ਦੁਬਈ ''ਚ ਹੀ ਹੋਵੇਗਾ ਹਾਦਸੇ ''ਚ ਮਰੇ ਬਲਵਿੰਦਰ ਸਿੰਘ ਦਾ ਸਸਕਾਰ, ਪਰਿਵਾਰ ਦੇਖ ਸਕੇਗਾ ਲਾਈਵ
Thursday, Apr 30, 2020 - 12:56 PM (IST)
ਮਾਛੀਵਾੜਾ ਸਾਹਿਬ (ਟੱਕਰ,ਸਚਦੇਵਾ)— ਨੇੜਲੇ ਪਿੰਡ ਬਲੀਏਵਾਲ ਦਾ ਨਿਵਾਸੀ ਬਲਵਿੰਦਰ ਸਿੰਘ ਜੋ ਕਿ ਦੁਬਈ ਵਿਖੇ ਲੰਘੀ 16 ਅਪ੍ਰੈਲ ਨੂੰ ਇਕ ਹਾਦਸੇ ਦੌਰਾਨ ਮੌਤ ਦੇ ਮੂੰਹ 'ਚ ਜਾ ਪਿਆ ਸੀ, ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਹੋਣ ਕਾਰਨ ਲਾਸ਼ ਭਾਰਤ ਨਹੀਂ ਆ ਸਕੇਗੀ। ਪਰਿਵਾਰਕ ਮੈਂਬਰਾਂ ਵੱਲੋਂ ਕਾਫੀ ਜੱਦੋ-ਜ਼ਹਿਦ ਕੀਤੀ ਜਾ ਰਹੀ ਸੀ ਕਿ ਉਸ ਦੀ ਪਤਨੀ ਅਤੇ ਬੱਚੇ ਅੰਤਿਮ ਵਾਰ ਬਲਵਿੰਦਰ ਸਿੰਘ ਮੂੰਹ ਦੇਖ ਸਕਣ ਅਤੇ ਉਸ ਦਾ ਸਸਕਾਰ ਪਿੰਡ 'ਚ ਹੀ ਹੋਵੇ। ਇਸਸਬੰਧੀ ਦੁਬਈ ਤੋਂ ਗ੍ਰੀਸ ਪੰਥ ਨਾਂ ਦੀ ਇਕ ਸੰਸਥਾ ਨੇ ਇਹ ਲਾਸ਼ ਲਿਆਉਣ ਦਾ ਉਪਰਾਲਾ ਵੀ ਸ਼ੁਰੂ ਕੀਤਾ ਪਰ ਜਦੋਂ ਡਾਕਟਰਾਂ ਨੇ ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਦਿਖਾਈ ਉਸ ਤੋਂ ਬਾਅਦ ਲਾਸ਼ ਭਾਰਤ ਆਉਣ ਦੀਆਂ ਸੰਭਾਵਨਾਵਾਂ ਬਿਲਕੁਲ ਖਤਮ ਹੋ ਗਈਆਂ।
ਇਹ ਵੀ ਪੜ੍ਹੋ: ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 3 ਨਵੇਂ ਕੇਸ ਆਏ ਸਾਹਮਣੇ
ਪਰਿਵਾਰਕ ਮੈਂਬਰ ਹੈਰਾਨ ਸਨ ਕਿ ਬਲਵਿੰਦਰ ਸਿੰਘ ਦੀ ਮੌਤ ਹਾਦਸੇ ਦੌਰਾਨ ਹੋਈ ਫਿਰ ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਕਿਵੇਂ ਆ ਗਈ। ਫਿਲਹਾਲ ਗ੍ਰੀਸ ਪੰਥ ਸੁਸਾਇਟੀ ਵੱਲੋਂ ਸਾਰੀਆਂ ਰਿਪੋਰਟਾਂ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀਆਂ ਹਨ ਅਤੇ ਹੁਣ ਪਤਨੀ ਦੀ ਪ੍ਰਵਾਨਗੀ ਤੋਂ ਬਾਅਦ ਦੁਬਈ ਵਿਖੇ ਹੀ ਬਲਵਿੰਦਰ ਸਿੰਘ ਦਾ ਅੰਤਿਮ ਸਸਕਾਰ ਹੋਵੇਗਾ। ਉਕਤ ਸੰਸਥਾ ਵੱਲੋਂ ਇਹ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਦਾ ਅੰਤਿਮ ਸਸਕਾਰ ਪਿੰਡ ਬਲੀਏਵਾਲ ਵਿਖੇ ਰਹਿੰਦੇ ਪਰਿਵਾਰਕ ਮੈਂਬਰ ਲਾਈਵ ਦੇਖ ਸਕਣ। ਬਲਵਿੰਦਰ ਸਿੰਘ ਦੇ ਅੰਤਿਮ ਸਸਕਾਰ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਦੇਰ ਸ਼ਾਮ ਤੱਕ ਸੂਚਨਾ ਮਿਲਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਪਤੀ ਆਪਣੇ ਤਿੰਨ ਛੋਟੇ-ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਦੁਬਈ ਗਿਆ ਸੀ ਪਰ ਹੁਣ ਉਸ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਤਨੀ ਨੇ ਕਿਹਾ ਕਿ ਉਸ ਦੀ ਇੱਛਾ ਸੀ ਕਿ ਉਸ ਦੇ ਪਤੀ ਦੀ ਲਾਸ਼ ਭਾਰਤ ਲਿਆਂਦੀ ਜਾਵੇ ਅਤੇ ਜਿਸ ਕੰਪਨੀ 'ਚ ਉਹ ਕੰਮ ਕਰਦਾ ਸੀ ਉਹ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰੇ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਵੀ ਦੁਬਈ ਦੀ ਕੰਪਨੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ 'ਚ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ।
ਇਹ ਵੀ ਪੜ੍ਹੋ: ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ