ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਭੇਤਭਰੇ ਹਾਲਾਤ ''ਚ ਡਿੱਗਿਆ ਨੌਜਵਾਨ, ਮੌਤ

Monday, Dec 05, 2022 - 02:22 PM (IST)

ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਭੇਤਭਰੇ ਹਾਲਾਤ ''ਚ ਡਿੱਗਿਆ ਨੌਜਵਾਨ, ਮੌਤ

ਲੁਧਿਆਣਾ (ਤਰੁਣ) : ਕੋਚਰ ਮਾਰਕਿਟ ਇਲਾਕੇ ’ਚ ਸਥਿਤ ਈ. ਐੱਸ. ਈ. ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਇਕ ਨੌਜਵਾਨ ਭੇਦਭਰੇ ਹਾਲਾਤ ’ਚ ਡਿੱਗ ਗਿਆ, ਜਿਸਦੀ ਮੌਕੇ ’ਤੇ ਮੌਤ ਹੋ ਗਈ। ਨੌਜਵਾਨ ਦੀ ਪਛਾਣ 35 ਸਾਲਾ ਕੁਲਦੀਪ ਸਿੰਘ ਦੇ ਰੂਪ 'ਚ ਹੋਈ ਹੈ। ਸ਼ਰਾਬ ਦੀ ਲਤ ਕਾਰਨ ਰਿਸ਼ਤੇਦਾਰਾਂ ਨੇ ਕੁਲਦੀਪ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਚੌਂਕੀ ਕੋਚਰ ਮਾਰਕਿਟ ਇੰਚਾਰਜ ਭੀਖਮ ਦੇਵ ਨੇ ਦੱਸਿਆ ਕਿ ਸ਼ਰਾਬ ਦੀ ਲਤ ਕਾਰਨ ਕੁਲਦੀਪ ਸਿੰਘ ਦਾ ਈ. ਐੱਸ. ਆਈ. ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਕੁਲਦੀਪ ਦਾ ਸੁਭਾਅ ਕਾਫੀ ਚਿੜਚਿੜਾ ਹੋ ਚੁਕਾ ਸੀ। 3 ਦਿਨ ਤੋਂ ਹਸਪਤਾਲ 'ਚ ਦਾਖ਼ਲ ਕੁਲਦੀਪ ਦਾ ਦਵਾਈਆਂ ਦੇ ਸੇਵਨ ਦੇ ਕਾਰਨ ਖਾਣਾ-ਪੀਣਾ ਸਹੀ ਢੰਗ ਨਾਲ ਹਜ਼ਮ ਨਹੀਂ ਹੋ ਰਿਹਾ ਸੀ।

ਜਿਸ ਕਾਰਨ ਕਾਫੀ ਉਲਟੀਆਂ ਆ ਰਹੀਆਂ ਸਨ। ਇਸ ਕਾਰਨ ਉਹ ਹਸਪਤਾਲ ਦੀ ਛੱਤ ’ਤੇ ਟਹਿਲਣ ਲਈ ਗਿਆ। ਮੁੜਦੇ ਸਮੇਂ ਚੌਥੀ ਮੰਜ਼ਿਲ ’ਤੇ ਉਹ ਆਪਣਾ ਸੰਤੁਲਨ ਖੋਹ ਬੈਠਾ ਤੇ ਹੇਠਾਂ ਡਿੱਗਿਆ। ਡੂੰਘੀ ਸੱਟ ਲੱਗਣ ਕਾਰਨ ਕੁਲਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਪੁੱਤ ਦੀ ਅਚਾਨਕ ਮੌਤ ਕਾਰਨ ਕੁਲਦੀਪ ਸਿੰਘ ਦੀ ਮਾਂ ਸਮੇਤ ਪਰਿਵਾਰ ਸਦਮੇ ’ਚ ਹੈ। ਕੁਲਦੀਪ ਸਿੰਘ ਵਿਆਹਿਆ ਹੈ, ਜੋ ਕਿ ਪਰਿਵਾਰ ਦੇ ਨਾਲ ਨਿਊ ਕੁੰਦਨਪੁਰੀ ਸਿਵਲ ਲਾਈਨ ਇਲਾਕੇ 'ਚ ਰਹਿ ਰਿਹਾ ਸੀ। ਫਿਲਹਾਲ ਪੁਲਸ ਨੇ ਕੁਲਦੀਪ ਸਿੰਘ ਦੀ ਮਾਂ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਪੁਲਸ ਨੇ ਕੁਲਦੀਪ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ ਹੈ।
 


author

Babita

Content Editor

Related News