ਨਾਜਾਇਜ਼ ਸ਼ਰਾਬ ਸਣੇ 3 ਕਾਬੂ

09/24/2017 7:58:10 AM

ਕੋਟ ਈਸੇ ਖਾਂ  (ਛਾਬੜਾ) - ਸਥਾਨਕ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਕੁਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਕੋਟ ਈਸੇ ਖਾਂ ਦੇ ਧਰਮਕੋਟ ਰੋਡ 'ਤੇ ਗਸ਼ਤ ਕਰ ਰਿਹਾ ਸੀ ਕਿ ਬੱਸ ਅੱਡਾ ਨਸੀਰਪੁਰ ਜਾਨੀਆਂ ਵੱਲੋਂ ਇਕ ਮੋਟਰਸਾਈਕਲ, ਜਿਸ 'ਤੇ ਦੋ ਨੌਜਵਾਨ ਸਵਾਰ ਸਨ ਅਤੇ ਆਪਣੇ ਵਿਚਾਲੇ ਇਨ੍ਹਾਂ ਨੇ 2 ਪਲਾਸਟਿਕ ਦੀਆਂ ਬੋਰੀਆਂ ਰੱਖੀਆਂ ਸਨ, ਜੋ ਕਿ ਲਿੰਕ ਰੋਡ ਤੋਂ ਮੇਨ ਰੋਡ 'ਤੇ ਚੜ੍ਹਨ ਲੱਗੇ ਕਿ ਅੱਗੇ ਪੁਲਸ ਪਾਰਟੀ ਨੂੰ ਵੇਖ ਕੇ ਇਹ ਨੌਜਵਾਨ ਮੋਟਰਸਾਈਕਲ ਨੂੰ ਵਾਪਸ ਮੋੜ ਕੇ ਭੱਜਣ ਲੱਗੇ ਪਰ ਪੁਲਸ ਮੁਲਾਜ਼ਮਾਂ ਨੇ ਹੁਸ਼ਿਆਰੀ ਵਰਤਦਿਆਂ ਉਨ੍ਹਾਂ ਨੂੰ ਮੋਟਰਸਾਈਕਲ ਸਣੇ ਕਾਬੂ ਕਰ ਕੇ ਭਰੀਆਂ ਹੋਈਆਂ ਬੋਰੀਆਂ ਦੀ ਤਲਾਸ਼ੀ ਲਈ ਤਾਂ ਦੋਵਾਂ ਬੋਰੀਆਂ 'ਚੋਂ 24-24 ਬੋਤਲਾਂ ਨਾਜਾਇਜ਼ ਸ਼ਰਾਬ ਠੇਕਾ ਦੀਆਂ ਬਰਾਮਦ ਹੋਈਆਂ।
ਉਕਤ ਸ਼ਰਾਬ ਸਮੱਗਲਰਾਂ ਦੀ ਪਛਾਣ ਗੁਰਮੇਲ ਸਿੰਘ ਉਰਫ ਬੱਬੂ ਪੁੱਤਰ ਛਿੰਦਾ ਸਿੰਘ ਅਤੇ ਬਿੱਟੂ ਸਿੰਘ ਪੁੱਤਰ ਪੰਨਾ ਸਿੰਘ ਕੌਮ ਘੁਮਿਆਰ ਦੋਵੇਂ ਵਾਸੀ ਚੀਮਾ ਵਜੋਂ ਹੋਈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਸੇ ਤਰ੍ਹਾਂ ਕੋਟ ਈਸੇ ਖਾਂ ਦੀ ਪੁਲਸ ਵੱਲੋਂ ਭਾਰੀ ਮਾਤਰਾ 'ਚ ਦੇਸੀ ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੌਲਦਾਰ ਰਾਜ ਸਿੰਘ ਆਪਣੇ ਨਾਲ ਪੁਲਸ ਪਾਰਟੀ ਸਮੇਤ ਪਿੰਡ ਗਗੜਾ ਕੋਲ ਨਾਕਾ ਲਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ ਇਕ ਨੌਜਵਾਨ, ਜੋ ਮੋਟਰਸਾਈਕਲ 'ਤੇ ਸਵਾਰ ਸੀ, ਖੋਸਾ ਰਣਧੀਰ ਵਾਲੇ ਪਾਸਿਓਂ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਨੂੰ ਵੇਖ ਕੇ ਮੋਟਰਸਾਈਕਲ ਸਮੇਤ ਪਿੱਛੇ ਮੁੜਨ ਲੱਗਾ ਤਾਂ ਪੁਲਸ ਪਰਟੀ ਨੇ ਫੁਰਤੀ ਦਿਖਾਉਂਦਿਆਂ ਉਸ ਨੂੰ ਫੜ ਕੇ ਉਸ ਦੇ ਮੋਟਰਸਾਈਕਲ ਨਾਲ ਟੰਗੀ ਪਲਾਸਟਿਕ ਦੀ ਕੇਨੀ ਦਾ ਢੱਕਣ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਕੇਨੀ 'ਚੋਂ ਨਾਜਾਇਜ਼ ਦੇਸੀ ਸ਼ਰਾਬ ਮਿਲੀ। ਪੁਲਸ ਨੇ ਦੋਸ਼ੀ ਅਨਮੋਲਦੀਪ ਸਿੰਘ ਪੁੱਤਰ ਬੂਟਾ ਸਿੰਘ ਕੌਮ ਮਜ਼੍ਹਬੀ ਸਿੱਖ ਵਾਸੀ ਪਿੰਡ ਭਾਗਪੁਰ ਗਗੜਾ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News