ਅਣਪਛਾਤੇ ਵਾਹਨ ਦੀ ਟੱਕਰ ਨਾਲ ਐਕਟਿਵਾ ਚਾਲਕ ਦੀ ਮੌਤ
Tuesday, Oct 10, 2023 - 03:32 PM (IST)
ਸਾਹਨੇਵਾਲ (ਜਗਰੂਪ) : ਇਕ ਅਣਪਛਾਤੇ ਵਾਹਨ ਚਾਲਕ ਵੱਲੋਂ ਮਾਰੀ ਗਈ ਫੇਟ ਦੇ ਕਾਰਨ ਐਕਟਿਵਾ ਚਾਲਕ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ (27) ਪੁੱਤਰ ਗੁਰਦੇਵ ਸਿੰਘ ਵਾਸੀ ਖਮਾਣੋਂ ਦੇ ਰੂਪ ’ਚ ਹੋਈ ਹੈ। ਥਾਣਾ ਕੂੰਮਕਲਾਂ ਦੀ ਪੁਲਸ ਨੇ ਮ੍ਰਿਤਕ ਦੇ ਚਾਚੇ ਹਰਮੇਸ਼ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਖਮਾਣੋਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਹਰਮੇਸ਼ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਬੀਤੀ 30 ਸਤੰਬਰ ਨੂੰ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਲੁਧਿਆਣਾ ਤੋਂ ਖਮਾਣੋ ਨੂੰ ਆ ਰਿਹਾ ਸੀ।
ਰਸਤੇ ’ਚ ਪਿੰਡ ਮਾਨਗੜ੍ਹ ਦੇ ਕੱਟ ਤੋਂ ਥੋੜ੍ਹਾ ਅੱਗੇ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਅਰਸ਼ਦੀਪ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਅਰਸ਼ਦੀਪ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੇ ਇਲਾਜ ਦੌਰਾਨ ਬੀਤੀ 8 ਅਕਤੂਬਰ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ। ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।