ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ''ਚ ਗ੍ਰਿਫਤਾਰ ਕੀਤੀ ਪਤਨੀ ਨੇ ਖੋਲ੍ਹੇ ਦਿਲ ਨੂੰ ਦਹਿਲਾ ਦੇਣ ਵਾਲੇ ਰਾਜ਼
Friday, Mar 20, 2020 - 07:25 PM (IST)
ਜਲੰਧਰ (ਵਰੁਣ)— ਟਰਾਂਸਪੋਰਟ ਨਗਰ ਚੌਕ ਕੋਲ ਮਿਲੀ ਸਿਰ ਕੱਟੀ ਲਾਸ਼ ਦੇ ਕੇਸ ਨੂੰ ਕਮਿਸ਼ਨਰੇਟ ਪੁਲਸ ਨੇ ਬੀਤੇ ਦਿਨ ਟਰੇਸ ਕਰ ਲਿਆ ਸੀ। ਇਸ ਮਾਮਲੇ 'ਚ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕੀਤਾ ਸੀ। ਇਹ ਕਤਲ ਇਕ ਪਤਨੀ ਨੇ 21 ਸਾਲ ਪੁਰਾਣੇ ਪ੍ਰੇਮੀ ਨਾਲ ਮਿਲ ਕੇ ਕੀਤਾ। ਸਿਰ ਅਤੇ ਧੜ ਦੋਵੇਂ ਵੱਖ-ਵੱਖ ਥਾਵਾਂ 'ਤੇ ਸੁੱਟਣ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਹੋ ਗਏ ਪਰ ਯੂ. ਪੀ. ਤੋਂ ਪਰਤਣ ਤੋਂ ਬਾਅਦ ਜਦੋਂ ਕਾਤਲ ਪਤਨੀ ਪਤੀ ਦੀ ਗੁੰਮਸ਼ੁਦਗੀ ਰਿਪੋਰਟ ਲਿਖਵਾਉਣ ਲਈ ਪੁਲਸ ਕੋਲ ਆਈ ਤਾਂ ਥਾਣਾ ਨੰਬਰ 8 ਦੀ ਪੁਲਸ ਨੇ ਕਾਫੀ ਸੂਝ-ਬੂਝ ਨਾਲ ਇਸ ਮਾਮਲੇ ਨੂੰ ਟਰੇਸ ਕਰ ਲਿਆ। ਪੁਲਸ ਨੇ ਕਾਤਲ ਪਤਨੀ ਨੂੰ ਗ੍ਰਿਫਤਾਰ ਕਰ ਲਿਆ, ਜਦੋਂਕਿ ਉਸ ਦਾ ਪ੍ਰੇਮੀ ਅਜੇ ਫਰਾਰ ਹੈ। ਪਤਨੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ 'ਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਪ੍ਰੇਮੀ ਰਾਧੇ ਸ਼ਾਮ ਨਾਲ ਸੀ ਪਤਨੀ ਦਾ ਅਫੇਅਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਿਸ ਵਿਅਕਤੀ ਦਾ ਸਿਰ ਕੱਟ ਕੇ ਟਰਾਂਸਪੋਰਟ ਨਗਰ ਚੌਕ ਕੋਲ ਸੁੱਟਿਆ ਗਿਆ ਸੀ, ਉਸ ਦਾ ਨਾਂ ਬਾਬੂ ਲਾਲ ਸੀ। ਗੁੱਜਾ ਪੀਰ ਰੋਡ 'ਤੇ ਕਿਰਾਏ ਦੇ ਕਮਰੇ 'ਚ ਰਹਿਣ ਵਾਲੇ ਬਾਬੂ ਲਾਲ ਦੀ ਪਤਨੀ ਪ੍ਰਭਾਵਤੀ ਦੇ ਵਿਆਹ ਤੋਂ ਪਹਿਲਾਂ ਹੀ ਯੂ. ਪੀ. ਦੇ ਪਿੰਡ ਸੁਲਤਾਨਪੁਰ ਦੇ ਰਹਿਣ ਵਾਲੇ ਰਾਧੇ ਸ਼ਾਮ ਨਾਲ ਪ੍ਰੇਮ ਸੰਬੰਧ ਸਨ। ਰਾਧੇ ਸ਼ਾਮ ਪੰਚਕੂਲਾ 'ਚ ਜੀਪ ਡਰਾਈਵਰ ਹੈ। ਪੁਲਸ ਦੀ ਮੰਨੀਏ ਤਾਂ ਪ੍ਰਭਾਵਤੀ ਪਹਿਲਾਂ ਵੀ ਰਾਧੇ ਸ਼ਾਮ ਨਾਲ ਭੱਜ ਗਈ ਸੀ ਪਰ ਕੁਝ ਸਮੇਂ ਬਾਅਦ ਵਾਪਸ ਆ ਕੇ ਆਪਣੇ ਪਤੀ ਕੋਲ ਰਹਿਣ ਲੱਗੀ ਸੀ। ਪਤਨੀ ਦੇ ਨਾਜਾਇਜ਼ ਸਬੰਧਾਂ ਬਾਰੇ ਬਾਬੂ ਲਾਲ ਨੂੰ ਜਾਣਕਾਰੀ ਸੀ, ਜਿਸ ਕਾਰਨ ਘਰ 'ਚ ਕਲੇਸ਼ ਰਹਿੰਦਾ ਸੀ, ਜਿਸ ਤੋਂ ਤੰਗ ਆ ਕੇ ਪ੍ਰਭਾਵਤੀ ਨੇ ਆਪਣੇ ਪ੍ਰੇਮੀ ਰਾਧੇ ਸ਼ਾਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਬਾਬੂ ਲਾਲ ਨੂੰ ਟਿਕਾਣੇ ਲਾਉਣ ਦੀ ਯੋਜਨਾ ਤਿਆਰ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ 'ਇੰਟਰਨੈੱਟ ਸੇਵਾਵਾਂ' ਬੰਦ ਕਰਨ 'ਤੇ ਕੈਪਟਨ ਦਾ ਵੱਡਾ ਬਿਆਨ
ਪ੍ਰੇਮੀ ਨਾਲ ਫੋਨ 'ਤੇ ਬਣਾਈ ਇਹ ਘਟੀਆ ਪਲਾਨਿੰਗ
5 ਮਹੀਨੇ ਪਹਿਲਾਂ ਵੀ ਪ੍ਰਭਾਵਤੀ ਆਪਣੇ ਪਿੰਡ ਗਈ ਸੀ ਅਤੇ ਕੁਝ ਸਮੇਂ ਬਾਅਦ ਪਰਤਣ 'ਤੇ ਉਸ ਦਾ ਆਪਣੇ ਪਤੀ ਨਾਲ ਝਗੜਾ ਹੋਇਆ। ਪ੍ਰਭਾਵਤੀ ਨੇ ਆਪਣੇ ਪ੍ਰੇਮੀ ਨੂੰ ਫੋਨ ਕਰਕੇ ਪਤੀ ਦਾ ਕੰਮ ਤਮਾਮ ਕਰਨ ਦੀ ਪਲਾਨਿੰਗ ਤਿਆਰ ਕੀਤੀ। ਯੋਜਨਾ ਅਨੁਸਾਰ 27 ਫਰਵਰੀ ਨੂੰ ਰਾਤ ਜਦੋਂ ਬਾਬੂ ਲਾਲ ਆਪਣੇ ਕਮਰੇ 'ਚ ਆ ਕੇ ਸੌਂ ਗਿਆ ਤਾਂ ਉਸ ਦੀ ਪਤਨੀ ਨੇ ਪ੍ਰੇਮੀ ਨੂੰ ਫੋਨ ਕਰਕੇ ਦੇਰ ਰਾਤ ਮਰਡਰ ਕਰਨ ਲਈ ਆਪਣੇ ਕਮਰੇ ਵਿਚ ਬੁਲਾ ਲਿਆ। ਪ੍ਰਭਾਵਤੀ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਰਾਧੇ ਸ਼ਾਮ ਨੇ ਸੁੱਤੇ ਹੋਏ ਬਾਬੂ ਲਾਲ ਦੀ ਗਰਦਨ 'ਤੇ ਦਾਤ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 28 ਨੂੰ ਸਿਰ ਅਤੇ ਧੜ ਟਿਕਾਣੇ ਲਾਉਣ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਹੋ ਗਏ।
ਪੁਲਸ ਨੇ ਮੁਲਜ਼ਮ ਪ੍ਰਭਾਵਤੀ ਨੂੰ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ 'ਤੇ ਰੰਧਾਵਾ ਮਸੰਦਾਂ ਕੋਲ ਸੁੱਟੇ ਗਏ ਸਿਰ ਨੂੰ ਬਰਾਮਦ ਕਰ ਲਿਆ ਹੈ। ਪੁਲਸ ਹੁਣ ਸਿਰ ਅਤੇ ਧੜ ਦਾ ਡੀ. ਐੱਨ. ਏ. ਟੈਸਟ ਕਰਵਾਏਗੀ, ਜਦੋਂਕਿ ਮੁਲਜ਼ਮ ਰਾਧੇ ਸ਼ਿਆਮ ਦੀ ਭਾਲ 'ਚ ਰੇਡ ਕੀਤੀ ਜਾ ਰਹੀ ਹੈ। ਪੁਲਸ ਨੇ ਪ੍ਰਭਾਵਤੀ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਦੇਰ ਰਾਤ ਪੁਲਸ ਨੇ ਪ੍ਰਭਾਵਤੀ ਦੇ ਕਮਰੇ ਦੇ ਬਾਹਰ ਸਮੋਸੇ ਦੀ ਰੇਹੜੀ ਲਾਉਣ ਵਾਲੇ ਵਿਅਕਤੀ ਨੂੰ ਵੀ ਹਿਰਾਸਤ 'ਚ ਲਿਆ ਹੈ।
ਇਹ ਵੀ ਪੜ੍ਹੋ: ਹੁਣ 'ਮੋਹਾਲੀ' ਦੀ ਔਰਤ 'ਚ 'ਕੋਰੋਨਾ ਵਾਇਰਸ' ਦੀ ਪੁਸ਼ਟੀ, ਸੀਲ ਹੋਇਆ ਪੂਰਾ ਇਲਾਕਾ
ਸਾਈਕਲ ਦੇ ਪਿੱਛੇ ਬੈਠ ਕੇ ਗੋਦੀ 'ਚ ਪਤੀ ਦਾ ਸਿਰ ਲੈ ਕੇ 5 ਕਿਲੋਮੀਟਰ ਤਕ ਘੁੰਮਦੀ ਰਹੀ
ਬਾਬੂ ਲਾਲ ਦਾ 27 ਫਰਵਰੀ ਦੀ ਰਾਤ ਮਰਡਰ ਕਰਨ ਤੋਂ ਬਾਅਦ ਪ੍ਰਭਾਵਤੀ ਨੇ ਦੇਰ ਰਾਤ ਤੱਕ ਕਮਰੇ 'ਚ ਖੂਨ ਸਾਫ ਕੀਤਾ। ਸਾਰੀ ਰਾਤ ਧੜ ਅਤੇ ਸਿਰ ਨੂੰ ਵੱਖਰਾ-ਵੱਖਰਾ ਟਿਕਾਣੇ ਲਾਉਣ ਦੀ ਪਲਾਨਿੰਗ ਤਿਆਰ ਹੁੰਦੀ ਰਹੀ। ਪ੍ਰੇਮੀ ਦੇ ਕਹਿਣ 'ਤੇ ਪ੍ਰਭਾਵਤੀ ਨੇ ਮਿੱਟੀ ਦੇ ਤੇਲ ਨੂੰ ਇਕ ਬੋਤਲ 'ਚ ਪਾਇਆ ਤਾਂ ਜੋ ਪਛਾਣ ਲੁਕਾਉਣ ਲਈ ਬਾਬੂ ਲਾਲ ਦੇ ਸਿਰ ਨੂੰ ਸਾੜਿਆ ਜਾ ਸਕੇ। ਸਿਰ ਅਤੇ ਧੜ ਦੋਵਾਂ ਨੂੰ ਵੱਖ-ਵੱਖ ਬੋਰਿਆਂ 'ਚ ਪੈਕ ਕੀਤਾ ਗਿਆ। ਪ੍ਰਭਾਵਤੀ ਅਤੇ ਉਸ ਦਾ ਪ੍ਰੇਮੀ ਰਾਧੇ ਸ਼ਿਆਮ ਸਾਈਕਲ 'ਤੇ 28 ਫਰਵਰੀ ਦੀ ਦੁਪਹਿਰ ਕਰੀਬ 12 ਵਜੇ ਸਿਰ ਟਿਕਾਉਣੇ ਲਾਉਣ ਲਈ ਨਿਕਲੇ। ਨਾਲ ਹੀ ਉਨ੍ਹਾਂ ਮਿੱਟੀ ਦੇ ਤੇਲ ਦੀ ਬੋਤਲ ਵੀ ਲੈ ਲਈ। ਰਾਧੇ ਸ਼ਾਮ ਨੇ ਮ੍ਰਿਤਕ ਦੇ ਸਾਈਕਲ ਦੇ ਪਿੱਛੇ ਆਪਣੀ ਪ੍ਰੇਮਿਕਾ ਨੂੰ ਬਿਠਾਇਆ, ਜਿਸ ਦੀ ਗੋਦ ਵਿਚ ਬਾਬੂ ਲਾਲ ਦਾ ਕੁੱਟਿਆ ਹੋਇਆ ਸਿਰ ਸੀ। 5 ਕਿਲੋਮੀਟਰ ਦਾ ਸਫਰ ਤੈਅ ਕਰਕੇ ਉਹ ਰੰਧਾਵਾ ਮਸੰਦਾਂ ਪਹੁੰਚੇ। ਉਥੇ ਇਕ ਸਰਕਾਰੀ ਸਕੂਲ ਕੋਲ ਸੁੰਨਸਾਨ ਥਾਂ ਵੇਖ ਕੇ ਸਿਰ ਉਥੇ ਸੁੱਟ ਦਿੱਤਾ।
ਪ੍ਰਭਾਵਤੀ ਨੇ ਪੁਲਸ ਨੂੰ ਦੱਸਿਆ ਕਿ ਉਥੇ ਕੁਝ ਆਵਾਜ਼ਾਂ ਸੁਣ ਕੇ ਉਹ ਘਬਰਾ ਗਏ ਅਤੇ ਭੱਜ ਗਏ, ਜਿਸ ਕਾਰਨ ਉਹ ਸਿਰ ਨੂੰ ਸਾੜ ਨਹੀਂ ਸਕੇ। ਉਸ ਤੋਂ ਬਾਅਦ ਦੁਪਹਿਰ ਕਰੀਬ 2 ਵਜੇ ਉਨ੍ਹਾਂ ਬੋਰੀ ਵਿਚ ਬੰਨ੍ਹਿਆ ਬਾਬੂ ਲਾਲ ਦਾ ਧੜ ਸਾਈਕਲ 'ਤੇ ਰੱਖਿਆ ਅਤੇ ਬੋਰੀ ਨੂੰ ਟਰਾਂਸਪੋਰਟ ਨਗਰ ਚੌਕ ਕੋਲ ਸਾਈਕਲ ਸਣੇ ਸੁੱਟ ਕੇ ਭੱਜ ਗਏ। ਉਸ ਤੋਂ ਬਾਅਦ ਉਹ ਦੋਵੇਂ ਕਮਰੇ ਵਿਚ ਨਹੀਂ ਗਏ ਅਤੇ ਯੂ. ਪੀ. ਸਥਿਤ ਆਪਣੇ ਪਿੰਡ ਸੁਲਤਾਨਪੁਰ ਪਹੁੰਚ ਗਏ। ਸੀ. ਪੀ. ਨੇ ਦੱਸਿਆ ਕਿ ਰਾਧੇ ਸ਼ਾਮ ਆਪਣੀ ਪ੍ਰੇਮਿਕਾ ਨੂੰ ਛੱਡ ਕੇ ਵਾਪਸ ਪੰਚਕੂਲਾ ਕੰਮ 'ਤੇ ਆ ਗਿਆ ਸੀ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ
ਯੂ. ਪੀ. ਪਹੁੰਚ ਕੇ ਪਤੀ ਦੇ ਲਾਪਤਾ ਹੋਣ ਦਾ ਰੌਲਾ ਪਾਇਆ, ਸ਼ਿਕਾਇਤ ਦੇਣ ਆਈ ਤਾਂ ਫੜੀ ਗਈ ਪਤਨੀ
ਜੇਕਰ ਪਰਿਵਾਰ ਵਾਲਿਆਂ ਦੇ ਦਬਾਅ ਕਾਰਣ ਪ੍ਰਭਾਵਤੀ ਪੁਲਸ ਵਿਚ ਸ਼ਿਕਾਇਤ ਦਰਜ ਨਾ ਕਰਵਾਉਂਦੀ ਤਾਂ ਇਹ ਕਤਲ ਕਾਂਡ ਸ਼ਾਇਦ ਹੀ ਟਰੇਸ ਹੁੰਦਾ। ਪਤੀ ਦਾ ਕਤਲ ਕਰਨ ਤੋਂ ਬਾਅਦ ਪ੍ਰਭਾਵਤੀ ਆਪਣੇ ਪਿੰਡ ਚਲੀ ਗਈ। ਕਾਫੀ ਦਿਨਾਂ ਤੱਕ ਪਤੀ ਨਾਲ ਗੱਲ ਨਾ ਹੋਣ 'ਤੇ ਜਦੋਂ ਪਰਿਵਾਰ ਵਾਲਿਆਂ ਨੇ ਉਸ ਬਾਰੇ ਪੁੱਛਿਆ ਤਾਂ ਪ੍ਰਭਾਵਤੀ ਨੇ ਗੁੱਜਾ ਪੀਰ ਰੋਡ ਕੋਲ ਰਹਿਣ ਵਾਲੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰਾਂ ਨੇ ਕਮਰੇ ਵਿਚ ਤਾਲਾ ਲੱਗਣ ਦੀ ਗੱਲ ਕਹੀ ਤਾਂ ਪਰਿਵਾਰ ਵਾਲਿਆਂ ਨੇ ਜਲੰਧਰ ਆ ਕੇ ਉਸ ਦੇ ਲਾਪਤਾ ਹੋਣ ਸਬੰਧੀ ਰਿਪੋਰਟ ਦਰਜ ਕਰਵਾਉਣ ਦਾ ਜ਼ੋਰ ਪਾਇਆ। 6 ਮਾਰਚ ਨੂੰ ਪ੍ਰਭਾਵਤੀ ਆਪਣੇ ਬੇਟੇ ਮਨੂ (17) ਨਾਲ ਜਲੰਧਰ ਆਈ ਅਤੇ ਪੁਲਸ ਨੂੰ ਪਤੀ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਦਿੱਤੀ। ਜਿਵੇਂ ਹੀ ਪੁਲਸ ਨੂੰ ਪਤਾ ਲੱਗਾ ਕਿ ਲਾਪਤਾ ਹੋਏ ਵਿਅਕਤੀ ਦਾ ਸਾਈਕਲ ਵੀ ਗਾਇਬ ਹੈ ਤਾਂ ਥਾਣਾ 8 ਦੇ ਇੰਚਾਰਜ ਸੁਖਜੀਤ ਸਿੰਘ ਨੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਪ੍ਰਭਾਵਤੀ ਕੋਲੋਂ ਉਸ ਦੇ ਪਤੀ ਦਾ ਫੋਨ ਨੰਬਰ ਲਿਆ ਅਤੇ ਕਾਲ ਡਿਟੇਲ ਖੰਗਾਲੀ। ਅਜੇ ਤੱਕ ਪੁਲਸ ਦਾ ਸ਼ੱਕ ਪਤਨੀ 'ਤੇ ਨਹੀਂ ਸੀ। ਕਾਲ ਡਿਟੇਲ ਵਿਚੋਂ ਇਨਪੁਟ ਮਿਲਣ ਤੋਂ ਬਾਅਦ ਪੁਲਸ ਨੇ ਪ੍ਰਭਾਵਤੀ ਦੇ ਕਮਰੇ ਦੇ ਬਾਹਰ ਨਾਈ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੂੰ ਚੁੱਕ ਲਿਆ। ਉਸ ਕੋਲੋਂ ਪੁੱਛਗਿੱਛ ਕੀਤੀ ਪਰ ਜਾਂਚ ਵਿਚ ਪਤਾ ਲੱਗਾ ਕਿ ਪ੍ਰਭਾਵਤੀ ਨੇ ਹੀ ਉਸ ਦੇ ਮੋਬਾਇਲ ਤੋਂ ਆਪਣੇ ਪਤੀ ਨੂੰ ਫੋਨ ਕਰਵਾਏ ਸਨ। ਪੁਲਸ ਨੇ ਨਾਈ ਨੂੰ ਵੀ ਛੱਡ ਦਿੱਤਾ। ਪੁਲਸ ਨੂੰ ਹੋਰ ਵੀ ਇਨਪੁਟ ਮਿਲੇ, ਜਿਸ ਨਾਲ ਸਾਰਾ ਸ਼ੱਕ ਪਤਨੀ 'ਤੇ ਆ ਗਿਆ। ਪ੍ਰਭਾਵਤੀ ਗਾਇਬ ਹੋ ਗਈ। ਪੁਲਸ ਦੀ ਜਾਂਚ ਪ੍ਰਭਾਵਤੀ 'ਤੇ ਆ ਕੇ ਖਤਮ ਹੋ ਗਈ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਪ੍ਰਭਾਵਤੀ ਨੂੰ ਹਰਗੋਬਿੰਦ ਨਗਰ ਤੋਂ ਗ੍ਰਿਫਤਾਰ ਕਰ ਲਿਆ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਕੇ ਕੱਟਿਆ ਸਿਰ ਵੀ ਬਰਾਮਦ ਕਰਵਾ ਦਿੱਤਾ।
ਇਹ ਵੀ ਪੜ੍ਹੋ: ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖੁਲਾਸਾ, ਪਤਨੀ ਨੇ ਹੀ ਰਚੀ ਸੀ ਇਹ ਘਿਨਾਉਣੀ ਸਾਜਿਸ਼
ਕਮਰੇ 'ਚੋਂ ਕਿਸੇ ਨੇ ਲਾਸ਼ ਲੈ ਕੇ ਜਾਂਦੇ ਨਹੀਂ ਦੇਖਿਆ, 26 ਫਰਵਰੀ ਤੋਂ ਬਾਅਦ ਕਮਰੇ ਨੂੰ ਲੱਗਾ ਸੀ ਤਾਲਾ : ਲੋਕ
ਲੋਕਾਂ ਦਾ ਕਹਿਣਾ ਹੈ ਕਿ ਗੁੱਜਾ ਪੀਰ ਰੋਡ ਜਿੱਥੇ ਮ੍ਰਿਤਕ ਦਾ ਕਮਰਾ ਹੈ, ਉਥੇ ਦੇਰ ਰਾਤ ਤੱਕ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਉਥੇ ਸਿਰ ਕੱਟਣਾ ਅਤੇ ਫਿਰ ਸਾਈਕਲ 'ਤੇ ਸਿਰ ਤੇ ਧੜ ਲੈ ਕੇ ਜਾਣਾ ਖਤਰੇ ਤੋਂ ਖਾਲੀ ਨਹੀਂ ਅਤੇ ਨਾ ਹੀ ਕਿਸੇ ਨੇ ਸਾਈਕਲ 'ਤੇ ਪ੍ਰਭਾਵਤੀ ਅਤੇ ਪ੍ਰੇਮੀ ਨੂੰ ਨਿਕਲਦੇ ਵੇਖਿਆ। ਪੁਲਸ ਨੇ ਜਿਸ ਥਾਂ 'ਤੇ ਧੜ ਸੁੱਟਿਆ ਗਿਆ ਸੀ, ਉਥੋਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਸੀ, ਜਿਸ ਬਾਰੇ ਪੁਲਸ ਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਕੋਈ ਵੀ ਸਾਈਕਲ 'ਤੇ ਆਉਂਦਾ ਨਜ਼ਰ ਨਹੀਂ ਆਇਆ ਪਰ ਹੁਣ ਥਾਣਾ 8 ਦੇ ਇੰਚਾਰਜ ਸੁਖਜੀਤ ਸਿੰਘ ਕੋਲੋਂ ਫੁਟੇਜ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲਾਸ਼ ਮਿਲਣ ਦੀ ਸੂਚਨਾ ਰਾਤ 8 ਵਜੇ ਆਈ ਸੀ ਪਰ ਉਹ 6 ਤੋਂ 8 ਵਜੇ ਤੱਕ ਫੁਟੇਜ ਖੰਗਾਲਦੇ ਰਹੇ। ਉਨ੍ਹਾਂ ਕਿਹਾ ਕਿ ਪ੍ਰਭਾਵਤੀ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਾ ਕਿ ਲਾਸ਼ ਨੂੰ ਦੁਪਹਿਰ 2 ਵਜੇ ਸੁੱਟਿਆ ਗਿਆ ਸੀ। ਭਾਵੇਂ ਕਿ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਸਾਹਮਣੇ ਲਿਆਂਦੀ ਗਈ ਪ੍ਰਭਾਵਤੀ ਦਾ ਕਹਿਣਾ ਹੈ ਕਿ ਉਹ ਰਾਧੇ ਸ਼ਾਮ ਨਾਲ ਟਾਂਡਾ ਰੋਡ 'ਤੇ ਇਕ ਧਾਰਮਿਕ ਸਥਾਨ 'ਤੇ 2 ਘੰਟਿਆਂ ਲਈ ਜ਼ਰੂਰ ਮਿਲਣ ਗਈ ਸੀ ਪਰ ਪਤੀ ਦੇ ਕਤਲ ਬਾਰੇ ਉਸ ਨੂੰ ਕੁਝ ਪਤਾ ਨਹੀਂ।