ਪਿੰਡ ਝਨੇੜੀ ਨੇੜੇ ਰੀਪਰ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

04/18/2022 4:13:43 PM

ਭਵਾਨੀਗੜ੍ਹ (ਵਿਕਾਸ) : ਪਿੰਡ ਝਨੇੜੀ ਦੇ ਵਿਅਕਤੀ ਦੀ ਬੀਤੀ ਦੇਰ ਰਾਤ ਟਰੈਕਟਰ ਅਤੇ ਰੀਪਰ (ਤੂੜੀ ਬਣਾਉਣ ਵਾਲੀ ਮਸ਼ੀਨ) ਹੇਠਾਂ ਆ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਘਰਾਚੋਂ ਚੌਂਕੀ ਦੇ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਬਲਕਾਰ ਰਾਮ ਉਰਫ਼ ਕਾਰੀ (46) ਪੁੱਤਰ ਸੁਖਦੇਵ ਰਾਮ ਵਾਸੀ ਝਨੇੜੀ ਦਿਹਾੜਦਾਰ ਵਿਅਕਤੀ ਸੀ, ਜੋ ਬੀਤੀ ਰਾਤ ਸਵਾ ਕੁ 12 ਵਜੇ ਪਿੰਡ ਝਨੇੜੀ ਤੋਂ ਸੰਘਰੇੜੀ ਵੱਲ ਨੂੰ ਜਾਂਦੇ ਕੱਚੇ ਪਹੇ ਵਾਲੇ ਰਸਤੇ ’ਤੇ ਟਰੈਕਟਰ ਨਾਲ ਰੀਪਰ ਮਸ਼ੀਨ ਲੈ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਟਰੈਕਟਰ ’ਤੇ ਮਸ਼ੀਨ ਪਲਟ ਜਾਣ ਕਾਰਨ ਬਲਕਾਰ ਰਾਮ ਟਰੈਕਟਰ ਮਸ਼ੀਨ ਦੇ ਹੇਠਾਂ ਆ ਕੇ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ।

ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਹਾਦਸੇ ਸਬੰਧੀ ਪਤਾ ਲੱਗਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪੁੱਜ ਕੇ ਗੰਭੀਰ ਹਾਲਤ ’ਚ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਧੀਆਂ ਤੇ ਇਕ ਪੁੱਤਰ ਛੱਡ ਗਿਆ। ਹਾਦਸੇ ਸਬੰਧੀ ਪੁਲਸ ਨੇ 174 ਦੀ ਕਾਰਵਾਈ ਅਮਲ ’ਚ ਲਿਆਂਦੀ। ਉੱਧਰ, ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮ੍ਰਿਤਕ ਦੇ ਗਰੀਬ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ।
 


Babita

Content Editor

Related News