥਾਣਾ ਸਦਰ ਨਵਾਂਸ਼ਹਿਰ ਦਾ ਘਿਰਾਓ ਕਰਕੇ ਉਪਰੋਕਤ ਹੱਤਿਆ 'ਚ ਕਥਿਤ ਤੌਰ 'ਤੇ ਸ਼ਾਮਲ ਇਕ ਪੁਲਸ ਮੁਲਾਜ਼ਮ 'ਤੇ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਉਪਰੋਕਤ ਪੁਲਸ ਮੁਲਾਜ਼ਮ ਮਾਸਟਰ ਮਾਈਂਡ ਹੈ। ਇਸ ਸੰਬੰਧ 'ਚ ਜਦੋਂ ਐੱਸ. ਐੱਸ. ਪੀ. ਅਲਕਾ ਮੀਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ 'ਤੇ ਉਪਰੋਕਤ ਪੁਲਸ ਮੁਲਾਜ਼ਮ ਦੇ ਪਿਛਲੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਮੁਲਾਜ਼ਮ ਇਸ 'ਚ ਸ਼ਾਮਲ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ।


author

shivani attri

Content Editor

Related News