ਟਰੱਕ ਹੇਠ ਆਏ ਵਿਅਕਤੀ ਦੀ ਹੋਈ ਮੌਤ
Monday, May 26, 2025 - 02:53 PM (IST)

ਫਿਰੋਜ਼ਪੁਰ (ਮਲਹੋਤਰਾ) : ਬਾਰਡਰ ਰੋਡ 'ਤੇ ਵਾਪਰੇ ਸੜਕ ਹਾਦਸੇ ਵਿਚ ਜ਼ਖਮੀ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਉਸਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਦੇ ਅਣਪਛਾਤੇ ਚਾਲਕ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸੂਚਨਾ ਵਿਚ ਮਨੁ ਵਾਸੀ ਬਸਤੀ ਬੋਰੀਆਂ ਵਾਲੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਸਦਾ ਪਿਤਾ ਬਜ਼ਾਰ ਤੋਂ ਸਮਾਨ ਲੈ ਕੇ ਪੈਦਲ ਘਰ ਵੱਲ ਆ ਰਿਹਾ ਸੀ। ਜਦ ਉਹ ਸਰਵਿਸ ਸਟੇਸ਼ਨ ਦੇ ਕੋਲ ਪੁੱਜਾ ਤਾਂ ਤੇਜ ਰਫ਼ਤਾਰ ਟਰੱਕ ਦੇ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਟਰੱਕ ਥੱਲੇ ਕੁਚਲਣ ਤੋਂ ਬਾਅਦ ਗੱਡੀ ਭਜਾ ਕੇ ਲੈ ਗਿਆ।
ਗੰਭੀਰ ਜ਼ਖਮੀ ਹਾਲਤ ਵਿਚ ਉਸਦੇ ਪਿਤਾ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਫਿਰ ਫਰੀਦਕੋਟ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਤੜਕੇ ਉਸਦੀ ਮੌਤ ਹੋ ਗਈ। ਥਾਣਾ ਸਿਟੀ ਦੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਅਣਪਛਾਤੇ ਟਰੱਕ ਚਾਲਕ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਸਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।