ਸੜਕਾਂ ਟੁੱਟਣ ''ਤੇ ਮੰਤਰੀ ਆਸ਼ੂ ਦੀ ਪਤਨੀ ਨੇ ਕੀਤੇ ਸਵਾਲ

01/21/2020 5:36:35 PM

ਲੁਧਿਆਣਾ (ਹਿਤੇਸ਼) : ਮਹਾਨਗਰ 'ਚ ਨਿਰਮਾਣ ਤੋਂ ਕੁਝ ਦੇਰ ਬਾਅਦ ਸੜਕਾਂ ਦੇ ਟੁੱਟਣ 'ਤੇ ਸਵਾਲ ਖੜ੍ਹੇ ਕਰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਮੇਅਰ ਬਲਕਾਰ ਸੰਧੂ ਨੂੰ ਭੇਜੇ ਪੱਤਰ 'ਚ ਕੌਂਸਲਰ ਮਮਤਾ ਆਸ਼ੂ ਨੇ ਮੁੱਦਾ ਚੁੱਕਿਆ ਹੈ ਕਿ ਹਲਕਾ ਵੈਸਟ 'ਚ ਕਈ ਵਾਰਡਾਂ 'ਚ ਨਵੀਆਂ ਬਣੀਆਂ ਸੜਕਾਂ ਬਣਨ ਤੋਂ ਕੁਝ ਦੇਰ ਬਾਅਦ ਹੀ ਉੱਖੜਨੀਆਂ ਸ਼ੁਰੂ ਹੋ ਗਈਆਂ ਹਨ ਜਿਸ ਕਾਰਨ ਸੜਕਾਂ 'ਤੇ ਟੋਏ ਪੈਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਮਤਾ ਨੇ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਸੜਕਾਂ ਦੀ ਇਸ ਹਾਲਤ ਤੋਂ ਸਾਫ ਹੋ ਗਿਆ ਹੈ ਕਿ ਠੇਕੇਦਾਰਾਂ ਤੋਂ ਤੈਅ ਮਾਪਦੰਡਾਂ ਦੇ ਮੁਤਾਬਕ ਨਿਰਮਾਣ ਸਮੱਗਰੀ ਇਸਤੇਮਾਲ ਕਰਵਾਉਣ 'ਚ ਨਗਰ ਨਿਗਮ ਅਧਿਕਾਰੀ ਨਾਕਾਮ ਸਾਬਤ ਹੋਏ ਹਨ।

ਮਮਤਾ ਦੇ ਮੁਤਾਬਕ ਸੜਕਾਂ ਜਲਦੀ ਟੁੱਟਣ ਕਾਰਨ ਲੋਕਾਂ ਵੱਲੋਂ ਟੈਕਸਾਂ ਦੇ ਰੂਪ ਵਿਚ ਜਮ੍ਹਾ ਕਰਵਾਏ ਪੈਸੇ ਦੀ ਬਰਬਾਦੀ ਹੋ ਰਹੀ ਹੈ ਜਿਸ ਲਈ ਜ਼ਿੰਮੇਵਾਰ ਠੇਕੇਦਾਰਾਂ ਦੇ ਨਾਲ ਨਗਰ ਨਿਗਮ ਅਫਸਰਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਮਮਤਾ ਨੇ ਮੰਗ ਕੀਤੀ ਕਿ ਹਲਕਾ ਵੈਸਟ ਵਿਚ ਪਿਛਲੇ 5 ਸਾਲ ਦੌਰਾਨ ਬਣੀਆਂ ਸੜਕਾਂ ਦੀ ਕੁਆਲਿਟੀ ਕੰਟਰੋਲ ਚੈਕਿੰਗ ਕਰਵਾ ਕੇ ਉਸ ਵਿਚ ਸਾਹਮਣੇ ਆਈਅ ਖਾਮੀਆਂ ਸਬੰਧੀ ਕੀਤੀ ਗਈ ਕਾਰਵਾਈ ਦਾ ਵੇਰਵਾ ਜਨਤਕ ਹੋਣਾ ਚਾਹੀਦਾ ਹੈ।

ਪੈਚ ਵਰਕ ਬੰਦ ਹੋਣ ਕਾਰਨ ਆ ਰਹੀ ਮੁਸ਼ਕਲ
ਸੜਕਾਂ ਦੇ ਨਿਰਮਾਣ ਤੋਂ ਕੁਝ ਦੇਰ ਬਾਅਦ ਟੁੱਟਣ ਨਾਲ ਵੱਡੀ ਮੁਸ਼ਕਲ ਹੁਣ ਕਰੀਬ ਦੋ ਮਹੀਨੇ ਤੋਂ ਪੈਚ ਵਰਕ ਬੰਦ ਕਰਨ ਕਰ ਕੇ ਆ ਰਹੀ ਹੈ ਜਿਸ ਲਈ ਸਰਦੀ ਦੇ ਮੌਸਮ ਵਿਚ ਹਾਟ ਮਿਕਸ ਪਲਾਂਟ ਬੰਦ ਕਰਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਜਿਸ ਕਾਰਣ ਸੜਕਾਂ ਦੀ ਖਸਤਾ ਹਾਲਤ ਦੀ ਸਮੱਸਿਆ ਦਿਨ ਬ ਦਿਨ ਗੰਭੀਰ ਰੂਪ ਧਾਰਨ ਲੱਗੀ ਹੈ ਜਿਸ ਲਈ ਮੇਅਰ ਵੱਲੋਂ ਫਰਵਰੀ ਵਿਚ ਮੌਸਮ ਸਾਫ ਹੋਣ ਤੱਕ ਇੰਤਜ਼ਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਕੌਂਸਲਰ ਮਮਤਾ ਆਸ਼ੂ ਵੱਲੋਂ ਪੱਤਰ ਲਿਖਣ ਦੀ ਜਾਣਕਾਰੀ ਮਿਲੀ ਹੈ ਜਿਸ ਦੇ ਆਧਾਰ 'ਤੇ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਜਾਂਚ ਕਰਵਾਈ ਜਾਵੇਗੀ ਜਿਸ ਵਿਚ ਕੁਆਲਿਟੀ ਕੰਟਰੋਲ ਨਿਯਮਾਂ ਸਬੰਧੀ ਕੋਤਾਹੀ ਵਰਤਣ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। - ਮੇਅਰ, ਬਲਕਾਰ ਸੰਧੂ


Anuradha

Content Editor

Related News