ਤੰਗ-ਪਰੇਸ਼ਾਨ ਕਰਨ ''ਤੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, 4 ਲੋਕਾਂ ਖ਼ਿਲਾਫ਼ ਮਾਮਲਾ ਦਰਜ
Saturday, Dec 26, 2020 - 12:57 PM (IST)
            
            ਡੇਹਲੋਂ (ਪਰਦੀਪ) : ਥਾਣਾ ਡੇਹਲੋਂ ਦੇ ਪਿੰਡ ਰਣੀਆਂ ਦੇ ਇੱਕ ਵਿਅਕਤੀ ਨੇ ਕੁਝ ਵਿਅਕਤੀਆਂ ਵਲੋਂ ਤੰਗ-ਪਰੇਸ਼ਾਨ ਕਰਨ 'ਤੇ ਜ਼ਹਿਰੀਲੀ ਦਵਾਈ ਪੀ ਕੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ, ਜਿਸ 'ਤੇ ਡੇਹਲੋਂ ਪੁਲਸ ਵਲੋਂ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕੁਲਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਰਣੀਆਂ ਦੀ ਪਤਨੀ ਸਰਬਜੀਤ ਕੌਰ ਨੇ ਡੇਹਲੋਂ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਸਦਾ ਪਤੀ ਪਿਛਲੇ 22-23 ਸਾਲਾਂ ਤੋਂ ਪਿੰਡ ਗਿੱਲ ਵਿਖੇ ਪੰਜਾਬੀ ਜੁੱਤੀ ਦੀ ਦੁਕਾਨ ਕਰਦਾ ਸੀ ਅਤੇ ਉਸ ਨੇ ਆਪਣੇ ਕਾਰੋਬਾਰ ਲਈ ਕਿਸੇ ਵਿਅਕਤੀ ਤੋਂ ਪੈਸੇ ਉਧਾਰ ਲਏ ਸਨ।
ਉਸ ਨੇ ਕਿਹਾ ਹੈ ਕਿ ਉਸ ਦਾ ਪਤੀ ਕੁਲਦੀਪ ਸਿੰਘ 23 ਦਸੰਬਰ ਨੂੰ ਰੋਜ਼ਾਨਾ ਦੀ ਤਰਾਂ ਸਵੇਰੇ ਕਰੀਬ 9 ਵਜੇ ਆਪਣੇ ਮੋਟਰਸਾਈਕਲ 'ਤੇ ਪਿੰਡ ਗਿੱਲ ਸਥਿੱਤ ਅਪਣੀ ਦੁਕਾਨ ਲਈ ਚਲਿਆ ਗਿਆ ਪਰ ਜਾਂਦਾ ਹੋਇਆ ਇਹ ਕਹਿ ਕੇ ਗਿਆ ਕਿ ਉਸ ਨੂੰ ਪੈਸਿਆਂ ਦੇ ਲੈਣ-ਦੇਣ ਕਰਕੇ ਇੱਕ ਜਨਾਨੀ ਨਰਿੰਦਰ ਕੌਰ, ਹਰਜੀਤ ਸਿੰਘ, ਰਮੇਸ਼ ਕੁਮਾਰ ਅਤੇ ਹੋਰ ਤੰਗ-ਪਰੇਸ਼ਾਨ ਕਰਦੇ ਹਨ ਅਤੇ ਉਹ ਸ਼ਾਮ ਮੌਕੇ ਘਰ ਆ ਕੇ ਇਸ ਸਬੰਧੀ ਉਸ ਨਾਲ ਗੱਲ ਕਰੇਗਾ ਪਰ ਬਾਅਦ ਦੁਪਹਿਰ ਡੇਢ ਵਜੇ ਦੇ ਕਰੀਬ ਉਸਦੇ ਪਤੀ ਕੁਲਦੀਪ ਦੇ ਇੱਕ ਦੋਸਤ ਦਾ ਉਸ ਦੇ ਜੇਠ ਨੂੰ ਫੋਨ ਆਇਆ ਕਿ ਉਸ ਨੂੰ ਕੁਲਦੀਪ ਦਾ ਫੋਨ ਆਇਆ ਸੀ ਕਿ ਉਸ ਨੂੰ ਕੁਝ ਵਿਅਕਤੀ ਪੈਸਿਆਂ ਦੇ ਲੈਣ ਦੇਣ ਕਰਕੇ ਤੰਗ-ਪਰੇਸ਼ਾਨ ਕਰਦੇ ਹਨ, ਜਿਸ ਕਾਰਨ ਉਹ ਜ਼ਹਿਰੀਲੀ ਦਵਾਈ ਪੀ ਕੇ ਅਪਣੀ ਜੀਵਨ ਲੀਲਾ ਖ਼ਤਮ ਕਰ ਰਿਹਾ ਹੈ, ਜਿਸ 'ਤੇ ਉਸਦਾ ਜੇਠ ਹੋਰਨਾਂ ਨੂੰ ਨਾਲ ਲੈ ਕੇ ਉਕਤ ਮੋਟਰ 'ਤੇ ਪੁੱਜਾ ਤਾਂ ਉੱਥੇ ਕੁਲਦੀਪ ਸਿੰਘ ਬੇਹੋਸ਼ ਪਿਆ ਸੀ, ਜਿਸ 'ਤੇ ਉਨ੍ਹਾਂ ਨੇ ਕੁਲਦੀਪ ਸਿੰਘ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ, ਜਿੱਥੇ ਕਿ ਉਸ ਦੀ ਮੌਤ ਹੋ ਗਈ।
ਮ੍ਰਿਤਕ ਕੋਲੋਂ ਇੱਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਇਸ ਸਬੰਧੀ ਡੇਹਲੋਂ ਦੇ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਡੇਹਲੋਂ ਵਿਖੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 
