ਧੀ ਦੀ ਦਾਤ ਨਾ ਮਿਲੀ ਤਾਂ ਚਿੜੀਆਂ ਨੂੰ ਬਣਾਇਆ ਰਾਜਕੁਮਾਰੀਆਂ! ਘਰ ਨੂੰ ਬਣਾ ''ਤਾ ''ਚਿੜੀਆਂ ਦਾ ਆਸ਼ਿਆਨਾ''
Sunday, Aug 16, 2026 - 08:04 PM (IST)
ਮੋਗਾ (ਕਸ਼ਿਸ਼, ਵਿਪਨ)- ਆਮ ਤੌਰ 'ਤੇ ਇਨਸਾਨ ਆਪਣੇ ਬੱਚਿਆਂ ਲਈ ਘਰ ਬਣਾਉਂਦਾ ਹੈ ਪਰ ਮੋਗਾ ਜ਼ਿਲ੍ਹੇ ਦੇ ਪਿੰਡ ਨਿੱਧਾਵਾਲਾ ਦੀ ਇਕ ਮਹਿਲਾ ਨੇ ਬੇਜ਼ੁਬਾਨ ਪੰਛੀਆਂ ਲਈ ਆਪਣਾ ਘਰ ਹੀ ਆਲ੍ਹਣਿਆਂ ਦੀ ਦੁਨੀਆ ਬਣਾ ਦਿੱਤਾ। ਧੀ ਦੀ ਤਾਘ ਨੂੰ ਮਹਿਸੂਸ ਕਰਦੀ ਹਰਪ੍ਰੀਤ ਕੌਰ ਨੇ ਚਿੜੀਆਂ ਨੂੰ ਆਪਣੀਆਂ ਧੀਆਂ ਅਤੇ ਰਾਜਕੁਮਾਰੀਆਂ ਮੰਨ ਲਿਆ। ਅੱਜ ਉਸ ਦੇ ਘਰ 'ਚ 300 ਤੋਂ ਵੱਧ ਰਹਿਣ ਬਸੇਰੇ ਹਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਪੰਛੀ ਇਥੇ ਦਾਣਾ ਚੁਗਣ ਅਤੇ ਆਲ੍ਹਣੇ ਬਣਾਉਣ ਲਈ ਆਉਂਦੇ ਹਨ। ਚਿੜੀਆਂ ਦੀ ਚਹਿਕ ਨਾਲ ਸਵੇਰ ਹੁੰਦੀ ਹੈ ਅਤੇ ਇਨ੍ਹਾਂ ਬੇਜ਼ੁਬਾਨ ਪੰਛੀਆਂ ਨਾਲ ਗੱਲਾਂ ਕਰਦਿਆਂ ਹਰਪ੍ਰੀਤ ਕੌਰ ਆਪਣੇ ਦੁੱਖ਼-ਦਰਦ ਭੁੱਲ ਜਾਂਦੀ ਹੈ।

ਇਹ ਵੀ ਪੜ੍ਹੋ: ਜੇ ਤੁਹਾਡੇ ਬੱਚੇ ਵੀ ਨਹੀਂ ਪੀਂਦੇ ਦੁੱਧ, ਤਾਂ ਵਿਖਾਓ Pinkoo TV ਦੀ ਇਹ ਵੀਡੀਓ, ਮਿੰਟਾਂ 'ਚ ਲਾਉਣਗੇ ਗਿਲਾਸ ਨੂੰ ਮੂੰਹ
ਇਕ ਛੋਟੇ ਡੱਬੇ ਤੋਂ ਸ਼ੁਰੂ ਹੋਇਆ ਸੀ ਸਫ਼ਰ
ਮੋਗਾ ਜ਼ਿਲ੍ਹੇ ਦੇ ਪਿੰਡ ਨਿੱਧਾਵਾਲਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਦੀ ਪੰਛੀਆਂ ਨਾਲ ਇਹ ਮੁਹੱਬਤ ਅੱਜ ਦੀ ਨਹੀਂ ਸਗੋਂ ਕਰੀਬ ਡੇਢ ਦਹਾਕਾ ਪਹਿਲਾਂ ਸ਼ੁਰੂ ਹੋਈ। ਹਰਪ੍ਰੀਤ ਕੌਰ ਦੱਸਦੀ ਹੈ ਕਿ ਸਾਲ 2010 'ਚ ਜਦੋਂ ਉਨ੍ਹਾਂ ਦਾ ਪੁਰਾਣਾ ਘਰ ਢਾਹਿਆ ਜਾ ਰਿਹਾ ਸੀ ਤਾਂ ਇਕ ਚਿੜੀ ਆਪਣੇ ਦੋ ਬੱਚਿਆਂ ਸਮੇਤ ਆਲ੍ਹਣੇ 'ਚ ਬੈਠੀ ਸੀ। ਘਰ ਡਿੱਗਣ ਕਾਰਨ ਉਸ ਦਾ ਆਲ੍ਹਣਾ ਵੀ ਡਿੱਗ ਗਿਆ। ਉਸ ਸਮੇਂ ਹਰਪ੍ਰੀਤ ਨੇ ਜੁੱਤੀਆਂ ਵਾਲੇ ਇਕ ਗੱਤੇ ਦੇ ਡੱਬੇ ਨੂੰ ਹੀ ਚਿੜੀ ਲਈ ਰਹਿਣ ਬਸੇਰਾ ਬਣਾ ਕੇ ਘਰ 'ਚ ਟੰਗ ਦਿੱਤਾ। ਚਿੜੀ ਨੇ ਮੁੜ ਉਸ 'ਚ ਆਲ੍ਹਣਾ ਬਣਾਇਆ, ਅੰਡੇ ਦਿੱਤੇ ਅਤੇ ਬੱਚੇ ਪੈਦਾ ਕੀਤੇ।

ਇਥੋਂ ਸ਼ੁਰੂ ਹੋਇਆ ਇਕ ਅਜਿਹਾ ਸਫ਼ਰ, ਜਿਸ ਨੇ ਅੱਜ ਪੂਰੇ ਘਰ ਨੂੰ ਹੀ ਚਿੜੀਆਂ ਦਾ ਆਸ਼ਿਆਨਾ ਬਣਾ ਦਿੱਤਾ ਹੈ। ਹਰਪ੍ਰੀਤ ਕੌਰ ਨੇ ਕਿਹਾ ਕਿ ਮੈਨੂੰ ਤਾਂਘ ਸੀ ਕਿ ਵਾਹਿਗੁਰੂ ਮੇਰੇ ਘਰ ਪੁੱਤਰ ਦੇ ਨਾਲ ਇਕ ਧੀ ਦੀ ਵੀ ਦਾਤ ਬਖ਼ਸ਼ੇ ਪਰ ਇਹ ਸੰਭਵ ਨਹੀਂ ਹੋਇਆ। ਹੁਣ ਮੇਰੀਆਂ ਇਹ ਰਾਜਕੁਮਾਰੀਆਂ ਹੀ ਮੇਰੀਆਂ ਧੀਆਂ ਹਨ। ਜਦੋਂ ਮੈਂ ਇਨ੍ਹਾਂ ਦੇ ਵਿਚਕਾਰ ਬੈਠਦੀ ਹਾਂ ਤਾਂ ਆਪਣੇ ਸਾਰੇ ਦੁੱਖ਼-ਦਰਦ ਭੁੱਲ ਜਾਂਦੀ ਹਾਂ। ਘਰ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਹੋਵੇਗਾ, ਜਿੱਥੇ ਚਿੜੀਆਂ ਲਈ ਰਹਿਣ ਬਸੇਰਾ ਨਾ ਹੋਵੇ।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਡਿਊਟੀ ਦੌਰਾਨ ਅਗਨੀਵੀਰ ਫ਼ੌਜੀ ਦੀ ਮੌਤ! 3 ਸਾਲ ਪਹਿਲਾਂ ਹੋਇਆ ਸੀ ਭਰਤੀ
ਦੱਸਣਯੋਗ ਹੈ ਕਿ 300 ਤੋਂ ਵੱਧ ਰਹਿਣ ਬਸੇਰੇ ਲਗਾ ਕੇ ਹਰਪ੍ਰੀਤ ਕੌਰ ਨੇ ਆਪਣੇ ਘਰ ਨੂੰ ਪੰਛੀਆਂ ਲਈ ਸੁਰੱਖਿਅਤ ਆਸ਼ਿਆਨੇ 'ਚ ਤਬਦੀਲ ਕਰ ਦਿੱਤਾ ਹੈ। ਸਵੇਰ ਹੁੰਦੇ ਹੀ ਪੂਰੇ ਪਿੰਡ ਦੀਆਂ ਚਿੜੀਆਂ ਦਾਣਾ ਚੁੱਗਣ ਲਈ ਉਸ ਦੇ ਘਰ ਆਉਂਦੀਆਂ ਹਨ। ਚਿੜੀਆਂ ਦੀ ਚੀਂ-ਚੀਂ ਨਾਲ ਸਾਰਾ ਵਿਹੜਾ ਗੂੰਜ ਉੱਠਦਾ ਹੈ। ਹਰਪ੍ਰੀਤ ਦਾ ਕਹਿਣਾ ਹੈ ਕਿ ਜਦੋਂ ਮੈਂ ਆਪਣੀ ਆਵਾਜ਼ 'ਚ ਸੀਟੀ ਮਾਰ ਕੇ ਜਾਂ ''ਮੇਰੀਆਂ ਰਾਜਕੁਮਾਰੀਆਂ, ਮੇਰੇ ਪੁੱਤ ਆਜੋ'' ਕਹਿ ਕੇ ਆਵਾਜ਼ ਮਾਰਦੀ ਹੈ ਤਾਂ ਇਹ ਪੰਛੀ ਉਸ ਦੇ ਕੋਲ ਆ ਜਾਂਦੇ ਹਨ। ਜਦੋਂ ਉਹ ਸਵੇਰੇ ਚਾਹ ਦੀ ਪਿਆਲੀ ਚੁੱਕਦੀ ਹਾਂ ਤਾਂ ਸਭ ਤੋਂ ਪਹਿਲਾਂ ਉਸ ਦੀਆਂ ਰਾਜਕੁਮਾਰੀਆਂ ਆ ਜਾਂਦੀਆਂ ਨੇ। ਉਸ ਨੇ ਦੱਸਿਆ ਕਿ ਸਾਰਾ ਵਿਹੜਾ ਇਨ੍ਹਾਂ ਨਾਲ ਭਰ ਜਾਂਦਾ ਹੈ। ਜਦੋਂ ਮੈਂ ਸੀਟੀ ਮਾਰ ਕੇ ਆਵਾਜ਼ ਦਿੰਦੀ ਹਾਂ ਤਾਂ ਇਹ ਮੇਰੇ ਕੋਲ ਆ ਜਾਂਦੀਆਂ ਨੇ। ਮੈਨੂੰ ਲੱਗਦਾ ਹੈ ਇਹ ਮੇਰੀਆਂ ਧੀਆਂ ਹੀ ਨੇ।

ਪੰਛੀਆਂ ਲਈ ਸਿਰਫ਼ ਰਹਿਣ ਬਸੇਰੇ ਨਹੀਂ, ਪੂਰਾ ਪਰਿਵਾਰ
ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਨ੍ਹਾਂ ਪੰਛੀਆਂ ਨਾਲ ਉਸ ਦਾ ਰਿਸ਼ਤਾ ਸਿਰਫ਼ ਦਾਣਾ-ਪਾਣੀ ਪਾਉਣ ਤੱਕ ਸੀਮਤ ਨਹੀਂ। ਘਰ 'ਚ ਜਦੋਂ ਵੀ ਕੋਈ ਖ਼ੁਸ਼ੀ ਦਾ ਮੌਕਾ ਹੋਵੇ, ਬੱਚਿਆਂ ਦਾ ਜਨਮਦਿਨ, ਵਿਆਹ ਦੀ ਵਰ੍ਹੇਗੰਢ ਜਾਂ ਕੋਈ ਹੋਰ ਸਮਾਗਮ, ਉਹ ਆਪਣੀਆਂ ਰਾਜਕੁਮਾਰੀਆਂ ਲਈ ਨਵਾਂ ਰਹਿਣ ਬਸੇਰਾ ਲਿਆ ਕੇ ਲਗਾਉਂਦੀ ਹੈ। ਇਸ ਸੇਵਾ 'ਚ ਉਸ ਦੇ ਸੱਸ-ਸਹੁਰੇ, ਪਤੀ ਅਤੇ ਦਿਉਰ-ਭਰਾਵਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ ਅੰਗ
ਹਰਪ੍ਰੀਤ ਕਹਿੰਦੀ ਹੈ ਕਿ ਕਈ ਲੋਕਾਂ ਨੇ ਉਸ ਦਾ ਮਜ਼ਾਕ ਵੀ ਉਡਾਇਆ ਪਰ ਉਸ ਨੇ ਕਦੇ ਇਸ ਸੇਵਾ ਨੂੰ ਰੋਕਿਆ ਨਹੀਂ। ਉਸ ਦਾ ਇਕੋ ਮਕਸਦ ਹੈ, ਬੇਜ਼ੁਬਾਨ ਪੰਛੀਆਂ ਦੀ ਸੇਵਾ ਕਰਨੀ ਅਤੇ ਉਨ੍ਹਾਂ ਦੀ ਗਿਣਤੀ ਵਧਾਉਣੀ। ਹਰਪ੍ਰੀਤ ਕੌਰ ਨੇ ਕਿਹਾ ਕਿ ਕੁਦਰਤ 'ਚ ਆ ਰਹੇ ਬਦਲਾਅ ਨੂੰ ਲੈ ਕੇ ਵੀ ਚਿੰਤਾ ਵਿਚ ਹੈ। ਉਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਚਿੜੀਆਂ, ਚਿੜੇ, ਤੋਤੇ, ਗੁਟਾਰਾਂ, ਮੋਰ, ਘੁੱਗੀਆਂ ਅਤੇ ਕਾਂ ਵਰਗੇ ਕਈ ਪੁਰਾਤਨ ਪੰਛੀਆਂ ਦੀ ਗਿਣਤੀ ਘਟੀ ਹੈ। ਪ੍ਰਦੂਸ਼ਿਤ ਪਾਣੀ, ਦੂਸ਼ਿਤ ਵਾਤਾਵਰਨ, ਫ਼ਸਲਾਂ ’ਤੇ ਕੀਟਨਾਸ਼ਕਾਂ ਦੀ ਵੱਧ ਵਰਤੋਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਪੰਛੀਆਂ ਲਈ ਵੱਡਾ ਖ਼ਤਰਾ ਬਣ ਰਿਹਾ ਹੈ। ਹਰਪ੍ਰੀਤ ਦਾ ਮੰਨਣਾ ਹੈ ਕਿ ਜੇਕਰ ਅਸੀਂ ਅੱਜ ਪੰਛੀਆਂ ਅਤੇ ਕੁਦਰਤ ਲਈ ਕੁਝ ਨਾ ਕੀਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸਿਰਫ਼ ਕਿਤਾਬਾਂ 'ਚ ਪੜ੍ਹਨ ਵਾਲੀ ਵਿਰਾਸਤ ਬਣ ਕੇ ਰਹਿ ਜਾਣਗੇ।

ਉਸ ਨੇ ਕਿਹਾ ਕਿ ਮੈਂ ਇਹ ਦਾਅਵੇ ਨਾਲ ਕਹਿੰਦੀ ਹਾਂ ਕਿ ਜਿਹੜਾ ਇਨਸਾਨ ਇਨ੍ਹਾਂ ਬੇਜ਼ੁਬਾਨ ਪੰਛੀਆਂ ਦੀ ਸੇਵਾ ਕਰਦਾ ਹੈ, ਪਰਮਾਤਮਾ ਉਸ 'ਤੇ ਕਿਰਪਾ ਕਰਦਾ ਹੈ। ਅੱਜ ਮੇਰੀਆਂ ਰਾਜਕੁਮਾਰੀਆਂ ਦੀ ਬਦੌਲਤ ਵੱਡੇ-ਵੱਡੇ ਟੀ. ਵੀ. ਚੈਨਲ ਮੇਰੇ ਘਰ ਆਏ ਅਤੇ ਮੇਰਾ ਨਾਂ ਦੁਨੀਆ ਤੱਕ ਪਹੁੰਚਿਆ। ਹਰਪ੍ਰੀਤ ਕੌਰ ਨੇ ਕਿਹਾ ਕਿ “ਚਿੜੀਆਂ ਸਾਡੇ ਵਿਹੜੇ ਦੀ ਰੌਣਕ ਨੇ… ਇਨ੍ਹਾਂ ਨੂੰ ਬਚਾਉਣਾ ਸਾਡਾ ਫਰਜ਼ ਹੈ। ਇਕ ਛੋਟੇ ਜਿਹੇ ਜੁੱਤੀਆਂ ਦੇ ਡੱਬੇ ਤੋਂ ਸ਼ੁਰੂ ਹੋਈ ਹਰਪ੍ਰੀਤ ਕੌਰ ਦੀ ਇਹ ਮੁਹਿੰਮ ਅੱਜ ਸੈਂਕੜੇ ਰਹਿਣ ਬਸੇਰਿਆਂ ਤੱਕ ਪਹੁੰਚ ਚੁੱਕੀ ਹੈ। ਹਰਪ੍ਰੀਤ ਕੌਰ ਦੀ ਇਹ ਕਹਾਣੀ ਸਿਰਫ਼ ਇਕ ਮਹਿਲਾ ਦੀ ਸੇਵਾ ਨਹੀਂ, ਸਗੋਂ ਸਾਨੂੰ ਇਹ ਸੁਨੇਹਾ ਵੀ ਦਿੰਦੀ ਹੈ ਕਿ ਕੁਦਰਤ ਦੀ ਰੱਖਿਆ ਲਈ ਵੱਡੇ ਕੰਮ ਕਰਨ ਦੀ ਨਹੀਂ, ਸਿਰਫ਼ ਇਕ ਛੋਟੀ ਜਿਹੀ ਸ਼ੁਰੂਆਤ ਕਰਨ ਦੀ ਲੋੜ ਹੈ।



ਇਹ ਵੀ ਪੜ੍ਹੋ: ਸੋਮਵਾਰ ਨੂੰ ਚੰਡੀਗੜ੍ਹ ਦੇ ਸਕੂਲਾਂ 'ਚ ਰਹੇਗੀ ਛੁੱਟੀ! ਰਾਜਪਾਲ ਨੇ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
