ਅਦਾਕਾਰ ਸੋਨੂੰ ਸੂਦ ਦਾ ਪਰਿਵਾਰ ਫੜੇਗਾ ਕਾਂਗਰਸ ਦਾ ‘ਪੱਲਾ’, ਮਾਲਵਿਕਾ ਸੂਦ ਮੋਗਾ ਤੋਂ ਬਣ ਸਕਦੇ ਨੇ ਉਮੀਦਵਾਰ
Saturday, Jan 08, 2022 - 06:22 PM (IST)
ਮੋਗਾ (ਗੋਪੀ ਰਾਊਕੇ)-ਅਦਾਕਾਰ ਅਤੇ ਵਿਸ਼ਵ ਪੱਧਰ ’ਤੇ ਸਮਾਜ ਸੇਵੀ ਕਾਰਜਾਂ ਕਰ ਕੇ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਸੋਨੂੰ ਸੂਦ ਦਾ ਪਰਿਵਾਰ ਲੰਮੀ ਜੱਕੋ-ਤੱਕੀ ਮਗਰੋਂ ਆਖਿਰਕਾਰ ਕਾਂਗਰਸ ਪਾਰਟੀ ਦਾ ‘ਪੱਲਾ’ ਫੜੇਗਾ। ਦੱਸਣਾ ਬਣਦਾ ਹੈ ਕਿ ਅਦਾਕਾਰ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਵਿਧਾਨ ਸਭਾ ਹਲਕਾ ਮੋਗਾ ਅੰਦਰ ਕੋਰੋਨਾ ਕਾਲ ਤੋਂ ਸਮਾਜ ਸੇਵਾ ਕਰ ਰਹੇ ਸਨ ਅਤੇ ਇਸ ਮਗਰੋਂ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਮੋਗਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਕਿਸੇ ਵੀ ਸਿਆਸੀ ਧਿਰ ਦਾ ਹਿੱਸਾ ਬਣਨ ਲਈ ਆਪਣੇ ਸਿਆਸੀ ‘ਪੱਤੇ’ ਨਹੀਂ ਖੋਲ੍ਹੇ ਸਨ। ਅੱਜ ਸ਼ਾਮ ਵੇਲੇ ਸੂਬਾ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਜਿਉਂ ਹੀ ਚੋਣ ਕਮਿਸ਼ਨਰ ਵੱਲੋਂ ਕੀਤਾ ਗਿਆ ਤਾਂ ਐਨ ਉਸੇ ਸਮੇਂ ਸੋਸ਼ਲ ਮੀਡੀਆਂ ’ਤੇ ਸੂਦ ਪਰਿਵਾਰ ਦੇ ਨੇੜਲੇ ਤੇ ਕਾਂਗਰਸੀ ਆਗੂਆਂ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੀਆਂ ਪੋਸਟਾਂ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਦੇ ਹੋਏ ਕਾਂਗਰਸ ਪਾਰਟੀ ਜੁਆਇਨ ਕਰ ਲਈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਵੀਰੇਸ਼ ਕੁਮਾਰ ਭਵਰਾ ਬਣੇ ਪੰਜਾਬ ਦੇ ਨਵੇਂ ਡੀ. ਜੀ. ਪੀ.
ਸੂਤਰ ਦੱਸਦੇ ਹਨ ਕਿ ਅਦਾਕਾਰ ਦੇ ਪਰਿਵਾਰ ਦੀ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਸੂਬਾਈ ਆਗੂਆਂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨਾਲ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਨ ਸਬੰਧੀ ਗੱਲਬਾਤ ਮੁੱਕ ਗਈ ਸੀ ਪਰ ਪੰਜਾਬ ਵਿਚ ਚੋਣ ਜ਼ਾਬਤਾ ਲੱਗਣ ਦੀ ਉਡੀਕ ਕੀਤੀ ਜਾ ਰਹੀ ਸੀ। ਦੂਜੇ ਪਾਸੇ ਜਦੋਂ ਇਸ ਸਬੰਧੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਪਤੀ ਗੌਤਮ ਸੱਚਰ ਨੇ ਸੂਦ ਪਰਿਵਾਰ ਵੱਲੋਂ ਕਾਂਗਰਸ ਵਿਚ ਸ਼ਮੂਲੀਅਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮੰਨਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੋਗਾ ਪੁੱਜ ਕੇ ਸੋਨੂੰ ਸੂਦ ਦੇ ਪਰਿਵਾਰ ਨੂੰ ਕਾਂਗਰਸ ਵਿਚ ਸ਼ਮੂਲੀਅਤ ਕਰਵਾਉਣ ਲਈ ਆ ਰਹੇ ਹਨ। ਦੂਜੇ ਪਾਸੇ ਪਤਾ ਲੱਗਾ ਹੈ ਕਿ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੀ ਤਰਫ਼ੋਂ ਚੋਣ ਮੈਦਾਨ ਵਿਚ ਉਤਰ ਸਕਦੇ ਹਨ, ਉਂਝ ਇਸ ਹਲਕੇ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ’ਤੇ ਹੋਰ ਵੀ ਕਈ ਦਾਅਵੇਦਾਰ ਹਨ।