ਪੁਲਸ ਮੁਲਾਜ਼ਮਾਂ ਦੀ ਵਰਦੀ ਪਾੜਨ ਤੇ ਡਿਊਟੀ ''ਚ ਵਿਘਨ ਪਾਉਣ ਦੇ ਦੋਸ਼ ''ਚ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ
Friday, Nov 24, 2017 - 07:46 AM (IST)

ਪਟਿਆਲਾ (ਬਲਜਿੰਦਰ) - ਥਾਣਾ ਕੋਤਵਾਲੀ ਦੀ ਪੁਲਸ ਨੇ ਬੀਤੇ ਕੱਲ ਅਨਾਰਦਾਣਾ ਚੌਕ ਵਿਚ ਹੋਏ ਝਗੜੇ 'ਚ ਪੁਲਸ ਮੁਲਾਜ਼ਮਾਂ ਦੀ ਵਰਦੀ ਪਾੜਨ ਅਤੇ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਲਗਭਗ ਇਕ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਡਿਊਟੀ 'ਤੇ ਤਾਇਨਾਤ ਏ. ਐੱਸ. ਆਈ. ਮਨਜੀਤ ਸਿੰਘ ਪੁੱਤਰ ਦਲਬਾਰ ਸਿੰਘ ਵਾਸੀ ਕਰੀਅਰ ਇਨਕਲੇਵ ਪਟਿਆਲਾ ਵੱਲੋਂ ਦਰਜ ਕਰਵਾਈ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਸਾਹਿਲ, ਅਕਸ਼ੇ, ਅਭਿਸ਼ੇਕ ਪੁੱਤਰ ਮਹਿੰਦਰ ਸਿੰਘ, ਰੋਜ਼ੀ ਪਤਨੀ ਮਹਿੰਦਰ ਸਿੰਘ, ਸੋਨੂੰ ਵਾਸੀ ਸੰਜੇ ਕਾਲੋਨੀ, ਸੰਜੂ ਦਾ ਰਿਸ਼ਤੇਦਾਰ ਵਾਸੀ ਗੰਗਾ ਵਿਹਾਰ ਕਾਲੋਨੀ ਤੇ 4 ਅਣਪਛਾਤੇ ਵਿਅਕਤੀਆਂ ਖਿਲਾਫ 353, 186, 332, 506, 147 ਅਤੇ 149 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।
ਏ. ਐੱਸ. ਆਈ. ਅਨੁਸਾਰ ਉਹ ਆਪਣੇ ਸਾਥੀਆਂ ਸਿਪਾਹੀ ਗੁਰਜੰਟ ਸਿੰਘ, ਸਿਪਾਹੀ ਵਿਨੋਦ ਕੁਮਾਰ, ਸਿਪਾਹੀ ਸੁਖਜੀਤ ਸਿੰਘ, ਸਿਪਾਹੀ ਰਮਨਦੀਪ ਸਿੰਘ ਸਮੇਤ ਨਾਕਾਬੰਦੀ ਕਰ ਕੇ ਅਨਾਰਦਾਣਾ ਚੌਕ ਪਟਿਆਲਾ ਵਿਖੇ ਮੌਜੂਦ ਸਨ। ਇਕ ਮੋਟਰਸਾਈਕਲ 'ਤੇ 3 ਨੌਜਵਾਨ ਸਵਾਰ ਸਨ। ਉਨ੍ਹਾਂ ਨੂੰ ਸਿਪਾਹੀ ਰਮਨਦੀਪ ਸਿੰਘ ਨੇ ਰੋਕ ਕੇ ਕਾਗਜ਼ ਚੈੱਕ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਕਾਗਜ਼ ਦਿਖਾਉਣ ਦੀ ਬਜਾਏ ਪੁਲਸ ਨਾਲ ਬਹਿਸ ਸ਼ੁਰੂ ਕਰ ਦਿੱਤੀ। ਜਦੋਂ ਪੁਲਸ ਨੇ ਚਲਾਨ ਕੱਟ ਕੇ ਸਾਹਿਲ ਨੂੰ ਚਲਾਨ 'ਤੇ ਦਸਤਖਤ ਕਰਨ ਲਈ ਕਿਹਾ ਤਾਂ ਉਕਤ ਵਿਅਕਤੀ ਪੁਲਸ ਪਾਰਟੀ ਨੂੰ ਧਮਕੀ ਦੇਣ ਲੱਗ ਪਏ।
ਸਾਹਿਲ ਨੇ ਫੋਨ ਕਰ ਕੇ ਆਪਣੇ ਸਾਥੀ ਨੂੰ ਬੁਲਾਇਆ ਤੇ ਸਿਪਾਹੀ ਰਮਨਦੀਪ ਸਿੰਘ ਨਾਲ ਧੱਕਾਮੁੱਕੀ ਕੀਤੀ। ਉਸ ਦੀ ਵਰਦੀ ਪਾੜ ਦਿੱਤੀ। ਛੁਡਵਾਉਣ ਆਏ ਗੁਰਜੰਟ ਸਿੰਘ ਦੇ ਵੀ ਗਲ ਪੈ ਗਏ। ਉਨ੍ਹਾਂ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।