ਗਰਭਵਤੀ ਪਤਨੀ ਦਾ ਕਤਲ ਕਰਨ ਵਾਲੇ ਨੇ ਕੀਤੀ ਖੁਦਕੁਸ਼ੀ, ਲਾਸ਼ ਬਰਾਮਦ

06/14/2020 1:06:55 PM

ਰਾਜਪੁਰਾ (ਨਿਰਦੋਸ਼, ਚਾਵਲਾ) : ਪ੍ਰਵਾਸੀ ਵਿਅਕਤੀ ਗੰਗਾ ਕੁਮਾਰ ਬੀਤੇ ਦਿਨੀਂ ਆਪਣੀ ਗਰਭਵਤੀ ਪਤਨੀ ਦਾ ਚਾਕੂਆਂ ਨਾਲ ਕਤਲ ਕਰ ਕੇ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਬੀਤੇ ਦਿਨ ਲਾਛੜੂ ਕਲਾਂ ਦੇ ਨੇੜਿਓਂ ਭਾਖੜਾ-ਨਰਵਾਣਾ ਬ੍ਰਾਂਚ ਨਹਿਰ ’ਚੋਂ ਬਰਾਮਦ ਹੋ ਗਈ। ਥਾਣਾ ਖੇੜੀ ਗੰਡਿਆਂ ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ।

ਜਾਣਕਾਰੀ ਮੁਤਾਬਕ ਬੀਤੀ 9 ਜੂਨ ਦੀ ਦੁਪਹਿਰ ਨੂੰ ਭੋਗਲਾ ਰੋਡ ਨਿਵਾਸੀ ਗੰਗਾ ਕੁਮਾਰ ਨੇ ਆਪਣੀ 8 ਮਹੀਨਿਆਂ ਦੀ ਗਰਭਵਤੀ ਪਤਨੀ ਸਰੋਜ਼ ਰਾਣੀ ’ਤੇ ਚਾਕੂਆਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਸੀ ਤੇ ਉਸ ਨੇ 10 ਜੂਨ ਦੀ ਰਾਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਮ ਤੋੜ ਦਿੱਤਾ ਸੀ, ਜਿਸ ’ਤੇ ਖੇੜੀ ਗੰਡਿਆਂ ਪੁਲਸ ਨੇ ਮ੍ਰਿਤਕਾ ਦੇ ਪਿਤਾ ਜੈਪਾਲ ਦੀ ਸ਼ਿਕਾਇਤ ’ਤੇ ਪਤਨੀ ਸਰੋਜ ਰਾਣੀ ਅਤੇ ਢਿੱਡ 'ਚ ਪਲ ਰਹੇ ਬੱਚੇ ਦੀ ਹੱਤਿਆ ਕਰਨ ਦੇ ਮਾਮਲੇ ’ਚ ਗੰਗਾ ਕੁਮਾਰ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲਣ ’ਤੇ ਪਿੰਡ ਨਰੜੂ ਨੇੜਿਓਂ ਲੰਘਣ ਵਾਲੀ ਨਰਵਾਣਾ-ਭਾਖੜਾ ਨਹਿਰ ਦੇ ਕੋਲ ਗੰਗਾ ਕੁਮਾਰ ਦਾ ਮੋਟਰਸਾਈਕਲ ਮਿਲਿਆ ਸੀ, ਜਿਸ ਤੋਂ ਸ਼ੱਕ ਜਾਹਰ ਕੀਤਾ ਜਾ ਰਿਹਾ ਸੀ ਕਿ ਗੰਗਾ ਕੁਮਾਰ ਨੇ ਪਤਨੀ ਅਤੇ ਢਿੱਡ 'ਚ ਪਲ ਰਹੇ ਬੱਚੇ ਦੀ ਹੱਤਿਆ ਕਰਨ ਤੋਂ ਬਾਅਦ ਗਲਤੀ ਦਾ ਅਹਿਸਾਸ ਹੋਣ ’ਤੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੋਵੇਗੀ। 
 


Babita

Content Editor

Related News