ਦਰਬਾਰ ਸਾਹਿਬ ਦੀ ਤਸਵੀਰ ਵਾਲੇ ਟੇਬਲ ''ਤੇ ਸ਼ਰਾਬ ਪਰੋਸਣ ਵਾਲੇ ਹੋਟਲ ਨੂੰ ਲੌਂਗੋਵਾਲ ਦੀ ਤਾੜਨਾ

Friday, Aug 09, 2019 - 02:41 PM (IST)

ਅੰਮ੍ਰਿਤਸਰ (ਦੀਪਕ) : ਮਲੇਸ਼ੀਆ ਦੇ ਹੋਟਲ ਰੈਸਟੋਰਨ ਏਬੀਕੇ ਅਮੀਨ ਦੇ ਡਾਇਨਿੰਗ ਹਾਲ 'ਚ ਲੱਗੀਆਂ ਕਈ ਟੇਬਲਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਵਾਲੇ ਮੈਟ ਵਿਛੇ ਹੋਏ ਹਨ। ਮਲੇਸ਼ੀਆ ਦੇ ਇਸ ਹੋਟਲ ਦੀ ਵੀਡੀਓ ਨੂੰ ਲੈ ਕੇ ਸਿੱਖਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਇਹ ਪੋਸਟਰ ਏਅਰਏਸ਼ੀਆ ਦਾ ਹੈ, ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਲੱਗੀ ਹੋਈ ਹੈ। ਹੋਟਲ 'ਚ ਇਸ ਤਰ੍ਹਾਂ ਦੇ ਕਈ ਟੇਬਲ ਹਨ, ਜਿਨ੍ਹਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਸ ਹੋਟਲ ਦਾ ਨਾਂ ਰੈਸਟੋਰਨ ਏਬੀਕੇ ਅਮੀਨ ਹੈ।

ਹੋਟਲ 'ਚ ਆਉਣ ਵਾਲੇ ਸੈਲਾਨੀ ਅਕਸਰ ਇਨ੍ਹਾਂ ਮੈਟਾਂ ਉਪਰ ਸ਼ਰਾਬ ਅਤੇ ਸਿਗਰਟ ਆਦਿ ਰੱਖ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਦੀ ਬੇਅਦਬੀ ਕਰਦੇ ਹਨ। ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੰਦਾ ਕੀਤੀ ਹੈ। ਉਨ੍ਹਾਂ ਏਅਰ ਏਸ਼ੀਆ ਏਅਰ ਲਾਈਨ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਹੋਟਲ 'ਚੋਂ ਟੇਬਲਾਂ 'ਤੇ ਰੱਖੇ ਗਏ ਮੈਟ ਜਲਦ ਹਟਾਏ ਜਾਣ। ਭਾਈ ਲੌਂਗੋਵਾਲ ਨੇ ਕਿਹਾ ਕਿ ਜੇਕਰ ਇਹ ਮੈਟ ਏਅਰ ਏਸ਼ੀਆ ਏਅਰ ਲਾਈਨ ਨੇ ਤੁਰੰਤ ਨਾ ਹਟਾਏ ਅਤੇ ਆਪਣੀ ਗਲਤੀ ਦੀ ਮੁਆਫੀ ਨਾ ਮੰਗੀ ਤਾਂ ਸਿੱਖ ਕੌਮ ਰੋਸ ਵਜੋਂ ਇਸ ਏਅਰ ਲਾਈਨ ਦੀਆਂ ਫਲਾਈਟਾਂ ਅੰਮ੍ਰਿਤਸਰ ਤੋਂ ਬੰਦ ਕਰਵਾਉਣ ਦੀ ਕਾਰਵਾਈ ਕਰਨ ਦੀ ਮੰਗ ਕਰਨਗੇ। ਜ਼ਿਕਰਯੋਗ ਹੈ ਕਿ ਏਅਰ ਏਸ਼ੀਆ ਦੀਆਂ ਫਲਾਈਟਾਂ ਰੋਜ਼ਾਨਾ ਅੰਮ੍ਰਿਤਸਰ ਤੋਂ ਕੁਆਲਾਲੰਪੁਰ (ਮਲੇਸ਼ੀਆ) ਨੂੰ ਜਾਂਦੀਆਂ ਹਨ। ਇਸ ਲਈ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਇਨ੍ਹਾਂ ਮੈਟਾਂ 'ਤੇ ਛਾਪ ਕੇ ਏਅਰ ਏਸ਼ੀਆ ਨੇ ਪ੍ਰਚਾਰ ਦਾ ਲਾਹਾ ਲੈਣ ਲਈ ਇਸ ਦੀ ਦੁਰਵਰਤੋਂ ਕੀਤੀ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਅਤੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਸਾਂਝੇ ਬਿਆਨ 'ਚ ਦੱਸਿਆ ਕਿ ਇਹ ਬੜੀ ਮੰਦਭਾਗੀ ਘਟਨਾ ਹੈ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ। ਲੋਕ ਇਸ ਜਗ੍ਹਾ 'ਤੇ ਸਕੂਨ ਲੈਣ ਲਈ ਆਉਂਦੇ ਹਨ। ਏਅਰ ਏਸ਼ੀਆ ਏਅਰ ਲਾਈਨ ਦਾ ਕਾਰੋਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ-ਜਾਣ ਵਾਲੀਆਂ ਸੰਗਤਾਂ ਕਰ ਕੇ ਹੀ ਵਧਿਆ ਹੈ। ਇਸ ਲਈ ਏਅਰ ਲਾਈਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਦਾ ਆਪਣਾ ਨਿੱਜੀ ਫਾਇਦਾ ਲੈਣ ਲਈ ਪ੍ਰਚਾਰ ਕਰ ਕੇ ਦੁਰਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਇਸ ਬਾਰੇ ਏਅਰ ਏਸ਼ੀਆ ਏਅਰ ਲਾਈਨ ਮਲੇਸ਼ੀਆ ਵਿਖੇ ਹੈੱਡ ਕੁਆਰਟਰ ਦੇ ਅਧਿਕਾਰੀਆਂ ਨੂੰ ਇਕ ਪੱਤਰ ਲਿਖਿਆ ਹੈ ਕਿ ਇਹ ਸਾਰੇ ਪੋਸਟਰ ਜਿਨ੍ਹਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਲੱਗੀ ਹੈ, ਤੁਰੰਤ ਹਟਾਉਣ। ਇਸ ਪਵਿੱਤਰ ਅਸਥਾਨ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਤੁਰੰਤ ਠੋਸ ਕਦਮ ਉਠਾਉਣ।


Anuradha

Content Editor

Related News