ਜਲੰਧਰ ’ਚ ਹੋਏ ਟਿੰਕੂ ਕਤਲ ਮਾਮਲੇ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ, ਬੇਖ਼ੌਫ ਹਮਲਾਵਰ ਬੋਲੇ ‘ਲੈ ਲਿਆ ਬਦਲਾ’
Sunday, Mar 07, 2021 - 08:25 PM (IST)
ਜਲੰਧਰ (ਜ. ਬ.)– ਸ਼ੁੱਕਰਵਾਰ ਨੂੰ ਦੇਸ਼ ਦੇ 62 ਸ਼ਹਿਰਾਂ ਵਿਚੋਂ 32ਵੇਂ ਸਥਾਨ ’ਤੇ ਸੁਰੱਖਿਅਤ ਸ਼ਹਿਰਾਂ ਵਿਚ ਆਉਣ ਵਾਲੇ ਜਲੰਧਰ ਵਿਚ ਸ਼ਨੀਵਾਰ ਨੂੰ ਦਹਿਸ਼ਤ ਫੈਲ ਗਈ ਸੀ। ਜਲੰਧਰ ਸ਼ਹਿਰ ਵਿਚ ਦੀ ਸੁਰੱਖਿਆ ਇਕ ਨਹੀਂ, 15 ਗੋਲੀਆਂ ਚੱਲਣ ਦੀ ਆਵਾਜ਼ ਨਾਲ ਦਹਿਸ਼ਤ ਵਿਚ ਘਿਰ ਚੁੱਕੀ ਸੀ। ਬੀਤੇ ਦਿਨ ਇਥੋਂ ਦੇ ਸੋਢਲ ਰੋਡ ਸਥਿਤ ਪ੍ਰੀਤ ਨਗਰ ਵਿਚ ਇਕ ਦੁਕਾਨ ਮਾਲਕ ਫਾਈਨਾਂਸਰ ਗੁਰਮੀਤ ਸਿੰਘ ਟਿੰਕੂ ਦਾ ਕਤਲ ਕਰ ਦਿੱਤਾ ਗਿਆ ਸੀ। ਟਿੰਕੂ ਦੇ ਨਾਲ-ਨਾਲ ਜਲੰਧਰ ਦੀ ਅਮਨ-ਸ਼ਾਂਤੀ ਦੇ ਸਾਹ ਰੁਕ ਚੁੱਕੇ ਸਨ। ਹਮਲਾਵਰ ਇੰਨੇ ਬੇਖੌਫ ਸਨ ਕਿ ਟਿੰਕੂ ਦੀ ਹੱਤਿਆ ਕਰਨ ਤੋਂ ਬਾਅਦ ਉਹ ਦੁਕਾਨ ਦੇ ਬਾਹਰ ਆ ਕੇ ਬੋਲੇ-ਅਸੀਂ ਬਦਲਾ ਲੈ ਲਿਆ।
ਇਹ ਵੀ ਪੜ੍ਹੋ: ਸ਼ੱਕੀ ਹਾਲਾਤ ’ਚ ਨੌਜਵਾਨ ਦਾ ਕਤਲ ਕਰਕੇ ਭਾਖੜਾ ਨਹਿਰ ’ਚ ਸੁੱਟੀ ਲਾਸ਼, ਸਰੀਰ ’ਤੇ ਮਿਲੇ ਸੱਟਾਂ ਦੇ ਨਿਸ਼ਾਨ
ਹੁੱਕਾ ਬਾਰ ਨਿਕਲਿਆ ਟਿੰਕੂ ਦੀ ਮੌਤ ਦਾ ਕਾਰਨ
ਦਰਅਸਲ ਟਿੰਕੂ ਦੀ ਮੌਤ ਦਾ ਕਾਰਨ ਇਕ ਹੁੱਕਾ ਬਾਰ ਨਿਕਲਿਆ ਹਨ, ਜਿਸ ਨੂੰ ਬੰਦ ਕਰਵਾਉਣ ਲਈ ਟਿੰਕੂ ਇਲਾਕਾ ਵਾਸੀਆਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਦਾ ਸਾਥ ਦੇ ਰਿਹਾ ਸੀ ਪਰ ਹੁੱਕਾ ਮਾਲਕ ਨੇ ਇਸ ਲੜਾਈ ਵਿਚ ਬਦਮਾਸ਼ ਪੁਨੀਤ ਸ਼ਰਮਾ ਦੀ ਐਂਟਰੀ ਕਰਵਾ ਦਿੱਤੀ। ਇਹ ਉਹੀ ਪੁਨੀਤ ਹੈ, ਜਿਸ ’ਤੇ ਬਸਤੀਆਂ ਇਲਾਕੇ ਦੇ ਬਦਮਾਸ਼ ਅਤੇ ਇਕ ਕੌਂਸਲਰ ਦਾ ਵੀ ਸ਼ੈਲਟਰ ਹੈ। ਸੂਤਰਾਂ ਦੀ ਮੰਨੀਏ ਤਾਂ ਕੁਝ ਸਮਾਂ ਪਹਿਲਾਂ ਸੋਢਲ ਰੋਡ ਪ੍ਰੀਤ ਨਗਰ ਵਿਚ ਪੈਂਦੀ ਪੀ. ਪੀ. ਆਰ. ਮਾਰਕੀਟ ਵਿਚ ਹੁੱਕਾ ਬਾਰ ਖੁੱਲ੍ਹਿਆ ਸੀ। ਇਸ ਮਾਰਕੀਟ ਵਿਚ ਇਕ ਜਿਮ ਵੀ ਸੀ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਕੁਝ ਸਮਾਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਸੀ ਕਿ ਰੈਸਟੋਰੈਂਟ ਦੀ ਆੜ ਵਿਚ ਅੰਦਰ ਸ਼ਰਾਬ ਅਤੇ ਹੁੱਕਾ ਪਿਆਇਆ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਸੀ ਪਰ ਰੈਸਟੋਰੈਂਟ ਮਾਲਕ ਕੋਲ ਸ਼ਰਾਬ ਪਿਆਉਣ ਦਾ ਲਾਇਸੈਂਸ ਵੇਖ ਕੇ ਪੁਲਸ ਵਾਪਸ ਚਲੀ ਜਾਂਦੀ ਸੀ। ਟਿੰਕੂ ਇਸ ਹੁੱਕਾ ਬਾਰ ਨੂੰ ਬੰਦ ਕਰਵਾਉਣ ਲਈ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਦੇ ਨਾਲ ਖੜ੍ਹਾ ਸੀ। ਬਾਰ ਨੂੰ ਬੰਦ ਕਰਵਾਉਣ ਲਈ ਟਿੰਕੂ ਦੇ ਦਫ਼ਤਰ ਵਿਚ ਮੀਟਿੰਗ ਵੀ ਹੋਈ ਸੀ, ਜਿਸ ਵਿਚ ਟਿੰਕੂ ਨੇ ਇਹ ਵੀ ਕਿਹਾ ਸੀ ਕਿ ਹੁੱਕਾ ਬਾਰ ਮਾਲਕ ਸਿਰਫ਼ ਰੈਸਟੋਰੈਂਟ ਚਲਾਉਣ ਕਿਉਂਕਿ ਸ਼ਰਾਬੀਆਂ ਕਾਰਨ ਇਲਾਕੇ ਦਾ ਮਾਹੌਲ ਖ਼ਰਾਬ ਹੁੰਦਾ ਹੈ। ਹੁੱਕਾ ਬਾਰ ਮਾਲਕ ਨੇ ਟਿੰਕੂ ਨੂੰ ਸਾਈਡ ’ਤੇ ਕਰਨ ਲਈ ਅਮਨ ਨਗਰ ਦੇ ਰਹਿਣ ਵਾਲੇ ਪੁਨੀਤ ਸ਼ਰਮਾ ਨੂੰ ਵਿਚਕਾਰ ਪਾਇਆ। ਪੁਨੀਤ ਨਾਲ ਟਿੰਕੂ ਦੀ ਬਹਿਸ ਵੀ ਹੋਈ ਕਿਉਂਕਿ ਉਸ ਨੇ ਟਿੰਕੂ ਨੂੰ ਧਮਕਾਇਆ ਸੀ ਕਿ ਹੁੱਕਾ ਬਾਰ ਵਿਚ ਉਸ ਦਾ ਵੀ ਹਿੱਸਾ ਹੈ। ਇਸ ਲਈ ਉਹ ਪਿੱਛੇ ਹਟ ਜਾਵੇ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਦਿਨ-ਦਿਹਾੜੇ ਸ਼ੋਅਰੂਮ ’ਚ ਚੱਲੀਆਂ ਗੋਲੀਆਂ
ਭਰੋਸੇਮੰਦ ਸੂਤਰਾਂ ਦਾ ਦਾਅਵਾ ਹੈ ਕਿ ਉਸ ਤੋਂ ਬਾਅਦ ਪੁਨੀਤ ਨੇ ਆਪਣੇ ਸਾਥੀਆਂ ਸਮੇਤ ਟਿੰਕੂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਟਿੰਕੂ ਵੀ ਪੁਨੀਤ ਦੇ ਘਰ ਜਾ ਕੇ ਉਸ ਨੂੰ ਧਮਕਾ ਕੇ ਆਇਆ ਸੀ। ਦੋਵਾਂ ਉੱਪਰ ਕਰਾਸ ਕੇਸ ਵੀ ਦਰਜ ਹੋਇਆ ਸੀ। ਟਿੰਕੂ ’ਤੇ ਕੇਸ ਦਰਜ ਹੋਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਫਿਰ ਤੋਂ ਹੁੱਕਾ ਬਾਰ ਖੁੱਲ੍ਹ ਗਿਆ ਸੀ। ਲਗਭਗ 12 ਦਿਨ ਪਹਿਲਾਂ ਇਹ ਟਿੰਕੂ ਜ਼ਮਾਨਤ ਲੈ ਕੇ ਕੰਮ ’ਤੇ ਆਉਣ ਲੱਗਾ ਸੀ ਕਿ ਰੰਜਿਸ਼ ਕੱਢਣ ਲਈ ਪੁਨੀਤ ਨੇ ਲੱਲੀ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਸੋਢਲ ਰੋਡ ’ਤੇ ਪ੍ਰੀਤ ਨਗਰ ਵਿਚ ਪੈਂਦੀ ਬਾਬਾ ਪੀ. ਵੀ. ਸੀ. ਵਿਚ ਦਾਖ਼ਲ ਹੋ ਕੇ ਗੁਰਮੀਤ ਉਰਫ਼ ਟਿੰਕੂ (40) ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮ ਘਰੋਂ ਫ਼ਰਾਰ ਹਨ। ਵੱਖ-ਵੱਖ ਪੁਲਸ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਛਾਪੇ ਮਾਰ ਰਹੀਆਂ ਹਨ ਅਤੇ ਜਲਦ ਸਾਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਥਾਣਾ ਨੰਬਰ 8 ਵਿਚ ਮੁਲਜ਼ਮ ਪੁਨੀਤ ਸ਼ਰਮਾ ਨਿਵਾਸੀ ਅਮਨ ਨਗਰ, ਨਰਿੰਦਰ ਲੱਲੀ ਨਿਵਾਸੀ ਗੁੱਜ਼ਾ ਪੀਰ ਸਮੇਤ 3 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਧਾਰਾ 302, 148, 149, ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਟਿੰਕੂ ਦੇ 2 ਬੱਚੇ ਹਨ। ਹਮਲਾਵਰ ਸੀ. ਸੀ. ਟੀ. ਵੀ. ’ਚ ਕੈਦ ਹੋ ਗਏ ਹਨ ਪਰ ਜਿਸ ਕਮਰੇ ਵਿਚ ਟਿੰਕੂ ਨੂੰ ਗੋਲੀਆਂ ਮਾਰੀਆਂ ਗਈਆਂ, ਉਥੇ ਕੈਮਰੇ ਨਹੀਂ ਸੀ ਲੱਗੇ ਹੋਏ।
ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਕਿਹਾ ਕਿ ਵਾਰਦਾਤ ਦੁਪਹਿਰ 1.30 ਵਜੇ ਦੇ ਲਗਭਗ ਵਾਪਰੀ। ਪੁਲਸ ਨੇ ਗੋਲੀਆਂ ਦੇ ਖੋਲ ਆਪਣੇ ਕਬਜ਼ੇ ਵਿਚ ਲੈ ਲਏ ਹਨ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕੋਰੋਨਾ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ’ਚ ਲੱਗਾ ਰਾਤ ਦਾ ਕਰਫ਼ਿਊ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੀ ਜਲੰਧਰ ਨੂੰ ਪੰਜਾਬ ਦਾ ਇਕਲੌਤਾ ਸ਼ਹਿਰ ਚੁਣਿਆ ਗਿਆ ਸੀ, ਜਿਹੜਾ ਸਭ ਤੋਂ ਸੁਰੱਖਿਅਤ ਸ਼ਹਿਰ ਮੰਨਿਆ ਗਿਆ ਸੀ ਪਰ ਸੁਰੱਖਿਅਤ ਸ਼ਹਿਰ ਦਾ ਖ਼ਿਤਾਬ ਮਿਲਣ ਦੇ ਅਗਲੇ ਹੀ ਦਿਨ ਸ਼ਹਿਰ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਵੀ ਲੱਗ ਗਿਆ ਕਿਉਂਕਿ ਜਿਸ ਜਗ੍ਹਾ ਦਿਨ-ਦਿਹਾੜੇ ਗੋਲੀਆਂ ਚਲਾਈਆਂ ਗਈਆਂ, ਉਹ ਇਲਾਕਾ ਕਾਫੀ ਰੁਝੇਵਿਆਂ ਭਰਪੂਰ ਹੈ ਅਤੇ ਆਲੇ-ਦੁਆਲੇ ਪੁਲਸ ਦੇ ਨਾਕੇ ਵੀ ਲੱਗੇ ਹੁੰਦੇ ਹਨ।
ਇਹ ਵੀ ਪੜ੍ਹੋ: ਹੈਰਾਨੀਜਨਕ ਖ਼ੁਲਾਸਾ: ਪਿਓ ਨੇ ਹੀ ਪ੍ਰੇਮਿਕਾ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਸੀ ਕੁੜੀ ਦਾ ਪ੍ਰੇਮੀ
ਹਮਲਾਵਰ ਕਤਲ ਕਰਕੇ ਬੋਲੇ ‘ਲੈ ਲਿਆ ਬਦਲਾ’
ਹਮਲਾਵਰ ਇੰਨੇ ਬੇਖੌਫ ਸਨ ਕਿ ਟਿੰਕੂ ਦੀ ਹੱਤਿਆ ਕਰਨ ਤੋਂ ਬਾਅਦ ਉਹ ਦੁਕਾਨ ਦੇ ਬਾਹਰ ਆ ਕੇ ਬੋਲੇ-ਅਸੀਂ ਬਦਲਾ ਲੈ ਲਿਆ। ਹਮਲਾਵਰਾਂ ਨੇ ਇਸ ਦੌਰਾਨ ਲਲਕਾਰੇ ਵੀ ਮਾਰੇ ਅਤੇ ਫਿਰ ਕਾਰ ਵਿਚ ਬੈਠੇ ਆਪਣੇ ਸਾਥੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਹਮਲਾਵਰਾਂ ਨੇ ਸਿਰਫ ਟਿੰਕੂ ਨੂੰ ਹੀ ਨਿਸ਼ਾਨਾ ਬਣਾਇਆ। ਜਿਸ ਸਮੇਂ ਉਹ ਦੁਕਾਨ ਵਿਚ ਦਾਖ਼ਲ ਹੋਏ, ਉਥੇ ਟਿੰਕੂ ਸਮੇਤ ਸਟਾਫ਼ ਅਤੇ ਹੋਰ ਲੋਕ ਵੀ ਸਨ। ਹਮਲਾਵਰਾਂ ਨੇ ਪਹਿਲਾਂ ਦੁਕਾਨ ਦੇ ਸ਼ੀਸ਼ੇ ਦੇ ਦਰਵਾਜ਼ੇ ’ਤੇ ਗੋਲੀਆਂ ਮਾਰੀਆਂ ਅਤੇ ਜਿਉਂ ਹੀ ਟਿੰਕੂ ਨੇ ਹਮਲਾਵਰਾਂ ਨੂੰ ਵੇਖਿਆ ਤਾਂ ਉਹ ਆਪਣੀ ਜਾਨ ਬਚਾਉਣ ਲਈ ਦੁਕਾਨ ਦੀ ਪਹਿਲੀ ਮੰਜ਼ਿਲ ਵਿਚ ਬਣੇ ਕਮਰੇ ਵਿਚ ਜਾ ਕੇ ਲੁਕ ਗਿਆ ਪਰ ਹਮਲਾਵਰ ਪਿੱਛਾ ਕਰਦੇ ਉਥੇ ਵੀ ਪਹੁੰਚ ਗਏ ਅਤੇ ਟਿੰਕੂ ਨੂੰ ਘੇਰ ਕੇ ਉਸਦੀ ਛਾਤੀ ਵਿਚ 5 ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ, ਨਵਾਂਸ਼ਹਿਰ ਤੋਂ ਬਾਅਦ ਹੁਣ ਕਪੂਰਥਲਾ ਵਿਚ ਰਾਤ ਦੇ ਕਰਫ਼ਿਊ ਦਾ ਐਲਾਨ
ਟਿੰਕੂ ਦੇ ਪਿਤਾ ਸੁਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਜਿਸ ਸਮੇਂ ਹਮਲਾ ਹੋਇਆ, ਉਹ ਦੁਕਾਨ ਦੇ ਬਾਹਰ ਹੀ ਖੜ੍ਹੇ ਸਨ। ਵੇਖਦੇ ਹੀ ਵੇਖਦੇ ਹਮਲਾਵਰ ਗੋਲੀਆਂ ਚਲਾ ਕੇ ਵਾਪਸ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਉਨ੍ਹਾਂ ਜਦੋਂ ਦੁਕਾਨ ਦੇ ਉਪਰ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਬੇਟਾ ਟਿੰਕੂ ਖ਼ੂਨ ਨਾਲ ਲਥਪਥ ਬੇਹੋਸ਼ ਪਿਆ ਸੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 73 ਸਾਲ ਦੇ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਪੁਨੀਤ ਅਤੇ ਲੱਲੀ ਨੂੰ ਉਹ ਪਛਾਣ ਗਏ ਸਨ ਪਰ ਬਾਕੀ 3 ਹਮਲਾਵਰਾਂ ਦੇ ਸਾਹਮਣੇ ਆਉਣ ’ਤੇ ਉਨ੍ਹਾਂ ਨੂੰ ਪਛਾਣ ਸਕਦੇ ਹਨ।
ਯੂ. ਪੀ.-ਬਿਹਾਰ ’ਚੋਂ ਖ਼ਤਮ ਹੋ ਕੇ ਪੰਜਾਬ ’ਚ ਸ਼ਰੇਆਮ ਚੱਲ ਰਹੀਆਂ ਗੋਲੀਆਂ : ਅਸ਼ੋਕ ਸਰੀਨ
ਪ੍ਰੀਤ ਨਗਰ ਵਿਚ ਦਿਨ-ਦਿਹਾੜੇ ਹੋਏ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਉਪ ਪ੍ਰਧਾਨ ਅਸ਼ੋਕ ਸਰੀਨ ਹਿੱਕੀ (ਐਡਵੋਕੇਟ) ਨੇ ਕਿਹਾ ਕਿ ਯੂ. ਪੀ. ਅਤੇ ਬਿਹਾਰ ’ਚ ਖਤਮ ਹੋਇਆ ਗੋਲੀਬਾਰੀ ਦਾ ਸਿਲਸਿਲਾ ਪੰਜਾਬ ਵਿਚ ਸ਼ੁਰੂ ਹੋ ਗਿਆ ਹੈ। ਪੰਜਾਬ ਵਿਚ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ, ਜਿਸ ਨਾਲ ਜਨਤਾ ਵਿਚ ਖੌਫ ਹੈ। ਸਰੀਨ ਨੇ ਕਿਹਾ ਕਿ ਸੂਬੇ ਵਿਚ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਲੜਖੜਾ ਚੁੱਕਾ ਹੈ, ਜਿਸ ਲਈ ਕੁਝ ਸਿਆਸੀ ਲੋਕ ਅਤੇ ਪ੍ਰਸ਼ਾਸਨ ਦੀਆਂ ਕਾਲੀਆਂ ਭੇਡਾਂ ਜ਼ਿੰਮੇਵਾਰ ਹਨ। ਉਨ੍ਹਾਂ ਡੀ. ਜੀ. ਪੀ. ਨੂੰ ਅਪੀਲ ਕੀਤੀ ਕਿ ਅਜਿਹੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਅਤੇ ਅਪਰਾਧੀਆਂ ਵਿਚ ਡਰ ਪੈਦਾ ਕਰਨ ਲਈ ਪੁਲਸ ਨੂੰ ਜ਼ਿਲਾ ਪੱਧਰ ’ਤੇ ਨਿਰਦੇਸ਼ ਦੇਣ।
ਇਹ ਵੀ ਪੜ੍ਹੋ:ਅਗਵਾ ਮਗਰੋਂ 6 ਸਾਲਾ ਬੱਚੀ ਦਾ ਕਤਲ, ਜੰਗਲ ’ਚ ਲਹੂ-ਲੁਹਾਨ ਹਾਲਤ ’ਚ ਮਿਲੀ ਲਾਸ਼
ਅਮਨ ਨਗਰ ’ਚ ਸ਼ਰਾਬ ਸਮੱਗਲਰ ਦੇ ਘਰ ਦੇ ਬਾਹਰ ਵੀ ਚੱਲੀ ਸੀ ਗੋਲੀ
ਕੁਝ ਦਿਨ ਪਹਿਲਾਂ ਅਮਨ ਨਗਰ ਦੇ ਸ਼ਰਾਬ ਸਮੱਗਲਰ ਦੇ ਘਰ ਦੇ ਬਾਹਰ ਵੀ ਕੁਝ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਸਨ। ਹਮਲਾਵਰ ਸਮੱਗਲਰ ਕੋਲੋਂ ਮਹੀਨਾ ਮੰਗ ਰਹੇ ਸਨ। ਥਾਣਾ ਨੰਬਰ 8 ਵਿਚ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਹਾਲ ਹੀ ਵਿਚ ਗ੍ਰੇਟਰ ਕੈਲਾਸ਼ ਵਿਚ ਵੀ ਡਬਲ ਮਰਡਰ ਦੀ ਵਾਰਦਾਤ ਸਾਹਮਣੇ ਆਈ ਸੀ। ਉੱਤਰੀ ਹਲਕੇ ਵਿਚ ਲਗਾਤਾਰ ਵਧ ਰਹੀਆਂ ਅਪਰਾਧਿਕ ਵਾਰਦਾਤਾਂ ਚਿੰਤਾ ਦਾ ਵਿਸ਼ਾ ਹੈ। ਹੋਟਲਾਂ ਵਿਚ ਛਾਪੇਮਾਰੀ ਕਰਨ ਵਿਚ ਰੁੱਝੇ ਪੁਲਸ ਅਧਿਕਾਰੀ ਜੁਰਮਾਂ ਨੂੰ ਕੰਟਰੋਲ ਕਰਨ ਵਿਚ ਅਸਫ਼ਲ ਸਾਬਤ ਹੋਏ ਹਨ।
ਨੋਟ: ਜਲੰਧਰ ਸ਼ਹਿਰ ’ਚ ਵੱਧ ਰਹੀਆਂ ਅਜਿਹੀਆਂ ਵਾਰਦਾਤਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਕੀ ਕਦਮ ਚੁੱਕਣੇ ਚਾਹੀਦੇ ਹਨ, ਕੁਮੈਂਟ ਕਰਕੇ ਦਿਓ ਜਵਾਬ