ਅੱਜ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹੈ 'ਮਾਘੀ' ਦਾ ਤਿਉਹਾਰ, ਜਾਣੋ ਸਿੱਖ ਧਰਮ 'ਚ ਕੀ ਹੈ ਮਹੱਤਤਾ
Friday, Jan 14, 2022 - 05:15 PM (IST)
ਜਲੰਧਰ (ਬਿਊਰੋ) - ਮਾਘੀ ਦਾ ਤਿਉਹਾਰ ਸਿੱਖ ਧਰਮ 'ਚ ਖ਼ਾਸ ਮਹੱਤਵ ਰੱਖਦਾ ਹੈ। ਹਰ ਸਾਲ 40 ਸਿੱਖ ਮੁਕਤਿਆਂ ਦੀ ਸ਼ਹਾਦਤ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਤਿਉਹਾਰ ਮੇਲੇ ਦੇ ਰੂਪ 'ਚ ਮਨਾਇਆ ਜਾਂਦਾ ਹੈ। ਹਿੰਦੀ 'ਚ ਇਸ ਤਿਉਹਾਰ ਨੂੰ 'ਮਕਰ ਸਕ੍ਰਾਂਤੀ' ਕਿਹਾ ਜਾਂਦਾ ਹੈ। ਮਾਘੀ, ਪੰਜਾਬੀ ਕਲੈਂਡਰ ਮੁਤਾਬਕ, ਮਾਘ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਨਾਇਆ ਜਾਂਦਾ ਹੈ। ਮਾਘੀ ਮਕਰ ਸੰਕ੍ਰਾਤੀ ਤਿਉਹਾਰ ਦਾ ਪੰਜਾਬੀ ਨਾਂ ਹੈ, ਜੋ ਕਿ ਠੰਡ ਦੀ ਸੰਗਰਾਂਦ ਦਾ ਤਿਉਹਾਰ ਹੈ ਅਤੇ ਇਸ ਨੂੰ ਸਰਦੀ ਵਾਡੀ ਦੇ ਤਿਉਹਾਰ ਦੇ ਰੂਪ 'ਚ ਪੂਰੇ ਭਾਰਤ 'ਚ ਮਨਾਇਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਲੋਹੜੀ ਤੋਂ ਅਗਲੇ ਦਿਨ ਸ਼ਰਧਾ ਨਾਲ ਮਨਾਇਆ ਜਾਂਦੈ 'ਮਾਘੀ ਦਾ ਤਿਉਹਾਰ', ਜਾਣੋ ਕੀ ਹੈ ਇਤਿਹਾਸ
ਸ੍ਰੀ ਮੁਕਤਸਰ ਸਾਹਿਬ ਦੀ ਦਾਸਤਾਨ
ਦੱਸ ਦੇਈਏ ਕਿ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ 'ਤੇ ਮੁਗਲ ਹਕੂਮਤ ਵਿਰੁੱਧ ਆਪਣੀ ਆਖ਼ਰੀ ਜੰਗ ਲੜੀ ਸੀ, ਜਿਸ ਨੂੰ 'ਖਿਦਰਾਣੇ ਦੀ ਜੰਗ' ਕਿਹਾ ਜਾਂਦਾ ਹੈ। ਸੰਨ 1705 ਈ. 'ਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਯੁੱਧ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੁਸ਼ਮਣਾਂ ਦੀ ਫੌਜ ਨਾਲ ਜੰਗ ਕਰਦੇ ਹੋਏ ਵੱਖ-ਵੱਖ ਥਾਵਾਂ 'ਤੇ ਮਾਲਵਾ ਦੀ ਧਰਤੀ ਵੱਲ ਰੁਖ ਕੀਤਾ। ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਤੇ ਖਿਦਰਾਣੇ ਦੀ ਢਾਬ 'ਤੇ ਜਾ ਪੁੱਜੇ। ਦੱਸ ਦਈਏ ਕਿ ਜੋ ਮਹਾਨ 40 ਸਿੱਖ ਯੋਧੇ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ, ਇਸ ਪਵਿੱਤਰ ਧਰਤੀ 'ਤੇ ਉਨ੍ਹਾਂ ਨੇ ਵੀ ਗੁਰੂ ਸਾਹਿਬ ਨਾਲ ਮਿਲ ਕੇ ਮੋਰਚੇ ਕਾਇਮ ਕਰ ਲਏ। ਇਸ ਅਸਥਾਨ 'ਤੇ ਹੀ ਸਿੱਖਾਂ ਨੇ ਆਸਰਾ ਲਿਆ ਅਤੇ ਮੁਗਲ ਫੌਜ 'ਤੇ ਹਮਲਾ ਕੀਤਾ। ਮੁਗਲ ਫੌਜ ਦੇ ਕਈ ਸਿਪਾਹੀ ਮਾਰੇ ਗਏ ਅਤੇ ਕਈ ਭੱਜ ਗਏ। ਯੁੱਧ ਦੌਰਾਨ ਕਈ ਸਿੰਘ ਵੀ ਸ਼ਹੀਦ ਹੋ ਗਏ ਸਨ। ਇਸ ਪਵਿੱਤਰ ਧਰਤੀ 'ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ, ਜੋ ਆਪਣੇ ਸਾਥੀਆਂ ਸਮੇਤ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਕਰਕੇ ਆਏ ਸਨ, ਉਨ੍ਹਾਂ ਦੇ ਬੇਦਾਵੇ ਨੂੰ ਪਾੜ ਕੇ ਸਿੰਘਾਂ ਨੂੰ ਮੁਕਤ ਕੀਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਥਾਂ 'ਤੇ ਸ਼ਹੀਦੀ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਇਸ ਧਰਤੀ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਪੈ ਗਿਆ।
ਇਹ ਖ਼ਬਰ ਵੀ ਪੜ੍ਹੋ - ਲੋਹੜੀ ਤੋਂ ਅਗਲੇ ਦਿਨ ਸ਼ਰਧਾ ਨਾਲ ਮਨਾਇਆ ਜਾਂਦੈ 'ਮਾਘੀ ਦਾ ਤਿਉਹਾਰ', ਜਾਣੋ ਕੀ ਹੈ ਇਤਿਹਾਸ
ਇਸ ਦਿਨ ਤੋਂ ਸ਼ੀਸ਼ਿਰ ਮੌਸਮ ਦੀ ਹੁੰਦੀ ਹੈ ਸ਼ੁਰੂਆਤ
ਸ਼ੀਸ਼ਿਰ ਮੌਸਮ ਸਰਦੀ ਦੇ ਮੌਸਮ ਦਾ ਦੂਸਰਾ ਅੱਧ ਵੀ ਮੰਨਿਆ ਜਾਂਦਾ ਹੈ, ਜਿਸ 'ਚ ਨਿਮਰ ਮੌਸਮ ਹੁੰਦਾ ਹੈ। ਇਸ ਤਰ੍ਹਾਂ ਮਾਘੀ ਨੂੰ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਮਾਘੀ ਤਿਉਹਾਰ ਨੂੰ ਸੂਰਜੀ ਮਹੀਨੇ ਮਾਘ 'ਚ ਮਨਾਇਆ ਜਾਂਦਾ ਹੈ, ਉਸ ਅਨੁਸਾਰ ਬਸੰਤ ਤਿਉਹਾਰ ਨੂੰ ਚੰਦਰ ਮਹੀਨੇ ਦੇ ਮਾਘ 'ਚ ਮਨਾਇਆ ਜਾਂਦਾ ਹੈ। ਮਾਘੀ ਦੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਮੇਲਾ ਲੱਗਦਾ ਹੈ। ਇਹ ਸਾਲਾਨਾ ਮੇਲਾ ਮਾਘੀ ਵਾਲੇ ਦਿਨ ਸ੍ਰੀ ਮੁਕਤਸਰ ਵਿਖੇ ਲੱਗਦਾ ਹੈ।
ਬੀਤੇ ਸਮੇਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦਾ ਨਾਂ 'ਖਿਦਰਾਣਾ' ਸੀ। ਇਥੇ ਇਕ ਪਵਿੱਤਰ ਸਰੋਵਰ ਬਣਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਨੇ ਇਹ ਬਖ਼ਸ਼ਿਸ਼ ਕੀਤੀ ਸੀ ਕਿ ਜਿਹੜਾ ਇਸ ਸਰੋਵਰ 'ਚ ਇਸ਼ਨਾਨ ਕਰੇਗਾ ਉਹ ਪਾਪਾਂ ਤੋਂ ਮੁਕਤ ਹੋ ਜਾਵੇਗਾ। ਮਾਘੀ ਵਾਲੇ ਦਿਨ ਲੋਕੀ ਸ਼ਰਧਾ ਨਾਲ ਇਸ ਸਰੋਵਰ 'ਚ ਇਸ਼ਨਾਨ ਕਰਦੇ ਹਨ। ਇਸ਼ਨਾਨ ਪਿਛੋਂ ਸੰਗਤਾਂ ਨਗਰ ਕੀਰਤਨ ਦੇ ਰੂਪ 'ਚ ਮੁਕਤਸਰ ਦੇ ਹੋਰ ਪਵਿੱਤਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਨਿਕਲਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ - Makar Sankranti 2022: ਇਸ ਦਿਨ ਦਾਨ ਕਰਨ ਸਮੇਤ ਜ਼ਰੂਰ ਕਰੋ ਇਹ ਕੰਮ, ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਰਹੋ ਦੂਰ
ਮਕਰ ਸੰਕ੍ਰਾਂਤੀ 'ਤੇ ਜ਼ਰੂਰ ਕਰੋ ਇਹ ਕੰਮ
1. ਗਰੀਬਾਂ ਅਤੇ ਲੋੜਵੰਦਾਂ ਨੂੰ ਤਿਲ, ਗੁੜ, ਕਾਲੇ ਰੰਗ ਦਾ ਕੱਪੜਾ, ਆਟਾ, ਘਿਓ ਜਾਂ ਦਾਲ ਦਾਨ ਕਰੋ।
2. ਸਰ੍ਹੋਂ ਦੇ ਤੇਲ 'ਚ ਕੁਝ ਪਰਾਂਠੇ ਜਾਂ ਪੂੜੀਆਂ ਬਣਾ ਕੇ ਕਾਲੇ ਕੁੱਤਿਆਂ ਨੂੰ ਖਵਾਓ।
3. ਕਾਲੇ ਤਿਲਾਂ ਨੂੰ ਦੋ ਬਰਾਬਰ ਹਿੱਸਿਆਂ 'ਚ ਵੰਡ ਲਓ। ਇਸ ਦਾ ਇੱਕ ਹਿੱਸਾ ਦਾਨ ਕਰੋ ਅਤੇ ਦੂਜੇ ਨਾਲ ਪਕਵਾਨ ਬਣਾਓ।
4. ਮਾਂਹ ਦੀ ਦਾਲ ਦੀ ਖਿਚੜੀ ਬਣਾ ਕੇ ਭਗਵਾਨ ਨੂੰ ਚੜ੍ਹਾਓ। ਸੰਕ੍ਰਾਂਤੀ 'ਤੇ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
5. ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਦੇਵਤਾ ਨੂੰ ਜਲ ਚੜ੍ਹਾਓ।
6. ਪਤੰਗ ਲਈ ਨਾਈਲਨ ਧਾਗੇ ਦੀ ਬਜਾਏ ਨਰਮ ਸੂਤੀ ਧਾਗੇ ਦੀ ਵਰਤੋਂ ਕਰੋ। ਜੇਕਰ ਕੋਈ ਜ਼ਖ਼ਮੀ ਪੰਛੀ ਦਿਸਦਾ ਹੈ ਤਾਂ ਉਸ ਨੂੰ ਨਜ਼ਦੀਕੀ ਪਸ਼ੂ ਭਲਾਈ ਕੇਂਦਰ 'ਚ ਲੈ ਜਾਓ।