ਪਿਸਤੌਲ ਦੀ ਨੋਕ ''ਤੇ ਅਗਵਾ ਕੀਤਾ ਵਿਅਕਤੀ, ਫਿਰੌਤੀ ਤੋਂ ਬਾਅਦ ਛੱਡਿਆ

Thursday, Aug 05, 2021 - 01:01 PM (IST)

ਪਿਸਤੌਲ ਦੀ ਨੋਕ ''ਤੇ ਅਗਵਾ ਕੀਤਾ ਵਿਅਕਤੀ, ਫਿਰੌਤੀ ਤੋਂ ਬਾਅਦ ਛੱਡਿਆ

ਬੁਢਲਾਡਾ (ਬਾਂਸਲ) : ਸਥਾਨਕ ਸਹਿਰ ਦੇ ਫੁੱਟਬਾਲ ਚੌਂਕ 'ਤੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਤੋਂ ਇੱਕ ਵਿਅਕਤੀ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਅਗਵਾਕਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਐਸ. ਐਚ. ਓ. ਸਿਟੀ ਤਰਨਦੀਪ ਸਿੰਘ ਨੇ ਦੱਸਿਆ ਕਿ ਫੁੱਟਬਾਲ ਚੌਂਕ 'ਤੇ ਟਰਾਲੀ ਅਤੇ ਐਕਸਲ ਬਣਾਉਣ ਦੀ ਦੁਕਾਨ ਦੇ ਮਾਲਕ ਕੁਨਾਲ ਜਲਾਨ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਬੀਤੀ ਸ਼ਾਮ ਨੂੰ ਉਸਦੀ ਦੁਕਾਨ 'ਤੇ ਮਾਲ ਖਰੀਦੋ-ਫਰੋਖ਼ਤ ਕਰਨ ਲਈ ਕੁੱਝ ਵਿਅਕਤੀ ਆਏ ਅਤੇ ਕੁੱਝ ਸਮੇਂ ਬਾਅਦ ਉਸ ਦੇ ਦਫ਼ਤਰ ਵਿਚ ਜ਼ਬਰੀ ਦਾਖ਼ਲ ਹੋ ਗਏ।

ਇੱਥੇ ਉਕਤ ਵਿਅਕਤੀ ਪਿਸਤੌਲ ਕੱਢ ਕੇ ਦੁਕਾਨ ਦੇ ਮੁਲਾਜ਼ਮ ਭੋਲਾ ਸਿੰਘ ਨੂੰ ਅਗਵਾ ਕਰਕੇ ਇੱਕ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਦਿਆਂ ਉਸ ਨੂੰ ਲੈ ਕੇ ਕੇ ਫ਼ਰਾਰ ਹੋ ਗਏ ਅਤੇ ਧਮਕੀ ਦਿੱਤੀ ਕਿ ਜੇਕਰ ਪੈਸਿਆਂ ਦਾ ਪ੍ਰਬੰਧ ਨਾ ਕੀਤਾ ਤਾਂ ਇਸ ਦਾ ਹਸ਼ਰ ਮਾੜਾ ਹੋਵੇਗਾ। ਦੁਕਾਨ ਮਾਲਕ ਨੇ ਦੱਸਿਆ ਕਿ ਮੇਰੇ ਵੱਲੋਂ ਪੈਸਿਆਂ ਦਾ ਪ੍ਰਬੰਧ ਕਰਨ ਲਈ ਦੋਸਤਾਂ ਨੂੰ ਫੋਨ ਕਰਨ 'ਤੇ ਪ੍ਰਬੰਧ ਨਾ ਹੋਇਆ।

ਇਸ ਦੌਰਾਨ ਦੁਕਾਨਦਾਰ ਦੇ ਅਗਵਾ ਕੀਤੇ ਮੁਲਾਜ਼ਮ ਦੇ ਫੋਨ ਤੋਂ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ 50 ਹਜ਼ਾਰ ਰੁਪਏ ਦੇ ਕੇ ਆਪਣਾ ਮੁਲਾਜ਼ਮ ਛੁਡਾ ਕੇ ਲੈ ਜਾਓ। ਇਸ 'ਤੇ ਮੈਂ ਕੁੱਝ ਪੈਸਿਆਂ ਦਾ ਪ੍ਰਬੰਧ ਕਰਕੇ ਉਪਰੋਕਤ ਵਿਅਕਤੀਆਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਰਿਹਾ, ਜਿੱਥੇ ਉਨ੍ਹਾਂ ਮੇਰੇ ਮੁਲਾਜ਼ਮ ਨੂੰ ਛੱਡ ਦਿੱਤਾ। ਫਿਲਹਾਲ ਪੁਲਸ ਨੇ ਦੁਕਾਨਦਾਰ ਦੇ ਬਿਆਨ 'ਤੇ ਫਿਰੌਤੀ ਮੰਗਣ ਅਤੇ ਅਗਵਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਵਾਕਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News