ਨਾਜਾਇਜ਼ ਹੋਰਡਿੰਗਸ ਦੇ ਖ਼ਿਲਾਫ਼ ਮਮਤਾ ਆਸ਼ੂ ਦੀ ਗਾਂਧੀਗਿਰੀ, ਲੋਕਾਂ ਨੂੰ ਕੀਤੀ ਫੋਟੋ ਨਾ ਲਗਾਉਣ ਅਪੀਲ
Tuesday, Oct 12, 2021 - 11:35 AM (IST)
ਲੁਧਿਆਣਾ (ਹਿਤੇਸ਼) : ਮਹਾਨਗਰ ਵਿਚ ਨਾਜਾਇਜ਼ ਰੂਪ ਵਿਚ ਲੱਗੇ ਹੋਰਡਿੰਗਸ ਦੇ ਖ਼ਿਲਾਫ਼ ਨਗਰ ਨਿਗਮ ਵੱਲੋਂ ਪੁਖ਼ਤਾ ਕਾਰਵਾਈ ਨਾ ਕਰਨ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਨੇ ਗਾਂਧੀ ਗਿਰੀ ਦਾ ਸਹਾਰਾ ਲਿਆ ਹੈ। ਜਿਸ ਦੇ ਅਧੀਨ ਉਨ੍ਹਾਂ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਕੇ ਨਾਜਾਇਜ਼ ਹੋਰਡਿੰਗਸ ਦੀ ਵਜ੍ਹਾ ਨਾਲ ਸ਼ਹਿਰ ਦੀ ਸੁੰਦਰਤਾ ਖ਼ਰਾਬ ਹੋਣ ਦਾ ਮੁੱਦਾ ਚੁਕਿਆ ਹੈ। ਉਨ੍ਹਾਂ ਨੇ ਜਿੱਥੇ ਮੇਅਰ–ਕਮਿਸ਼ਨਰ ਤੋਂ ਨਾਜਾਇਜ਼ ਹੋਰਡਿੰਗਸ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਉਥੇ ਸਿਆਸੀ, ਧਾਰਮਿਕ, ਸਮਾਜਿਕ, ਸੰਸਥਾਵਾਂ ਦੇ ਮੈਂਬਰਾਂ ਤੋਂ ਨਾਜਾਇਜ਼ ਹੋਰਡਿੰਗਸ ‘ਤੇ ਮੰਤਰੀ ਆਸ਼ੂ ਦੀ ਫੋਟੋ ਨਾ ਲਗਾਉਣ ਦੀ ਅਪੀਲ ਕੀਤੀ ਗਈ ਹੈ।
ਨਗਰ ਨਿਗਮ ਦੀ ਖੁੱਲ੍ਹੀ ਪੋਲ
ਮਮਤਾ ਆਸ਼ੂ ਦੀ ਪਹਿਲ ਕਦਮੀ ਦੇ ਬਾਅਦ ਨਗਰ ਨਿਗਮ ਦੀ ਜੰਮ ਕੇ ਕਿਰਕਰੀ ਹੋ ਰਹੀ ਹੈ ਕਿਉਂਕਿ ਸ਼ਹਿਰ ਵਿਚ ਵੱਡੀ ਗਿਣਤੀ ’ਚ ਨਾਜਾਇਜ਼ ਹੋਰਡਿੰਗਸ ਲੱਗੇ ਹੋਏ ਹਨ, ਜਿਨ੍ਹਾਂ ਨੂੰ ਹਟਾਉਣ ਦੇ ਲਈ ਨਗਰ ਨਿਗਮ ਵੱਲੋਂ ਕੋਈ ਪੁਖ਼ਤਾ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਮੁਲਾਜ਼ਮਾਂ ਨੂੰ ਧਾਰਮਿਕ ਹੋਰਡਿੰਗਸ ਉਤਾਰਨ ’ਤੇ ਕੋਈ ਵਿਵਾਦ ਖੜ੍ਹਾ ਹੋਣ ਦਾ ਡਰ ਸਤਾ ਰਿਹਾ ਹੈ।
ਇਹ ਹੈ ਨਿਯਮ
ਨਿਯਮਾਂ ਦੇ ਅਨੁਸਾਰ ਚੌਂਕ, ਸੜਕਾਂ ਦੇ ਕਿਨਾਰੇ, ਫਲਾਈਓਵਰ ਜਾਂ ਪ੍ਰਾਈਵੇਟ ਬਿਲਡਿੰਗ ’ਤੇ ਕਿਸੇ ਵੀ ਤਰ੍ਹਾਂ ਦਾ ਹੋਰਡਿੰਗ ਲਗਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ। ਜਿਸਦਾ ਉਲੰਘਣ ਕਰਕੇ ਹੋਰਡਿੰਗਸ ਲਗਾਉਣ ਵਾਲੇ ਲੋਕਾਂ ’ਤੇ 50 ਹਜ਼ਾਰ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਸਰਕਾਰੀ ਬਿਲਡਿੰਗਾਂ ’ਤੇ ਹੋਰਡਿੰਗ, ਪੋਸਟਰ ਲਗਾਉਣ ਜਾਂ ਵਾਲ ਪੇਟਿੰਗ ਕਰਨ ਵਾਲਿਆਂ ਦੇ ਖ਼ਿਲਾਫ਼ ਡਿਫੈਸਮੈਂਟ ਆਫ ਪਬਲਿਕ ਪ੍ਰਾਪਰਟੀ ਐਕਟ ਦੇ ਅਧੀਨ ਕੇਸ ਦਰਜ ਕਰਨ ਦਾ ਪ੍ਰਾਵਧਾਨ ਹੈ।