ਸਰਕਾਰੀ ਹਸਪਤਾਲ ਤੋਂ ਮਿਲਿਆ ਜਵਾਬ, ਪਤਨੀ ਦੀ ਡਿਲੀਵਰੀ ਲਈ ਗ਼ਰੀਬ ਪਤੀ ਨੂੰ ਮਜਬੂਰ ਹੋ ਕੇ ਮੰਗਣੀ ਪਈ ਭੀਖ

Wednesday, Aug 21, 2024 - 05:18 AM (IST)

ਸਰਕਾਰੀ ਹਸਪਤਾਲ ਤੋਂ ਮਿਲਿਆ ਜਵਾਬ, ਪਤਨੀ ਦੀ ਡਿਲੀਵਰੀ ਲਈ ਗ਼ਰੀਬ ਪਤੀ ਨੂੰ ਮਜਬੂਰ ਹੋ ਕੇ ਮੰਗਣੀ ਪਈ ਭੀਖ

ਮਾਛੀਵਾੜਾ ਸਾਹਿਬ (ਟੱਕਰ)- ਸਰਕਾਰੀ ਹਸਪਤਾਲ ’ਚ ਜਣੇਪੇ ਤੋਂ ਜਵਾਬ ਮਿਲਣ ’ਤੇ ਗਰਭਵਤੀ ਔਰਤ ਦੇ ਪਤੀ ਨੂੰ ਬਾਜ਼ਾਰ ’ਚੋਂ ਭੀਖ ਮੰਗ ਕੇ ਨਿੱਜੀ ਹਸਪਤਾਲ ’ਚੋਂ ਉਸ ਦਾ ਇਲਾਜ ਕਰਵਾਉਣਾ ਪਿਆ। ਮਾਛੀਵਾੜਾ ਸਾਹਿਬ ਵਿਖੇ ਝੁੱਗੀ ਬਣਾ ਕੇ ਰਹਿੰਦੇ ਅਭਿਸ਼ੇਕ ਨੇ ਦੱਸਿਆ ਕਿ ਉਹ ਆਪਣੀ ਪਤਨੀ ਪਾਇਲ ਵਾਸੀ ਬਲੀਬੇਗ ਨੂੰ ਜਣੇਪੇ ਦੀਆਂ ਦਰਦਾਂ ਛਿੜਨ ’ਤੇ ਇਲਾਜ ਲਈ ਮਾਛੀਵਾੜਾ ਸਾਹਿਬ ਦੇ ਸਰਕਾਰੀ ਹਸਪਤਾਲ ਲੈ ਗਿਆ। 

ਉੱਥੇ ਮੌਜੂਦ ਨਰਸਾਂ ਨੇ ਉਸ ਨੂੰ ਦਾਖ਼ਲ ਕਰ ਲਿਆ ਤੇ ਇਲਾਜ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਦਰਦਾਂ ਜ਼ਿਆਦਾ ਸ਼ੁਰੂ ਹੋ ਗਈਆਂ ਤਾਂ ਡਿਊਟੀ ’ਤੇ ਤਾਇਨਾਤ ਨਰਸਾਂ ਨੇ ਜਵਾਬ ਦੇ ਦਿੱਤਾ ਕਿ ਇਸ ਸਮੇਂ ਹਸਪਤਾਲ ’ਚ ਕੋਈ ਡਾਕਟਰ ਨਹੀਂ ਹੈ, ਇਸ ਲਈ ਉਹ ਆਪਣੀ ਪਤਨੀ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਲੈ ਜਾਵੇ।

ਅਭਿਸ਼ੇਕ ਨੇ ਦੱਸਿਆ ਕਿ ਉਹ ਬੜੀ ਮੁਸ਼ਕਲ ਨਾਲ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤੋਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਲੈ ਕੇ ਗਿਆ, ਜਿੱਥੇ ਉਸ ਦਾ ਡਾਕਟਰਾਂ ਨੇ ਇਲਾਜ ਕੀਤਾ ਤੇ 15 ਹਜ਼ਾਰ ਰੁਪਏ ਦਾ ਖ਼ਰਚਾ ਦੱਸਿਆ। ਅਭਿਸ਼ੇਕ ਨੇ ਦੱਸਿਆ ਕਿ ਉਹ ਬੇਹੱਦ ਗ਼ਰੀਬ ਹੈ ਅਤੇ ਮਜ਼ਦੂਰੀ ਕਰਦਾ ਹੈ, ਉਸ ਕੋਲ 15 ਹਜ਼ਾਰ ਰੁਪਏ ਨਹੀਂ ਸਨ। ਇਲਾਜ ਦੇ 15 ਹਜ਼ਾਰ ਰੁਪਏ ਇਕੱਠੇ ਕਰਨ ਲਈ ਉਸ ਨੇ ਬਾਜ਼ਾਰਾਂ ’ਚੋਂ ਡਾਕਟਰੀ ਦਵਾਈਆਂ ਦੀਆਂ ਪਰਚੀਆਂ ਤੇ ਬਿੱਲ ਦਿਖਾ ਕੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਤੇ ਕੁਝ ਪੈਸੇ ਇਕੱਠੇ ਕੀਤੇ।

ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ

ਅਭਿਸ਼ੇਕ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ’ਚ ਇਲਾਜ ਨਾ ਹੋਣ ਕਾਰਨ ਅੱਜ ਗ਼ਰੀਬ ਵਿਅਕਤੀ ਨੂੰ ਆਪਣੀ ਪਤਨੀ ਦੇ ਇਲਾਜ ਲਈ ਭੀਖ ਮੰਗਣ ਲਈ ਮਜਬੂਰ ਹੋਣਾ ਪਿਆ, ਜੇ ਉਸ ਦਾ ਸਰਕਾਰੀ ਹਸਪਤਾਲ ’ਚ ਇਲਾਜ ਹੋ ਜਾਂਦਾ ਤਾਂ ਅੱਜ ਉਸ ਨੂੰ ਭੀਖ ਨਾ ਮੰਗਣੀ ਪੈਂਦੀ।

ਗਾਇਨਾਕੋਲੋਜਿਸਟ ਦੇ ਨੌਕਰੀ ਛੱਡਣ ਕਾਰਨ ਆ ਰਹੀ ਸਮੱਸਿਆ : ਐੱਸ.ਐੱਮ.ਓ.
ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਨੇ ਕਿਹਾ ਕਿ 14 ਅਗਸਤ ਨੂੰ ਪਾਇਲ ਨਾਂ ਦੀ ਗਰਭਵਤੀ ਔਰਤ ਹਸਪਤਾਲ ’ਚ ਇਲਾਜ ਲਈ ਦਾਖ਼ਲ ਹੋਈ ਸੀ ਅਤੇ ਰਿਕਾਰਡ ਮੁਤਾਬਕ ਉਸ ਦਾ ਬਲੱਡ ਪ੍ਰੈਸ਼ਰ ਹਾਈ ਸੀ। ਉਨ੍ਹਾਂ ਕਿਹਾ ਕਿ ਮਾਛੀਵਾੜਾ ਸਾਹਿਬ ਦੇ ਹਸਪਤਾਲ ’ਚ ਮੌਜੂਦ ਗਾਇਨਾਕੋਲੋਜਿਸਟ ਡਾਕਟਰ ਨੌਕਰੀ ਛੱਡ ਚੁੱਕੀ ਹੈ, ਜਿਸ ਕਾਰਨ ਪਿਛਲੇ 5-6 ਮਹੀਨਿਆਂ ਤੋਂ ਇਹ ਸਮੱਸਿਆ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਜੇ ਜਣੇਪੇ ਦਾ ਨਾਰਮਲ ਕੇਸ ਹੋਵੇ ਤਾਂ ਨਰਸਾਂ ਉਸ ਨੂੰ ਹੱਲ ਕਰ ਲੈਂਦੀਆਂ ਹਨ ਪਰ ਜੇ ਮਰੀਜ਼ ਦੀ ਹਾਲਤ ਠੀਕ ਨਾ ਹੋਵੇ ਤਾਂ ਉਸ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਗਾਇਨਾਕੋਲੋਜਿਸਟ ਤਾਇਨਾਤ ਕਰਨ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਅਮਰੀਕਾ 'ਚ ਵਾਪਰੇ ਹਾਦਸੇ ਨੇ ਘਰ 'ਚ ਵਿਛਾ'ਤੇ ਸੱਥਰ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News