ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

Friday, Feb 10, 2023 - 04:49 PM (IST)

ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਜਲੰਧਰ (ਵਰੁਣ)- ਜਲੰਧਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬੀਤੀ ਰਾਤ ਯੂ. ਪੀ. ਤੋਂ ਰੇਲਗੱਡੀ ਰਾਹੀਂ ਜਲੰਧਰ ਪੁੱਜੇ ਇਕ ਪ੍ਰਵਾਸੀ ਵਿਅਕਤੀ ਦਾ ਕੁਝ ਪੈਸਿਆਂ ਲਈ ਲੁਟੇਰਿਆਂ ਨੇ ਕਤਲ ਕਰ ਦਿੱਤਾ। ਬੈਗ ਨਾ ਦੇਣ 'ਤੇ ਲੁਟੇਰੇ ਨੇ ਪ੍ਰਵਾਸੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਮ੍ਰਿਤਕ ਵਿਅਕਤੀ ਦੀ ਪਛਾਣ ਪ੍ਰਵੀਨ ਸ਼ੁਕਲਾ ਵਾਸੀ ਗੋਂਡਾ ਯੂ. ਪੀ. ਵਜੋਂ ਹੋਈ ਹੈ। ਵੀਰਵਾਰ ਦੇਰ ਰਾਤ ਯੂ. ਪੀ. ਤੋਂ ਟਰੇਨ ’ਤੇ ਆਏ 3 ਪ੍ਰਵਾਸੀਆਂ ਨੂੰ ਬੇਖ਼ੌਫ਼ ਲੁਟੇਰਿਆਂ ਨੇ ਕਾਂਗਰਸ ਪਾਰਟੀ ਦੇ ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਸਥਿਤ ਦੋਮੋਰੀਆ ਪੁਲ ’ਤੇ ਘੇਰ ਲਿਆ। 5 ਲੁਟੇਰਿਆਂ ਨੇ ਕੁੱਟਮਾਰ ਕਰ ਕੇ 2 ਪ੍ਰਵਾਸੀਆਂ ਦੀ ਜੇਬ ਵਿਚੋਂ 300 ਰੁਪਏ ਕੱਢ ਲਏ ਪਰ ਜਦੋਂ ਤੀਜੇ ਪ੍ਰਵਾਸੀ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ’ਤੇ ਇਕ ਲੁਟੇਰੇ ਨੇ ਚਾਕੂ ਕੱਢ ਕੇ ਉਸ ਦੀ ਛਾਤੀ ਵਿਚ ਮਾਰ ਦਿੱਤਾ, ਜਦਕਿ ਦੂਜਾ ਵਾਰ ਪੇਟ ’ਤੇ ਕੀਤਾ। ਛਾਤੀ ’ਤੇ ਚਾਕੂ ਲੱਗਣ ਨਾਲ ਪ੍ਰਵਾਸੀ ਖ਼ੂਨ ਵਿਚ ਲਥਪਥ ਹੋ ਕੇ ਸੜਕ ’ਤੇ ਡਿੱਗ ਗਿਆ, ਜਿਸ ਤੋਂ ਬਾਅਦ ਲੁਟੇਰੇ ਉਸ ਦਾ ਬੈਗ ਖੋਹ ਕੇ ਕਾਜ਼ੀ ਮੰਡੀ ਵੱਲ ਭੱਜ ਗਏ। ਜ਼ਖ਼ਮੀ ਹਾਲਤ ਵਿਚ ਪ੍ਰਵਾਸੀ ਪ੍ਰਵੀਨ ਸ਼ੁਕਲਾ (28) ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ।

ਥਾਣਾ ਨੰਬਰ 3 ਵਿਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ 302, 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਪ੍ਰਵੀਨ ਦੇ ਹੀ ਪਿੰਡ ਵਿਚ ਰਹਿੰਦੇ ਬਜ਼ੁਰਗ ਰਾਮ ਪਿਆਰਾ ਅਤੇ ਲਾਲ ਸ਼ੁਕਲਾ ਨੇ ਦੱਸਿਆ ਕਿ ਉਹ ਰੋਜ਼ੀ-ਰੋਟੀ ਕਮਾਉਣ ਲਈ ਯੂ. ਪੀ. ਤੋਂ ਟਰੇਨ ’ਤੇ ਜਲੰਧਰ ਰੇਲਵੇ ਸਟੇਸ਼ਨ ’ਤੇ ਲਗਭਗ 10.30 ਵਜੇ ਪਹੁੰਚੇ ਸਨ। ਉਨ੍ਹਾਂ ਦੇ ਰਿਸ਼ਤੇਦਾਰ ਪਟੇਲ ਚੌਂਕ ਨੇੜੇ ਰਹਿੰਦੇ ਹਨ। ਉਹ ਪੈਦਲ ਹੀ ਆਪਣਾ ਸਾਮਾਨ ਲੈ ਕੇ ਚੱਲ ਪਏ। ਜਦੋਂ ਉਹ ਰਾਤ 11 ਵਜੇ ਦੋਮੋਰੀਆ ਪੁਲ ’ਤੇ ਪੁੱਜੇ ਤਾਂ ਲਗਭਗ 5 ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਸਾਰਿਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਚਾਕੂ ਦਿਖਾ ਕੇ ਪੈਸੇ ਮੰਗਣ ਲੱਗੇ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦਾ ਵੱਡਾ ਬਿਆਨ, 'ਬਾਹਰੀ ਵਿਅਕਤੀ ਪੰਜਾਬ 'ਚ ਜ਼ਮੀਨ ਦਾ ਮਾਲਕ ਨਾ ਬਣੇ, ਪੇਸ਼ ਕਰਾਂਗਾ ਬਿੱਲ'

ਰਾਮ ਪਿਆਰਾ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ਼ 300 ਰੁਪਏ ਸਨ, ਜਿਹੜੇ ਲੁਟੇਰਿਆਂ ਨੇ ਕੱਢ ਲਏ। ਉਨ੍ਹਾਂ ਜਦੋਂ ਪ੍ਰਵੀਨ ਦੇ ਬੈਗ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ’ਤੇ ਇਕ ਲੁਟੇਰੇ ਨੇ ਪ੍ਰਵੀਨ ਨੂੰ 3 ਵਾਰ ਚਾਕੂ ਮਾਰਿਆ ਅਤੇ ਜਿਉਂ ਹੀ ਉਹ ਡਿੱਗਾ ਤਾਂ ਲੁਟੇਰੇ ਲਾਈਨਾਂ ਤੋਂ ਪਾਰ ਕਾਜ਼ੀ ਮੰਡੀ ਵੱਲ ਭੱਜ ਗਏ। ਉਨ੍ਹਾਂ ਜਦੋਂ ਰੌਲਾ ਪਾਇਆ ਤਾਂ ਕੁਝ ਲੋਕ ਉਥੇ ਰੁਕ ਗਏ, ਜਿਨ੍ਹਾਂ ਦੀ ਮਦਦ ਨਾਲ ਪ੍ਰਵੀਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਸਨੂੰ ਬਚਾਉਣ ਦੀ ਡਾਕਟਰਾਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਛਾਤੀ ਵਿਚ ਜ਼ਖ਼ਮ ਡੂੰਘਾ ਹੋਣ ਕਾਰਨ ਉਸ ਨੇ ਦਮ ਤੋੜ ਦਿੱਤਾ। ਜਿਉਂ ਹੀ ਹੱਤਿਆ ਦੀ ਸੂਚਨਾ ਪੁਲਸ ਕੰਟਰੋਲ ਰੂਮ ’ਤੇ ਦਿੱਤੀ ਗਈ ਤਾਂ ਏ. ਸੀ. ਪੀ. ਇਨਵੈਸਟੀਗੇਸ਼ਨ ਪਰਜੀਤ ਸਿੰਘ, ਥਾਣਾ ਨੰਬਰ 3 ਦੇ ਇੰਚਾਰਜ ਕਮਲਜੀਤ ਸਿੰਘ, ਸੀ. ਆਈ. ਏ. ਸਟਾਫ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ, ਐੱਸ. ਓ. ਯੂ. ਇੰਚਾਰਜ ਇੰਦਰਜੀਤ ਸਿੰਘ ਆਪਣੀਆਂ ਟੀਮਾਂ ਨਾਲ ਮੌਕੇ ’ਤੇ ਪਹੁੰਚ ਗਏ। ਘਟਨਾ ਸਥਾਨ ’ਤੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਪਰ ਸੁਰਾਗ ਨਹੀਂ ਮਿਲਿਆ।

ਸੂਤਰਾਂ ਦੀ ਮੰਨੀਏ ਤਾਂ ਪੁਲਸ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ, ਜਿਸ ਤੋਂ ਪਤਾ ਲੱਗਾ ਕਿ ਮੁਲਜ਼ਮ ਕਤਲ ਕਰਕੇ ਕਾਜ਼ੀ ਮੰਡੀ ਵੱਲ ਭੱਜੇ ਹਨ। ਪੁਲਸ ਨੇ ਮਨੁੱਖੀ ਵਸੀਲਿਆਂ ਤੋਂ ਪਤਾ ਲਾ ਕੇ ਕਾਜ਼ੀ ਮੰਡੀ ਵਿਚ ਰੇਡ ਕਰ ਕੇ 5 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਨੇ ਪ੍ਰਵੀਨ ਦੇ ਸਾਥੀਆਂ ਤੋਂ ਉਨ੍ਹਾਂ ਦੀ ਪਛਾਣ ਕਰਵਾਈ ਪਰ ਉਹ ਇੰਨਾ ਸਹਿਮੇ ਹੋਏ ਸਨ ਕਿ ਦੋਵਾਂ ਨੇ ਕਿਹਾ ਕਿ ਉਹ ਡਰਦੇ ਮਾਰੇ ਲੁਟੇਰਿਆਂ ਨੂੰ ਵੇਖ ਤੱਕ ਨਹੀਂ ਸਕੇ। ਦੂਜੇ ਪਾਸੇ ਹਿਰਾਸਤ ਵਿਚ ਲਏ ਮੁਲਜ਼ਮ ਵੀ ਹੱਤਿਆ ਬਾਰੇ ਕੁਝ ਨਹੀਂ ਦੱਸ ਸਕੇ। ਪੁਲਸ ਮੁਲਜ਼ਮਾਂ ਖ਼ਿਲਾਫ਼ ਸਬੂਤ ਜੁਟਾਉਣ ਲਈ ਦੇਰ ਸ਼ਾਮ ਵੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਸੀ। ਦੂਜੇ ਪਾਸੇ ਥਾਣਾ ਨੰਬਰ 3 ਦੇ ਇੰਚਾਰਜ ਕਮਲਜੀਤ ਸਿੰਘ ਨੇ ਕਿਹਾ ਕਿ ਕੁਝ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਕੇ ਐੱਸ. ਓ. ਯੂ. ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ।

2 ਦਿਨਾਂ ਤੋਂ ਖਾਣਾ ਤੱਕ ਨਹੀਂ ਖਾਧਾ ਸੀ : ਪੀੜਤ
ਰਾਮ ਪਿਆਰਾ ਨੇ ਦੱਸਿਆ ਕਿ ਉਹ 2 ਦਿਨ ਪਹਿਲਾਂ ਟਰੇਨ ਵਿਚ ਚੜ੍ਹੇ ਹਨ। ਪ੍ਰਵੀਨ ਪਹਿਲੀ ਵਾਰ ਜਲੰਧਰ ਮਜ਼ਦੂਰੀ ਕਰਨ ਆਇਆ ਸੀ। ਇਸ ਤੋਂ ਪਹਿਲਾਂ ਉਹ ਯੂ. ਪੀ. ਵਿਚ ਹੀ ਕੰਮ ਕਰਦਾ ਸੀ। ਜਦੋਂ ਉਹ ਯੂ. ਪੀ. ਤੋਂ ਟਰੇਨ ਵਿਚ ਚੜ੍ਹੇ ਤਾਂ ਉਦੋਂ ਟਰੇਨ ਵਿਚ ਇੰਨੀ ਭੀੜ ਸੀ ਕਿ ਖੜ੍ਹੇ ਹੋਣ ਦੀ ਜਗ੍ਹਾ ਤੱਕ ਨਹੀਂ ਸੀ। ਅਜਿਹੀ ਹਾਲਤ ਵਿਚ ਕੋਈ ਵੀ ਵੈਂਡਰ ਉਨ੍ਹਾਂ ਦੇ ਡੱਬੇ ਵਿਚ ਨਹੀਂ ਚੜ੍ਹ ਸਕਿਆ। ਜੇਕਰ ਉਹ ਰਸਤੇ ਵਿਚ ਉਤਰਦੇ ਤਾਂ ਉਨ੍ਹਾਂ ਨੂੰ ਖੜ੍ਹੇ ਹੋਣ ਦੀ ਜਗ੍ਹਾ ਹੀ ਨਹੀਂ ਮਿਲਣੀ ਸੀ, ਜਿਸ ਕਾਰਨ ਉਹ ਭੁੱਖੇ ਹੀ ਜਲੰਧਰ ਤੱਕ ਪਹੁੰਚੇ। ਉਨ੍ਹਾਂ ਸੋਚਿਆ ਸੀ ਕਿ ਆਪਣੇ ਰਿਸ਼ਤੇਦਾਰ ਕੋਲ ਪਹੁੰਚ ਕੇ ਕੁਝ ਖਾ ਲੈਣਗੇ ਪਰ ਰਸਤੇ ਵਿਚ ਹੀ ਲੁਟੇਰਿਆਂ ਨੇ ਘੇਰ ਲਿਆ। ਸਵੇਰੇ ਜਦੋਂ ਰਾਮ ਪਿਆਰਾ ਅਤੇ ਲਾਲ ਸ਼ੁਕਲਾ ਦੇ ਭੁੱਖੇ ਹੋਣ ਦੀ ਗੱਲ ਸੀ. ਆਈ. ਏ. ਸਟਾਫ ਦੀ ਟੀਮ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੂੰ ਖਾਣਾ ਖੁਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੋਵੇਂ ਇੰਨੇ ਸਹਿਮੇ ਹੋਏ ਸਨ ਕਿ ਉਨ੍ਹਾਂ ਖਾਣਾ ਖਾਣ ਤੋਂ ਵੀ ਮਨ੍ਹਾ ਕਰ ਦਿੱਤਾ।

ਲੰਮੇ ਸਮੇਂ ਤੋਂ ਦੋਮੋਰੀਆ ਪੁਲ ਦੇ ਆਲੇ-ਦੁਆਲੇ ਹੋ ਰਹੀਆਂ ਵਾਰਦਾਤਾਂ
ਕਾਫ਼ੀ ਲੰਮੇ ਸਮੇਂ ਤੋਂ ਦੋਮੋਰੀਆ ਪੁਲ ਦੇ ਆਲੇ-ਦੁਆਲੇ ਪ੍ਰਵਾਸੀਆਂ ਨਾਲ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਦੇਰ ਰਾਤ ਰੇਲਵੇ ਸਟੇਸ਼ਨ ਆਉਣ-ਜਾਣ ਵਾਲੇ ਪ੍ਰਵਾਸੀਆਂ ਨੂੰ ਲੁਟੇਰੇ ਨਿਸ਼ਾਨਾ ਬਣਾਉਂਦੇ ਹਨ। ਕੁਝ ਸਮੇਂ ਤੋਂ ਦੋਮੋਰੀਆ ਪੁਲ ’ਤੇ ਰਾਤ ਦੇ ਸਮੇਂ ਪੱਕਾ ਨਾਕਾ ਵੀ ਲੱਗਦਾ ਸੀ ਪਰ ਉਹ ਚੁੱਕ ਦਿੱਤਾ ਗਿਆ ਸੀ, ਜਿਸ ਦੇ ਬਾਅਦ ਤੋਂ ਲਗਾਤਾਰ ਵਾਰਦਾਤਾਂ ਹੋ ਰਹੀਆਂ ਹਨ। ਨਾਕਾ ਚੁੱਕੇ ਜਾਣ ਕਾਰਨ ਵਧੀਆਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਲੈ ਕੇ ‘ਜਗ ਬਾਣੀ’ ਨੇ ਪ੍ਰਮੁੱਖਤਾ ਨਾਲ 16 ਦਸੰਬਰ 2022 ਨੂੰ ਖ਼ਬਰ ਛਾਪੀ ਸੀ ਪਰ ਪੁਲਸ ਨੇ ਸਾਰ ਨਹੀਂ ਲਈ ਅਤੇ ਇਹੀ ਲਾਪ੍ਰਵਾਹੀ ਪ੍ਰਵੀਨ ਦੀ ਮੌਤ ਦਾ ਕਾਰਨ ਬਣੀ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News