ਭੁਲੱਥ ਦੇ ਵਿਅਕਤੀ ਦੀ ਇਟਲੀ ''ਚ ਕੋਰੋਨਾ ਵਾਇਰਸ ਨਾਲ ਮੌਤ
Saturday, Apr 04, 2020 - 05:41 PM (IST)
 
            
            ਬੇਗੋਵਾਲ (ਰਜਿੰਦਰ) : ਹਲਕਾ ਭੁਲੱਥ ਦੇ ਪਿੰਡ ਰਾਵਾਂ ਦੇ ਜੋਗਿੰਦਰ ਸਿੰਘ ਦੀ ਕੋਰੋਨਾ ਵਾਇਰਸ ਕਾਰਨ ਇਟਲੀ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ 53 ਸਾਲਾਂ ਮ੍ਰਿਤਕ ਜੋਗਿੰਦਰ ਸਿੰਘ ਇਟਲੀ ਦੇ ਬਰੇਸ਼ੀਆ ਜ਼ਿਲ੍ਹੇ 'ਚ ਪੈਂਦੇ ਬਿਲਾ ਕਿਆਰਾ ਪਿੰਡ 'ਚ ਆਪਣੀ ਪਤਨੀ ਅਤੇ ਦੋ ਪੁਤਰਾਂ ਨਾਲ ਰਹਿੰਦਾ ਸੀ। ਉਹ ਇਕ ਫੈਕਟਰੀ 'ਚ ਕੰਮ ਕਰਦਾ ਸੀ। ਪਹਿਲਾਂ ਬੁਖਾਰ ਅਤੇ ਬਾਅਦ 'ਚ ਸਾਹ ਦੀ ਸਮੱਸਿਆ ਤੋਂ ਪੀੜਤ ਹੋਣ ਕਰਕੇ ਜੋਗਿੰਦਰ ਸਿੰਘ ਨੂੰ ਬੀਤੇ ਦਿਨੀਂ 28 ਮਾਰਚ ਨੂੰ ਬਰੇਸ਼ੀਆ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਇਲਾਜ ਤੋਂ ਬਾਅਦ ਉਸਦੀ ਹਾਲਤ 'ਚ ਇਕ ਵਾਰ ਸੁਧਾਰ ਆਇਆ ਸੀ। ਡਾਕਟਰਾਂ ਵਲੋਂ ਸੈਪਲ ਭੇਜਣ 'ਤੇ 30 ਮਾਰਚ ਨੂੰ ਜੋਗਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਮੁੜ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਸ਼ੁੱਕਰਵਾਰ (3 ਅਪ੍ਰੈਲ) ਨੂੰ ਇਟਲੀ ਦੇ ਕਰੀਬ 3 ਵਜੇ (ਭਾਰਤੀ ਸਮੇਂ ਅਨੁਸਾਰ ਕਰੀਬ 7 ਵਜੇ) ਜੋਗਿੰਦਰ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ ► ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ 2 ਡਾਕਟਰਾਂ ਸਣੇ 10 ਹੋਰ ਕੀਤੇ ਕੁਆਰਿੰਟਾਈਨ
ਦੱਸ ਦੇਈਏ ਕਿ ਮ੍ਰਿਤਕ ਜੋਗਿੰਦਰ ਸਿੰਘ ਹਲਕਾ ਭੁਲੱਥ ਦੇ ਪਿੰਡ ਰਾਵਾਂ ਦੇ ਮੌਜੂਦਾ ਸਰਪੰਚ ਅਮਰੀਕ ਸਿੰਘ ਦਾ ਭਰਾ ਸੀ। ਇਸ ਸਬੰਧੀ ਗੱਲਬਾਤ ਕਰਨ 'ਤੇ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਪਿਛਲੇ 22 ਸਾਲਾਂ ਤੋਂ ਇਟਲੀ 'ਚ ਰਹਿ ਰਿਹਾ ਹੈ ਅਤੇ ਉਸ ਦੇ ਦੋ ਪੁੱਤਰ 14 ਤੇ 15 ਸਾਲ ਦੇ ਹਨ, ਜੋ ਇਟਲੀ 'ਚ ਆਪਣੀ ਪੜ੍ਹਾਈ ਕਰ ਰਹੇ ਹਨ। ਉਸਨੇ ਦੱਸਿਆ ਕਿ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਜੋਗਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਸ਼ੁੱਕਰਵਾਰ (3 ਅਪ੍ਰੈਲ) ਨੂੰ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਖਬਰ ਤੋਂ ਬਾਅਦ ਪਿੰਡ ਰਾਵਾਂ 'ਚ ਗਮਗੀਨ ਮਾਹੌਲ ਬਣਿਆ ਹੋਇਆ ਹੈ।

ਦੱਸਣਯੋਗ ਹੈ ਕਿ ਅੱਜ ਪੰਜਾਬ 'ਚ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਪਹਿਲਾਂ ਮਾਮਲਾ ਫਰੀਦਕੋਟ ਦਾ ਸਾਹਮਣੇ ਆਇਆ ਹੈ, ਜਿੱਥੇ ਇਕ 35 ਸਾਲਾ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਸਪੈਸ਼ਲ ਚੀਫ ਸੈਕਟਰੀ ਕੇ. ਬੀ. ਐੱਸ. ਸਿੱਧੂ ਆਈ. ਏ. ਐੱਸ. ਨੇ ਟਵੀਟ ਕਰਕੇ ਦਿੱਤੀ ਹੈ। ਉਕਤ ਵਿਅਕਤੀ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵਲੋਂ ਵਿਅਕਤੀ ਦਾ ਰਿਹਾਇਸ਼ੀ ਇਲਾਕਾ ਹਰਿੰਦਰਾ ਨਗਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਵਿਭਾਗ ਵਲੋਂ ਵਿਅਕਤੀ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਸੂਚੀ ਬਣਾਈ ਜਾ ਰਹੀ ਹੈ, ਜਿਨ੍ਹਾਂ ਨੂੰ ਸ਼ਨਾਖਤ ਤੋਂ ਬਾਅਦ ਆਈਸੋਲੇਟ ਕਰਕੇ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ ► ਹੁਣ ਕੋਰੋਨਾ ਮਰੀਜ਼ਾਂ ਨੂੰ ਰੋਬੋਟ ਖੁਆਏਗਾ ਖਾਣਾ ਤੇ ਦਵਾਈਆਂ
ਦੂਜੇ ਮਾਮਲੇ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਬੇਟੀ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ। ਨਿਰਮਲ ਸਿੰਘ ਦੀ ਬੇਟੀ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ। ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਡਾ. ਟੀ. ਸਿੰਘ ਸੰਧੂ ਨੇ ਕੀਤੀ ਹੈ। ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਦੀ ਧੀ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਸ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ, ਜਿੱਥੇ ਪਹਿਲਾਂ ਤੋਂ ਹੀ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ 'ਚੋਂ ਕੁਲ 59 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 12, ਬੁਢਲਾਡਾ (ਮਾਨਸਾ) 3, ਫਰੀਦਕੋਟ 1, ਰੂਪਨਗਰ 1, ਹੁਸ਼ਿਆਰਪੁਰ ਦੇ 7, ਜਲੰਧਰ ਦੇ 6, ਪਟਿਆਲਾ 1, ਲੁਧਿਆਣਾ 4 ਅਤੇ ਅੰਮ੍ਰਿਤਸਰ ਦੇ 5 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ ► ਬਲੈਕ ਆਊਟ ਦੇ ਖਤਰੇ ਨਾਲ ਨਜਿੱਠਣਾ ਪਾਵਰਕਾਮ ਦੇ ਸਾਹਮਣੇ ਹੋਵੇਗੀ ਵੱਡੀ ਚੁਣੌਤੀ ►ਭਾਈ ਨਿਰਮਲ ਸਿੰਘ ਦਾ ਸਸਕਾਰ ਰੋਕਣ ਵਾਲਿਆਂ ਨੂੰ ਸਿੱਖ ਪੰਥ ਤੋਂ ਬਾਹਰ ਕੀਤਾ ਜਾਵੇ : ਸੋਮ ਪ੍ਰਕਾਸ਼

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            