ਜ਼ੀਰਕਪੁਰ ''ਚ ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਹਸਪਤਾਲ ਪੁੱਜਦੇ ਹੀ ਮੌਤ

Wednesday, Sep 23, 2026 - 12:31 PM (IST)

ਜ਼ੀਰਕਪੁਰ ''ਚ ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਹਸਪਤਾਲ ਪੁੱਜਦੇ ਹੀ ਮੌਤ

ਜ਼ੀਰਕਪੁਰ (ਅਵਤਾਰ ਧੀਮਾਨ) : ਇੱਥੇ ਜ਼ੀਰਕਪੁਰ ਫਲਾਈਓਵਰ ’ਤੇ ਮੰਗਲਵਾਰ ਦੇਰ ਸ਼ਾਮ ਇੱਕ ਮੋਟਰਸਾਈਕਲ ਸਵਾਰ ਦੇ ਸ਼ੱਕੀ ਹਾਲਾਤ 'ਚ ਫਲਾਈਓਵਰ ਤੋਂ ਹੇਠਾਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹੇਠਾਂ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਜ਼ੀਰਕਪੁਰ ਪੁਲਸ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਘਟਨਾ ਦੇਰ ਸ਼ਾਮ ਕਰੀਬ ਅੱਠ ਤੋਂ ਸਾਢੇ ਅੱਠ ਵਜੇ ਦੇ ਵਿਚਕਾਰ ਵਾਪਰੀ।

ਮੋਟਰਸਾਈਕਲ ਸਵਾਰ ਚੰਡੀਗੜ੍ਹ ਵੱਲੋਂ ਡੇਰਾਬੱਸੀ ਦੀ ਦਿਸ਼ਾ ਵੱਲ ਜਾ ਰਿਹਾ ਸੀ। ਜਦੋਂ ਉਹ ਕੋਹਿਨੂਰ ਢਾਬੇ ਨੇੜੇ ਫਲਾਈਓਵਰ ’ਤੇ ਪਹੁੰਚਿਆ ਤਾਂ ਸ਼ੱਕੀ ਹਾਲਾਤ 'ਚ ਅਚਾਨਕ ਫਲਾਈਓਵਰ ਤੋਂ ਹੇਠਾਂ ਜਾ ਡਿੱਗਿਆ। ਉਚਾਈ ਤੋਂ ਡਿੱਗਣ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਪੜਤਾਲੀਆ ਅਫ਼ਸਰ ਲਾਭ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਕਿਹੜੇ ਹਾਲਾਤ 'ਚ ਫਲਾਈਓਵਰ ਤੋਂ ਹੇਠਾਂ ਡਿੱਗਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮਾਮਲੇ ਦੀ ਅਸਲ ਤਸਵੀਰ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।


author

Babita

Content Editor

Related News