ਪਹਿਲਾਂ ਪੀਤੀ ਇਕੱਠੇ ਸ਼ਰਾਬ ਤੇ ਖਾਧੀ ਰੋਟੀ, ਫਿਰ ਮਾਮੂਲੀ ਗੱਲ ਪਿੱਛੇ ਚਾਕੂ ਮਾਰ ਕੇ ਸਾਥੀ ਦਾ ਕਰ ਦਿੱਤਾ ਕਤਲ

Monday, Feb 26, 2024 - 06:14 PM (IST)

ਕਾਠਗੜ੍ਹ (ਰਾਜੇਸ਼)- ਹਲਕੇ ਦੇ ਪਿੰਡ ਮਾਜਰਾ ਜੱਟਾਂ ’ਚ ਇਕ ਫਾਰਮ ’ਤੇ ਕੰਮ ਕਰਦੇ ਇਕ ਬੰਗਾਲੀ ਵਿਅਕਤੀ ਵੱਲੋਂ ਨਾਲ ਦੇ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦਾ ਸਨਸਨੀਖ਼ੇਜ ਮਾਮਲਾ ਸਾਹਮਣੇ ਆਇਆ ਹੈ। ਕਾਠਗੜ੍ਹ ਪੁਲਸ ਨੂੰ ਦਿੱਤੇ ਬਿਆਨ ’ਚ ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਝੱਲੀਆਂ ਕਲਾਂ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਹਾਲ ਵਾਸੀ ਜਲਾਲਪੁਰੀਆ ਫਾਰਮ ਮਾਜਰਾ ਜੱਟਾਂ ਥਾਣਾ ਕਾਠਗੜ੍ਹ ਨੇ ਦੱਸਿਆ ਕਿ ਉਨ੍ਹਾਂ ਦਾ ਮਾਜਰਾ ਜੱਟਾਂ ਵਿਖੇ ਜੋ ਫਾਰਮ ਹੈ, ਉਸ ਨੂੰ ਰੁਲਦਾ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗਰਲੇ ਬੇਟ ਥਾਣਾ ਸਦਰ ਬਲਾਚੌਰ ਨੇ ਲੀਜ ’ਤੇ 6 ਸਾਲ ਲਈ ਲਿਆ ਹੋਇਆ ਹੈ ਅਤੇ ਫਾਰਮ ’ਚ ਉਹ ਪਸ਼ੂਆਂ ਦੀ ਦੇਖ-ਰੇਖ ਦਾ ਕੰਮ ਕਰਦਾ ਹੈ। ਉਸ ਦੇ ਨਾਲ ਮੁਕੇਸ਼ ਕੁਮਾਰ ਉਰਫ਼ ਰਾਜੂ ਪੁੱਤਰ ਪਲਟੂ ਰਾਮ ਵਾਸੀ ਨਾਨੋਵਾਲ ਬੇਟ ਥਾਣਾ ਸਦਰ ਬਲਾਚੌਰ ਅਤੇ ਰਾਜੂ ਗੁਰਮ ਉਰਫ਼ ਬਹਾਦੁਰ ਪੁੱਤਰ ਕਿਸ਼ਨ ਪ੍ਰਸਾਦ ਵਾਸੀ ਸਿਲੀਗੁੜੀ ਥਾਣਾ ਸਿਲੀਗੁੜੀ ਵੈਸਟ ਬੰਗਾਲ ਵੀ ਉਸੇ ਫਾਰਮ ’ਚ ਕੰਮ ਕਰਦੇ ਹਨ।

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਬੋਲੇ, PM ਮੋਦੀ ਜਿੰਨਾਂ ਕਿਸਾਨਾਂ ਲਈ ਕੋਈ ਸਮਰਪਿਤ ਨਹੀਂ

ਉਸ ਨੇ ਦੱਸਿਆ ਕਿ ਰਾਤ ਨੂੰ ਉਹ ਅਤੇ ਰਾਜੂ ਗੁਰਮ ਉਰਫ਼ ਬਹਾਦੁਰ ਨੇ ਸ਼ਰਾਬ ਪੀਤੀ ਅਤੇ ਫਿਰ ਰੋਟੀ ਖਾਧੀ। ਇਸੇ ਦੌਰਾਨ ਮੁਕੇਸ਼ ਕੁਮਾਰ ਉਰਫ਼ ਰਾਜੂ ਅਤੇ ਰਾਜੂ ਗੁਰਮ ਉਰਫ਼ ਬਹਾਦਰ ’ਚ ਬੀੜੀ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ ਅਤੇ ਰੋਟੀ ਖਾਣ ਤੋਂ ਬਾਅਦ ਭਾਂਡੇ ਰੱਖਣ ਲਈ ਮੈਂ (ਗੁਰਦੀਪ ਸਿੰਘ) ਬਾਹਰ ਚਲਾ ਗਿਆ। ਜਦ ਵਾਪਸ ਆਇਆ ਤਾਂ ਰਾਜੂ ਗੁਰਮ ਉਰਫ਼ ਬਹਾਦਰ ਨੇ ਮੁਕੇਸ਼ ਉਰਫ਼ ਰਾਜੂ ਦੀ ਖੱਬੇ ਪਾਸੇ ਛਾਤੀ ’ਚ ਚਾਕੂ ਨਾਲ ਵਾਰ ਕਰਨੇ ਸ਼ੁਰੂ ਕੀਤੇ ਹੋਏ ਸਨ ।

ਜਦ ਰਾਜੂ ਗੁਰਮ ਉਰਫ਼ ਬਹਾਦੁਰ ਨੇ ਉਸ ਨੂੰ ਵੇਖਿਆ ਤਾਂ ਉਹ ਉਸ ਵੱਲ ਵਾਰ ਕਰਨ ਵਾਸਤੇ ਆਇਆ ਤਾਂ ਉਸ ਨੇ ਉਥੋਂ ਭੱਜ ਕੇ ਨਜ਼ਦੀਕ ਕਿੰਨੂਆਂ ਦੇ ਬਾਗ ਨੇੜੇ ਰਹਿੰਦੀ ਲੇਬਰ ਦੇ ਬੰਦਿਆਂ ਕੋਲ ਜਾ ਕੇ ਆਪਣੀ ਜਾਨ ਬਚਾਈ ਅਤੇ ਰੌਲਾ ਪਾਇਆ। ਉਨ੍ਹਾਂ ਫਾਰਮ ਦੇ ਮਾਲਕ ਰੁਲਦਾ ਸਿੰਘ ਉਕਤ ਨੂੰ ਸਾਰੀ ਗੱਲ ਫੋਨ ’ਤੇ ਦੱਸੀ ਅਤੇ ਵਾਪਸ ਆ ਕੇ ਵੇਖਿਆ ਤਾਂ ਮੁਕੇਸ਼ ਕੁਮਾਰ ਦੀ ਮੌਤ ਹੋ ਚੁੱਕੀ ਸੀ ਅਤੇ ਰਾਜੂ ਗੁਰਮ ਉਰਫ਼ ਬਹਾਦੁਰ ਅੰਦਰ ਬੈਠਾ ਸੀ। ਸਾਡੇ ਵੱਲੋਂ ਉਸ ਨੂੰ ਕਮਰੇ ’ਚ ਬੰਦ ਕਰ ਦਿੱਤਾ ਗਿਆ। ਇਸ ਵਾਰਦਾਤ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ ਅਤੇ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਇੰਸਪੈਕਟਰ ਹੇਮੰਤ ਮਲਹੋਤਰਾ ਨੇ ਉਸ ਟੀਮ ਨਾਲ ਮੌਕੇ ’ਤੇ ਜਾ ਕੇ ਉਕਤ ਮੁਲਜ਼ਮ ਰਾਜੂ ਗੁਰਮ ਉਰਫ਼ ਬਹਾਦਰ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਉਸ ਦੇ ਖ਼ਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਗਰਮੀਆਂ ਦੇ ਸੀਜ਼ਨ ਦੌਰਾਨ ਬਿਜਲੀ ਦੀ ਹੁਣ ਨਹੀਂ ਆਵੇਗੀ ਦਿੱਕਤ, ਪਾਵਰਕਾਮ ਕਰ ਰਿਹਾ ਇਹ ਤਿਆਰੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News