ਆਰ. ਸੀ. ਐੱਫ. ਦਾ ਐਕਸੀਅਨ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ''ਚ ਗ੍ਰਿਫਤਾਰ

Sunday, Jul 01, 2018 - 07:10 AM (IST)

ਆਰ. ਸੀ. ਐੱਫ. ਦਾ ਐਕਸੀਅਨ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ''ਚ ਗ੍ਰਿਫਤਾਰ

ਕਪੂਰਥਲਾ  (ਭੂਸ਼ਣ) - ਸੀ. ਬੀ. ਆਈ. ਟੀਮ ਵੱਲੋਂ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਬੀਤੀ ਸ਼ਾਮ ਰਿਸ਼ਵਤ ਮੰਗਣ ਨੂੰ ਲੈ ਕੇ ਇਕ ਠੇਕੇਦਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦੇਰ ਰਾਤ ਕਾਰਵਾਈ ਕਰਦੇ ਹੋਏ ਸਿਵਲ ਵਿਭਾਗ 'ਚ ਤਾਇਨਾਤ ਇਕ ਐਕਸੀਅਨ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਨਾਲ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਐਕਸੀਅਨ ਨੇ ਦਿੱਲੀ ਨਾਲ ਸਬੰਧਤ ਇਕ ਠੇਕੇਦਾਰ ਕੋਲੋਂ 9 ਲੱਖ ਰੁਪਏ ਦਾ ਬਿੱਲ ਪਾਸ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਆਈ ਸੀ. ਬੀ. ਆਈ. ਦੀ ਟੀਮ ਨੇ ਡੀ. ਐੱਸ. ਪੀ. ਆਰ. ਐੱਸ. ਗੁੰਜਿਆਲ ਦੀ ਅਗਵਾਈ 'ਚ ਦਿੱਲੀ ਨਿਵਾਸੀ ਇਕ ਠੇਕੇਦਾਰ ਮਨੋਜ ਕੁਮਾਰ ਦੀ ਸ਼ਿਕਾਇਤ 'ਤੇ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਐਕਸੀਅਨ ਸਿਵਲ ਦੇ ਅਹੁਦੇ 'ਤੇ ਤਾਇਨਾਤ ਮਨਜੀਤ ਸਿੰਘ ਦੇ ਸਰਕਾਰੀ ਰਿਹਾਇਸ਼ 'ਤੇ ਛਾਪੇਮਾਰੀ ਕਰਦੇ ਹੋਏ ਮੁਲਜ਼ਮ ਤੋਂ ਲੰਬੀ ਪੁੱਛਗਿੱਛ ਕੀਤੀ ਸੀ।
ਸ਼ਿਕਾਇਤਕਰਤਾ ਮਨੋਜ ਕੁਮਾਰ ਨੇ ਸੀ. ਬੀ. ਆਈ. ਚੰਡੀਗੜ੍ਹ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੇ ਰੇਲ ਕੋਚ ਫੈਕਟਰੀ ਦੇ ਸਿਵਲ ਵਿਭਾਗ ਨਾਲ ਜੁੜਿਆ ਇਕ ਠੇਕਾ ਲਿਆ ਸੀ, ਜਿਸ ਨੂੰ ਲੈ ਕੇ ਉਸ ਦਾ 9 ਲੱਖ ਰੁਪਏ ਦਾ ਬਿੱਲ ਪੈਂਡਿੰਗ ਸੀ, ਜੋ ਕਿ ਕਾਫੀ ਸਮੇਂ ਤੋਂ ਪਾਸ ਨਹੀਂ ਹੋ ਰਿਹਾ ਸੀ, ਜਿਸ ਨੂੰ ਪਾਸ ਕਰਨ ਲਈ ਐਕਸੀਅਨ ਮਨਜੀਤ ਸਿੰਘ 1 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ, ਜਦੋਂ ਉਸ ਨੇ ਐਕਸੀਅਨ ਨੂੰ ਇੰਨੀ ਵੱਡੀ ਰਕਮ ਦੇਣ ਤੋਂ ਅਸਮਰਥਤਾ ਜ਼ਾਹਿਰ ਕੀਤੀ ਤਾਂ ਉਸ ਦਾ ਸੌਦਾ 50 ਹਜ਼ਾਰ 'ਚ ਤੈਅ ਹੋ ਗਿਆ। ਇਸ ਦੌਰਾਨ ਸੀ. ਬੀ. ਆਈ. ਨੇ ਦੇਰ ਰਾਤ ਜਾਂਚ ਪੂਰੀ ਕਰਦੇ ਹੋਏ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਮੁਲਜ਼ਮ ਐਕਸੀਅਨ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੌਰਾਨ ਸੀ. ਬੀ. ਆਈ. ਨੇ ਮੁਲਜ਼ਮ ਦੀ ਸਰਕਾਰੀ ਰਿਹਾਇਸ਼ ਦੀ ਸਰਚ ਕਰਨ ਦੇ ਨਾਲ-ਨਾਲ ਦੇਰ ਰਾਤ ਮੁਲਜ਼ਮ ਦੇ ਲੁਧਿਆਣਾ ਵਿਖੇ ਘਰ ਦੀ ਵੀ ਤਲਾਸ਼ੀ ਲਈ। ਇਸ ਦੌਰਾਨ ਕੀ-ਕੀ ਬਰਾਮਦ ਹੋਇਆ। ਇਸ ਸਬੰਧੀ ਫਿਲਹਾਲ ਸੀ. ਬੀ. ਆਈ. ਨੇ ਜਾਣਕਾਰੀ ਨਹੀਂ ਦਿੱਤੀ ਹੈ।


Related News