ਕਰਤਾਰਪੁਰ 'ਚ ਵੱਡੀ ਵਾਰਦਾਤ, ਦੇਰ ਰਾਤ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ (ਤਸਵੀਰਾਂ)
Sunday, Dec 23, 2018 - 01:13 PM (IST)

ਕਰਤਾਰਪੁਰ (ਸਾਹਣੀ)— ਕਰਤਾਰਪੁਰ ਦੇ ਪਿੰਡ ਧੀਰਪੁਰ 'ਚ ਇਕ ਹੈਰਾਨ ਕਰਨ ਵਾਲੀ ਮਰਡਰ ਮਿਸਟਰੀ ਨੇ ਪੁਲਸ ਨੂੰ ਉਲਝਾ ਕੇ ਰੱਖ ਦਿੱਤਾ ਹੈ। ਧੀਰਪੁਰ ਮੱਲੀਆਂ ਰੋਡ 'ਤੇ ਸਥਿਤ ਇਕ ਪਰਿਵਾਰ 'ਚ ਲਗਭਗ ਰਾਤ 10 ਵਜੇ 6 ਦੇ ਕਰੀਬ ਅਣਪਛਾਤੇ ਨੌਜਵਾਨਾਂ ਨੇ ਦਾਖਲ ਹੋ ਕੇ ਸੌਂ ਰਹੇ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਕਤਲ ਦੌਰਾਨ ਹਤਿਆਰੇ ਕਰੀਬ 5 ਘੰਟਿਆਂ ਤੱਕ ਘਰ 'ਚ ਹੀ ਰਹੇ।
ਮਿਲੀ ਜਾਣਕਾਰੀ ਮੁਤਾਬਕ ਡੇਅਰੀ ਕਾਰੋਬਾਰੀ ਦਲਜੀਤ ਸਿੰਘ ਦੇ ਘਰ ਬੀਤੀ ਰਾਤ 10 ਵਜੇ ਕਰੀਬ 6 ਦੇ ਕਰੀਬ ਨਕਾਬਪੋਸ਼ ਨੌਜਵਾਨ ਆਏ ਅਤੇ ਕਮਰੇ 'ਚ ਮੌਜੂਦ ਦਲਜੀਤ ਦੀ ਪਤਨੀ ਅਤੇ ਬੇਟੇ ਨੂੰ ਬੰਧਕ ਬਣਾ ਲਿਆ। ਕਰੀਬ ਤਿੰਨ ਘੰਟਿਆਂ ਤੱਕ ਦੋਵੇਂ ਮਾਂ-ਪੁੱਤ ਨੂੰ ਦੋ ਲੁਟੇਰਿਆਂ ਨੇ ਬੰਧਕ ਬਣਾਈ ਰੱਖਿਆ। ਇਸੇ ਦੌਰਾਨ ਕਮਰੇ ਦੇ ਬਾਹਰ ਸੁੱਤੇ ਦਲਜੀਤ ਸਿੰਘ ਦੀ ਕੁਝ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਨਕਾਬਪੋਸ਼ ਨੌਜਵਾਨ ਪੌਨੇ ਤਿੰਨ ਦੇ ਕਰੀਬ ਵਾਪਸ ਚਲੇ ਗਏ। ਉਨ੍ਹਾਂ ਦੇ ਜਾਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦਲਜੀਕ ਦੀ ਲਾਸ਼ ਨੂੰ ਦੇਖ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ।
ਜਵਾਈ ਨਵਜਿੰਦਰ ਸਿੰਘ ਨੇ ਦੱਸਿਆ ਕਿ ਨਕਾਬਪੋਸ਼ਾਂ ਨੇ ਮਾਂ ਅਤੇ ਬੇਟੇ ਬੰਧਕ ਬਣਾਉਂਦੇ ਸਮੇਂ ਦੋਹਾਂ ਦਾ ਮੋਬਾਇਲ ਵੀ ਖੋਹ ਲਿਆ ਪਰ ਜਾਂਦੇ ਸਮੇਂ ਮੋਬਾਇਲ ਬਾਹਰ ਰੱਖ ਗਏ। ਮਾਂ ਅਤੇ ਬੇਟਾ ਜਦੋਂ ਕਮਰੇ 'ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਦਲਜੀਤ ਦੀ ਖੂਨ ਨਾਲ ਲਥਪਥ ਲਾਸ਼ ਦੇਖੀ। ਦੇਰ ਰਾਤ ਮੌਕੇ 'ਤੇ ਡੀ. ਐੱਸ. ਪੀ. ਦਿਗਵਿਜੇ ਕਪਿਲ ਥਾਣਾ ਇੰਚਾਰਜ ਇੰਸਪੈਕਟਰ ਰਾਜੀਵ ਕੁਮਾਰ ਪੁਲਸ ਦਲ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੇ ਬੇਟੇ ਦਾ ਡੇਅਰੀ ਦਾ ਵਪਾਰ ਹੈ ਜਦਕਿ ਪਰਿਵਾਰ ਪਿੰਡ 'ਚ ਹੀ ਲੋਹਾ ਢਾਲਣ ਦੀ ਫੈਕਟਰੀ ਲਗਾ ਰਹੇ ਸਨ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦਲਜੀਤ ਸਿੰਘ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਰੰਜਿਸ਼ ਸੀ।