ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਸ਼ਾਮਲ ਭਗੌਡ਼ਾ ਗ੍ਰਿਫਤਾਰ

07/16/2018 7:56:19 AM

ਮੋਗਾ (ਅਾਜ਼ਾਦ) - ਪੁਲਸ ਵੱਲੋਂ ਜਾਨਲੇਵਾ ਹਮਲਾ ਕਰਨ ਤੇ ਟਰੈਕਟਰ ਨੂੰ ਅੱਗ  ਲਾ   ਕੇ   ਸਾੜਨ ਦੇ ਮਾਮਲੇ ’ਚ ਸ਼ਾਮਲ ਭਗੌਡ਼ੇ ਦੋਸ਼ੀ ਭਾਗ ਸਿੰਘ ਉਰਫ ਨਿਰਮਲ ਸਿੰਘ ਨਿਵਾਸੀ ਪਿੰਡ ਦੋਲੇਵਾਲਾ ਨੂੰ ਗ੍ਰਿਫਤਾਰ ਕਰਨ  ਦਾ  ਸਮਾਚਾਰ ਹੈ। ਇਸ ਸਬੰਧੀ ਪੂਰਨ ਸਿੰਘ ਉਰਫ ਪੁੱਤਰ ਫੰਦਾ ਸਿੰਘ ਨਿਵਾਸੀ ਪਿੰਡ ਦੋਲੇਵਾਲਾ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਸਮੇਤ ਕਈ ਹੋਰਾਂ  ਖਿਲਾਫ 20 ਮਈ 2017 ਨੂੰ ਥਾਣਾ ਫਹਿਤਗਡ਼੍ਹ ਪੰਜਤੂਰ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਜਦ ਉਹ ਅਾਪਣੇ ਟਰੈਕਟਰ ’ਤੇ ਬੂਟਾ ਸਿੰਘ  ਨਾਲ ਖੇਤ ’ਚੋਂ ਘਰ ਵਾਪਸ ਜਾ ਰਹੇ ਸਨ ਤਾਂ ਰਸਤੇ ’ਚ ਕਥਿਤ ਦੋਸ਼ੀ ਭਾਗ ਸਿੰਘ ਉਰਫ ਨਿਰਮਲ ਸਿੰਘ ਨੇ ਕੁੱਝ ਹੋਰ ਵਿਅਕਤੀਆਂ ਨਾਲ  ਸਾਡੀ ਕੁੱਟ-ਮਾਰ ਕੀਤੀ ਅਤੇ ਸਾਨੂੰ ਅੱਗ ਲਾ ਕੇ ਸਾਡ਼ਨ ਦਾ ਯਤਨ ਕੀਤਾ ਅਤੇ  ਟਰੈਕਟਰ ’ਤੇ ਤੇਲ ਸੁੱਟ ਕੇ ਉਸ ਨੂੰ ਸਾਡ਼ ਦਿੱਤਾ। ਅਸੀਂ ਭੱਜ ਕੇ ਆਪਣੀ ਜਾਨ ਬਚਾਈ। ਉਕਤ ਮਾਮਲੇ ਵਿਚ ਸ਼ਾਮਲ ਕਥਿਤ ਦੋਸ਼ੀ ਭਾਗ ਸਿੰਘ ਉਰਫ ਨਿਰਮਲ ਸਿੰਘ ਨੂੰ ਮਾਣਯੋਗ ਅਦਾਲਤ ਵੱਲੋਂ 16 ਅਗਸਤ, 2017 ਨੂੰ ਭਗੌਡ਼ਾ ਐਲਾਨਿਆ ਗਿਆ ਸੀ।  ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਗੁਪਤ ਸੂੁਚਨਾ ਦੇ ਅਾਧਾਰ ’ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ  ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ।

 


Related News