ਪੁਲਸ ਵੱਲੋਂ ਕਾਰਵਾਈ ਨਾ ਕਰਨ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

Tuesday, Aug 10, 2021 - 10:09 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ)-ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਲੱਖੇਵਾਲੀ ਅਧੀਨ ਪੈਂਦੇ ਪਿੰਡ ਚੱਕ ਤਾਮਕੋਟ ਦੇ ਵਾਸੀ ਜਗਮੀਤ ਸਿੰਘ ਨੇ ਅੱਜ ਖੁਦਕੁਸ਼ੀ ਕਰ ਲਈ। ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਜਗਮੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਅਨੁਸਾਰ ਉਸ ਦੀ ਪਤਨੀ ਨੂੰ ਪਿੰਡ ਦੇ ਕੁਝ ਵਿਅਕਤੀਆਂ ਦੀ ਸ਼ਹਿ ’ਤੇ ਇਕ ਵਿਅਕਤੀ ਵਰਗਲਾ ਕੇ ਲੈ ਗਿਆ । ਜਗਮੀਤ ਸਿੰਘ ਨੇ ਕਥਿਤ ਦੋਸ਼ ਲਾਏ ਸਨ ਕਿ ਲੱਖੇਵਾਲੀ ਪੁਲਸ ਨੂੰ ਉਸ ਵੱਲੋਂ ਤੇ ਉਸ ਦੀ ਧੀ ਵੱਲੋਂ ਸ਼ਿਕਾਇਤ ਦਿੱਤੀ ਗਈ ਪਰ ਪੁਲਸ ਇਸ ਮਾਮਲੇ ’ਚ ਕਾਰਵਾਈ ਨਹੀਂ ਕਰ ਰਹੀ। ਜਗਮੀਤ ਨੇ ਖੁਦਕੁਸ਼ੀ ਨੋਟ ’ਚ ਵੀ ਇਹ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ : ਕੰਟਰੋਲ ਟੁੱਟਣ ਕਾਰਨ ਖੇਤਾਂ ’ਚ ਡਿੱਗਿਆ ਡਰੋਨ, ਲੋਕਾਂ ’ਚ ਫ਼ੈਲੀ ਦਹਿਸ਼ਤ

ਉਧਰ ਇਸ ਮਾਮਲੇ ’ਚ ਬੀਤੇ ਕੱਲ ਜਗਮੀਤ ਦੀ ਧੀ ਨੇ ਨੈਸ਼ਨਲ ਐੱਸ. ਸੀ. ਕਮਿਸ਼ਨ ਨੂੰ ਈ-ਮੇਲ ਰਾਹੀਂ ਬੇਨਤੀ ਕੀਤੀ ਸੀ, ਜਿਸ ’ਤੇ ਐੱਸ. ਸੀ. ਕਮਿਸ਼ਨ ਨੇ ਤੁਰੰਤ ਐਕਸ਼ਨ ਲੈਂਦਿਆ 15 ਦਿਨ ’ਚ ਡੀ. ਸੀ. ਅਤੇ ਐੱਸ. ਐੱਸ. ਪੀ. ਮੁਕਤਸਰ ਨੂੰ ਰਿਪੋਰਟ ਦੇਣ ਲਈ ਕਿਹਾ ਸੀ ਪਰ ਇਸ ਦੌਰਾਨ ਅੱਜ ਜਗਮੀਤ ਸਿੰਘ ਵਾਸੀ ਚੱਕ ਤਾਮਕੋਟ ਨੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਸੂਚਨਾ ਨੈਸ਼ਨਲ ਐੱਸ. ਸੀ. ਕਮਿਸ਼ਨ ਨੂੰ ਮਿਲਣ ’ਤੇ ੳੁਸ ਨੇ ਤੁਰੰਤ ਇਸ ’ਤੇ ਕਾਰਵਾਈ ਕੀਤੀ। ਸ੍ਰੀ ਮੁਕਤਸਰ ਸਾਹਿਬ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਨੂੰ ਉਨ੍ਹਾਂ ਨੋਟਿਸ ਜਾਰੀ ਕਰ ਕੇ ਤੁਰੰਤ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ : ਖੇਤ ’ਚ ਪਾਣੀ ਲਾਉਣ ਗਏ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

9ਵੀਂ ਜਮਾਤ ’ਚ ਪੜ੍ਹਦੀ ਮ੍ਰਿਤਕ ਜਗਮੀਤ ਸਿੰਘ ਦੀ ਪੁੱਤਰੀ ਮਹਿਕਪ੍ਰੀਤ ਕੌਰ ਨੇ ਕਮਿਸ਼ਨ ਨੂੰ ਆਪਣੇ ਪਿਤਾ ਦੇ ਸੁਸਾਈਡ ਨੋਟ ਦੇ ਨਾਲ ਲਿਖਤੀ ਸ਼ਿਕਾਇਤ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ। ਕਮਿਸ਼ਨ ਨੂੰ ਪ੍ਰਾਪਤ ਸ਼ਿਕਾਇਤ ਦੇ ਅਨੁਸਾਰ ਮ੍ਰਿਤਕ ਜਗਮੀਤ ਸਿੰਘ ਨਿਵਾਸੀ ਪਿੰਡ ਚੱਕ ਤਾਮਕੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਆਪਣੀ ਪਤਨੀ ਦੀ ਗੁੰਮਸ਼ੁਦਾ ਦੀ ਸ਼ਿਕਾਇਤ ਲੱਖੋਵਾਲੀ ਥਾਣੇ ਅਤੇ ਪਿੰਡ ਦੇ ਸਰਪੰਚ ਨੂੰ ਦਿੱਤੀ ਸੀ ਅਤੇ ਦੱਸਿਆ ਸੀ ਕਿ ਉਸ ਦੀ ਪਤਨੀ ਦੇ ਗੁੰਮ ਹੋਣ ਦੇ ਪਿੱਛੇ ਪਿੰਡ ਦੇ ਹੀ ਕੁਝ ਰਸੂਖਦਾਰ ਵਿਅਕਤੀਆਂ ਦੇ ਨਾਂ ਸਨ। ਮ੍ਰਿਤਕ ਦੀ ਧੀ ਅਨੁਸਾਰ ਰਸੂਖਦਾਰਾਂ ਦੀ ਸ਼ਹਿ ’ਤੇ ਠੀਕ ਕਾਰਵਾਈ ਨਾ ਕਰਨ ਕਰਕੇ ਉਸ ਦੇ ਪਿਤਾ ਨੇ ਖੁਦਕੁਸ਼ੀ ਕੀਤੀ ਹੈ ਅਤੇ ਪਿਤਾ ਨੇ ਵੀ ਆਪਣੇ ਸੁਸਾਈਡ ਨੋਟ ’ਚ ਉਕਤ ਦੋਸ਼ੀਆਂ ਦਾ ਨਾਂ ਲਿਖਿਆ ਹੈ।  ਨੈਸ਼ਨਲ ਐੱਸ. ਸੀ. ਕਮਿਸ਼ਨ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੂੰ ਲਿਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਆਉਣ ਵਾਲੇ 7 ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ ਪੇਸ਼ ਕੀਤੀ ਜਾਵੇ। ਜੇਕਰ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨਵੀਂ ਦਿੱਲੀ ਕਮਿਸ਼ਨ ਦੀ ਅਦਾਲਤ ’ਚ ਤਲਬ ਕੀਤਾ ਜਾਵੇਗਾ।


Manoj

Content Editor

Related News