ਘਰ ''ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ ਪਰ ਘਰ ਪੁੱਜੀ ਪੁੱਤ ਦੀ ਲਾਸ਼, ਮਾਹੌਲ ਨੂੰ ਦੇਖ ਹਰ ਕੋਈ ਹੋਇਆ ਨਮ
Sunday, Jul 23, 2017 - 07:23 PM (IST)

ਗੜ੍ਹਦੀਵਾਲਾ(ਜਤਿੰਦਰ)— ਇਥੋਂ ਦੇ ਨਜ਼ਦੀਕੀ ਪਿੰਡ ਨੰਗਲ ਮੱਲ੍ਹੀਆਂ ਦੇ 28 ਪੰਜਾਬ ਰੈਜੀਮੈਂਟ ਆਰਮੀ ਦੇ ਜਵਾਨ ਪ੍ਰਭਜੋਤ ਸਿੰਘ (26) ਪੁੱਤਰ ਓਂਕਾਰ ਸਿੰਘ, ਜਿਸ ਦੀ ਰਾਮਗੜ੍ਹ (ਰਾਂਚੀ) ਵਿਖੇ ਬੀਤੇ ਦਿਨੀਂ ਡਿਊਟੀ ਦੌਰਾਨ ਅਚਾਨਕ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਦਾ ਸ਼ਨੀਵਾਰ ਨੂੰ ਉਸ ਦੇ ਜੱਦੀ ਪਿੰਡ ਨੰਗਲ ਮੱਲ੍ਹੀਆਂ ਵਿਖੇ ਪਹੁੰਚਣ 'ਤੇ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਗਮਗੀਨ ਮਾਹੌਲ ਨੂੰ ਦੇਖ ਉਥੇ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਦਿਖਾਈ ਦਿੱਤੀਆਂ। ਕੁਝ ਸਮਾਂ ਪਹਿਲਾਂ ਹੀ ਉਸ ਦੀ ਮੰਗਣੀ ਵੀ ਹੋਈ ਸੀ ਅਤੇ ਹੁਣ ਪਰਿਵਾਰ ਵਾਲੇ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਅਤੇ ਆਉਣ ਵਾਲੀ 27 ਜੁਲਾਈ ਨੂੰ ਉਸ ਦਾ ਜਨਮਦਿਨ ਵੀ ਸੀ।
ਇਸ ਮੌਕੇ ਮ੍ਰਿਤਕ ਦੇਹ ਨਾਲ ਰਾਂਚੀ ਤੋਂ ਆਏ ਨਾਇਬ ਸੂਬੇਦਾਰ ਗੁਰਮੇਲ ਸਿੰਘ, ਦਲਜੀਤ ਸਿੰਘ ਅਤੇ ਹੌਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਿਪਾਹੀ ਪ੍ਰਭਜੋਤ ਸਿੰਘ ਦੀ ਯੂਨਿਟ ਉੱਤਰਾਖੰਡ ਦੇ ਪਿਥੌਰਾਗੜ੍ਹ ਵਿਖੇ ਤਾਇਨਾਤ ਸੀ ਅਤੇ ਉਹ ਆਰਜ਼ੀ ਡਿਊਟੀ ਲਈ ਰਾਮਗੜ੍ਹ (ਰਾਂਚੀ) ਵਿਖੇ ਗਿਆ ਹੋਇਆ ਸੀ, ਜਿੱਥੇ ਬੀਤੀ 18 ਜੁਲਾਈ ਨੂੰ ਡਿਊਟੀ ਦੌਰਾਨ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ 20 ਜੁਲਾਈ ਨੂੰ ਉਸ ਦੀ ਮੌਤ ਹੋ ਗਈ।
ਪ੍ਰਭਜੋਤ ਸਿੰਘ ਦੀ ਮੌਤ ਦੀ ਖਬਰ ਕਾਰਨ ਪੂਰੇ ਇਲਾਕੇ ਵਿਚ ਮਾਤਮ ਛਾ ਗਿਆ ਸੀ। ਅੰਤਿਮ ਸੰਸਕਾਰ ਵੇਲੇ ਮ੍ਰਿਤਕ ਜਵਾਨ ਦੇ ਪਿਤਾ ਓਂਕਾਰ ਸਿੰਘ, ਮਾਤਾ ਅਮਰਜੀਤ ਕੌਰ ਅਤੇ ਛੋਟੇ ਭਰਾ ਅੰਗਰੇਜ਼ ਸਿੰਘ ਅਤੇ ਹੋਰਨਾਂ ਸਕੇ-ਸੰਬੰਧੀਆਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ। ਪ੍ਰਭਜੋਤ ਸਿੰਘ ਦਾ 27 ਜੁਲਾਈ ਨੂੰ ਜਨਮ ਦਿਨ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦੀ ਮੰਗਣੀ ਹੋਈ ਸੀ ਅਤੇ ਹੁਣ ਪਰਿਵਾਰ ਵੱਲੋਂ ਉਸ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।
ਇਸ ਮੌਕੇ ਸੈਨਿਕ ਭਲਾਈ ਦਫਤਰ ਹੁਸ਼ਿਆਰਪੁਰ ਤੋਂ ਕੈਪਟਨ ਅਸ਼ਵਨੀ ਕੁਮਾਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਮੁਖਤਿਆਰ ਸਿੰਘ ਅਤੇ ਹੋਰਨਾਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਪ੍ਰਭਜੋਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪਠਾਨਕੋਟ ਤੋਂ ਆਈ 23 ਜਾਟ ਰੈਜੀਮੈਂਟ ਦੀ ਟੁਕੜੀ ਵੱਲੋਂ ਮ੍ਰਿਤਕ ਜਵਾਨ ਨੂੰ ਸਲਾਮੀ ਦਿੱਤੀ ਗਈ। ਮ੍ਰਿਤਕ ਦੇ ਛੋਟੇ ਭਰਾ ਅੰਗਰੇਜ਼ ਸਿੰਘ ਵਲੋਂ ਚਿਖਾ ਨੂੰ ਅਗਨੀ ਭੇਟ ਕੀਤੀ ਗਈ। ਸਸਕਾਰ ਮੌਕੇ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਤੇ ਇਲਾਕੇ ਦੇ ਲੋਕ ਅਤੇ ਆਰਮੀ ਦੇ ਅਧਿਕਾਰੀ ਹਾਜ਼ਰ ਸਨ।