ਮਾਲੇਰਕੋਟਲਾ ਅਤੇ ਅਹਿਮਦਗੜ੍ਹ 31 ਮਾਰਚ ਤੱਕ ਰਹੇਗਾ ਬੰਦ: ਐੱਸ.ਡੀ.ਐੱਮ.
Sunday, Mar 22, 2020 - 04:24 PM (IST)
ਮਾਲੇਰਕੋਟਲਾ (ਜ਼ਹੂਰ)—ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਹਿਤਿਆਤੀ ਕਦਮ ਚੁੱਕਦਿਆਂ ਐੱਸ.ਜੀ.ਐੱਮ. ਸ੍ਰੀ ਵਿਕਰਮਜੀਤ ਸਿੰਘ ਪਾਂਥੇ ਨੇ ਅੱਜ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਸਬ ਡਵੀਜ਼ਨਾਂ 'ਚ 31 ਮਾਰਚ, 2020 ਤੱਕ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਅੱਜ ਇਸ ਸਬੰਧੀ ਆਪਣੇ ਦਫਤਰ ਸਬ ਡਵੀਜ਼ਨ ਮਾਲੇਰਕੋਟਲਾ ਅਤੇ ਸਬ ਡਵੀਜ਼ਨ ਅਹਿਮਦਗੜ੍ਹ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੱਦੀ ਗਈ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਪਾਂਥੇ ਨੇ ਦੱਸਿਆ ਕਿ ਹਾਲਾਂਕਿ ਸਬ ਡਵੀਜ਼ਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ 'ਚ ਫਿਲਹਾਲ ਕੋਰੋਨਾ ਦਾ ਕੋਈ ਵੀ ਸ਼ੱਕੀ ਮਰੀਜ਼ ਨਹੀਂ ਪਾਇਆ ਗਿਆ ਹੈ ਪਰੰਤੂ ਫਿਰ ਵੀ ਅਹਿਤਿਆਤ ਵਜੋਂ ਇਹ ਕਦਮ ਚੁੱਕਣੇ ਜ਼ਰੂਰੀ ਹਨ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਮੌਜੂਦਾ ਹਾਲਾਤ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਅਤੇ ਘਰ ਦੇ ਅੰਦਰ ਹੀ ਰਹਿਣ। ਸ੍ਰੀ ਪਾਂਥੇ ਨੇ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਸਬਜ਼ੀ ਮੰਡੀ, ਕਰਿਆਨਾ, ਦੁੱਧ ਅਤੇ ਗੈਸ ਏਜੰਸੀਆਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ ਪਰੰਤੂ ਆਮ ਲੋਕ ਘਰ ਬੈਠ ਕੇ ਹੀ ਆਪਣੀ ਜ਼ਰੂਰਤ ਦਾ ਸਮਾਨ ਆਰਡਰ ਕਰਨ ਨਾ ਕਿ ਖਰੀਦੋ ਫਰੋਖਤ ਕਰਨ ਲਈ ਬਾਜ਼ਾਰ ਜਾਣ।
ਉਨ੍ਹਾਂ ਮੀਟਿੰਗ 'ਚ ਹਾਜ਼ਰ ਸਬਜ਼ੀ ਮੰਡੀ ਐਸਸੀਏਸ਼ਨ ਦੇ ਪ੍ਰਧਾਨ ਸ੍ਰੀ ਮੁਹੰਕ ਸ਼ਕੀਲ ਅਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਨਰਿੰਦਰ ਜੈਨ ਨੂੰ ਵੀ ਅਪੀਲ ਕੀਤੀ ਕਿ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਹੋਮ ਡਿਲੀਵਰੀ ਦੀ ਸਰਵਿਸ ਨੂੰ ਜੰਗੀ ਪੱਧਰ ਉਪਰ ਸ਼ੁਰੂ ਕੀਤਾ ਜਾਵੇ ਤਾਂ ਜ਼ੋ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾਂ ਪਵੇ। ਸ੍ਰੀ ਪਾਂਥੇ ਨੇ ਮੀਟਿੰਗ 'ਚ ਹਾਜ਼ਰ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 31 ਮਾਰਚ, 2020 ਤੱਕ ਹੋਣ ਵਾਲੇ ਬੰਦ ਦੌਰਾਨ ਦੁੱਧ ਦੀ ਸਪਲਾਈ ਕਰਨ ਵਾਲੇ ਵਿਅਕਤੀ, ਰਿਕਸ਼ਾ ਚਾਲਕ, ਈ-ਰਿਕਸ਼ਾ ਚਾਲਕ ਅਤੇ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਵਾਲਿਆਂ ਨੂੰ ਬਿਲਕੁਲ ਨਾ ਰੋਕਿਆ ਜਾਵੇ ਪਰੰਤੂ ਜੇਕਰ ਕੋਈ ਵਿਅਕਤੀ ਬਿਨਾਂ ਕਿਸੇ ਕੰਮ ਤੋਂ ਘੁੰਮ ਰਿਹਾ ਹੈ ਤਾਂ ਉਸ ਨੂੰ ਘਰ ਦੇ ਰਹਿਣ ਦੀ ਬੇਨਤੀ ਕੀਤੀ ਜਾਵੇ।
ਸ੍ਰੀ ਪਾਂਥੇ ਨੇ ਮੀਟਿੰਗ 'ਚ ਹਾਜ਼ਰ ਸਮੂਹ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੋਹਾਂ ਸਬ ਡਵੀਜ਼ਨਾਂ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ 24 ਘੰਟੇ ਹੈਡਕੁਆਰਟਰ ਉਪਰ ਹਾਜ਼ਰ ਰਹਿਣਗੇ। ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਬਿਨਾਂ ਪ੍ਰਵਾਨਗੀ ਸਟੇਸ਼ਨ ਨਹੀਂ ਛੱਡੇਗਾ।
ਇਸ ਤੋਂ ਇਲਾਵਾ ਮੀਟਿੰਗ 'ਚ ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਸੁਮਿਤ ਸੂਦ, ਡੀ.ਐਸ.ਪੀ. ਮਾਲੇਰਕੋਟਲਾ, ਸ੍ਰੀ ਚੰਦਰ ਪ੍ਰਕਾਸ਼, ਕਾਰਜ ਸਾਧਕ ਅਫਸਰ, ਨਗਰ ਕੌਂਸਲ, ਮਾਲੇਰਕੋਟਲਾ, ਸ੍ਰੀ ਸੰਜੀਵ ਕਪੂਰ, ਐਸ.ਐਚ.ਓ. ਸਦਰ ਅਹਿਮਦਗੜ੍ਹ, ਸਬ ਇੰਸਪੈਕਟਰ ਅਮਨਦੀਪ ਕੌਰ, ਐਸ.ਐਚ.ਓ. ਥਾਣਾ ਸਿਟੀ ਅਹਿਮਦਗੜ੍ਹ, ਸ੍ਰੀ ਦੀਪਇੰਦਰ ਸਿੰਘ, ਐਸ.ਐਚ.. ਸਿਟੀ ਮਾਲੇਰਕੋਟਲਾ, ਡਾ: ਜਸਵਿੰਦਰ ਸਿਘ, ਐਸ.ਐਮ.ਓ., ਸਿਵਲ ਹਸਪਤਾਲ, ਮਾਲੇਰਕੋਟਲਾ, ਸ੍ਰੀ ਸੁਰਿੰਦਰ ਕੁਮਾਰ, ਸਕੱਤਰ, ਮਾਰਕਿਟ ਕਮੇਟੀ, ਮਾਲੇਰਕੋਟਲਾ, ਸ੍ਰੀ ਸੁਰਿੰਦਰ ਬਖਸ਼ੀ, ਸਕੱਤਰ, ਮਾਰਕਿਟ ਕਮੇਟੀ, ਅਹਿਮਦਗੜ੍ਹ, ਸ੍ਰੀ ਬਲਵਿੰਦਰ ਸਿੰਘ, ਕਾਰਜ ਸਾਧਕ ਅਫਸਰ, ਨਗਰ ਕੌਂਸਲ, ਅਹਿਮਦਗੜ੍ਹ, ਸ੍ਰੀ ਪਰਮਜੀਤ ਸਿੰਘ, ਏ.ਐਸ.ਆਈ. ਥਾਣਾ ਸੰਦੌੜ, ਮੁਹੰਮਦ ਸ਼ਮਸ਼ਾਦ, ਪ੍ਰਧਾਨ, ਚੌਧਰੀ ਡੇਅਰੀ, ਸ੍ਰੀ ਰਸਵੀਰ ਸਿੰਘ, ਸਕੱਤਰ, ਮਾਰਕਿਟ ਕਮੇਟੀ, ਅਮਰਗੜ੍ਹ, ਸੁਰਾਜ ਅਹਿਮਦ, ਪ੍ਰਧਾਨ, ਨਗਰ ਕੌਂਸਲ, ਅਹਿਮਦਗੜ੍ਹ, ਮੁਹੰਮਦ ਤਾਹਿਰ, ਇੰਸਪੈਕਟਰ, ਨਗਰ ਕੌਂਸਲ, ਅਹਿਮਦਗੜ੍ਹ ਆਦਿ ਵੀ ਹਾਜ਼ਰ ਸਨ।