GST ਘਪਲੇ ਨੂੰ ਲੈ ਕੇ ਵਿਜੀਲੈਂਸ ਦੀ ਵੱਡੀ ਕਾਰਵਾਈ, ਦੋਸ਼ੀ 6 ਏਜੰਟ ਕੀਤੇ ਗ੍ਰਿਫ਼ਤਾਰ

09/13/2022 10:36:08 PM

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਜੀ. ਐੱਸ. ਟੀ. ਘਪਲੇ ਸਬੰਧੀ ਟੈਕਸ ਨਾਕਿਆਂ ਤੋਂ ਚੋਰੀ ਗੱਡੀਆਂ ਲੰਘਾਉਣ ਤੇ ਟੈਕਸ ਚੋਰੀ ਕਰਾਉਣ ਵਾਲੇ 6 ਦੋਸ਼ੀ ਏਜੰਟਾਂ/ਵਿਚੋਲੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਸੂਬੇ ਦੇ ਟੈਕਸ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਬਦਲੇ ’ਚ ਉਨ੍ਹਾਂ ਨੂੰ ਟੈਕਸ ਤੋਂ ਬਚਣ ਲਈ ਰਸਤਾ ਪ੍ਰਦਾਨ ਕਰ ਰਹੇ ਸਨ ਅਤੇ ਘੱਟ ਜੁਰਮਾਨਾ ਲਗਾ ਕੇ ਕੱਚਾ ਮਾਲ (ਲੋਹੇ ਦਾ ਸਕਰੈਪ) ਅਤੇ ਤਿਆਰ ਸਾਮਾਨ ਲਿਜਾਣ ਵਾਲੇ ਵਾਹਨਾਂ ਦੀ ਚੈਕਿੰਗ ਦੌਰਾਨ ਜੀ.ਐੱਸ.ਟੀ. ਨੂੰ ਖੋਰਾ ਲਾ ਰਹੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ’ਚ ਜੀ. ਐੱਸ. ਟੀ./ਆਬਕਾਰੀ ਅਤੇ ਟੈਕਸ ਅਧਿਕਾਰੀਆਂ ਤੋਂ ਇਲਾਵਾ ਏਜੰਟ/ਵਿਚੋਲੀਏ ਇਕ-ਦੂਜੇ ਨਾਲ ਮਿਲੀਭੁਗਤ ਕਰਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਸਨ, ਜਿਨ੍ਹਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 420, 465, 467, 468, 471, 120-ਬੀ, 201 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 7, 7(ਏ) ਤੇ 8 ਤਹਿਤ ਥਾਣਾ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1 ਪੰਜਾਬ ਮੁਹਾਲੀ ਵਿਖੇ ਐੱਫ. ਆਈ. ਆਰ. ਨੰਬਰ 8 ਮਿਤੀ 21/08/2020 ਦਰਜ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, ਘਰ-ਘਰ ਆਟਾ ਵੰਡਣ ਦੀ ਯੋਜਨਾ ’ਤੇ ਲਾਈ ਰੋਕ

ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਪੰਜਾਬ ਦੀ ਆਰਥਿਕ ਅਪਰਾਧ ਸ਼ਾਖਾ ਨੇ ਅੱਜ ਬਲਵਿੰਦਰ ਸਿੰਘ ਉਰਫ ਬਾਬੂ ਰਾਮ, ਸਚਿਨ ਕੁਮਾਰ ਲੁਥਰਾ, ਪਵਨ ਕੁਮਾਰ ਉਰਫ ਕਾਲਾ, ਅਜੈ ਕੁਮਾਰ, ਰਣਧੀਰ ਸਿੰਘ ਅਤੇ ਅਵਤਾਰ ਸਿੰਘ ਨਾਮੀ 6 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ’ਚ ਟੈਕਸ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਏਜੰਟਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਟੈਕਸ ਵਿਭਾਗ ਦੇ ਜੀ. ਐੱਸ. ਟੀ. ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੀ. ਐੱਸ. ਟੀ. ਦੀ ਲੋੜੀਂਦੀ ਰਕਮ ਦਾ ਭੁਗਤਾਨ ਕੀਤੇ ਬਿਨਾਂ ਲੋਹੇ ਦੇ ਸਕਰੈਪ/ਤਿਆਰ ਸਾਮਾਨ ਲਿਜਾਣ ਵਾਲੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਵਾਹਨਾਂ ਨੂੰ ਲੰਘਾਉਣ ਵਾਲੇ ਇਸ ਗੱਠਜੋੜ ਵਿੱਚ ਸਰਗਰਮੀ ਨਾਲ ਸ਼ਾਮਲ ਸਨ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਕਿਸਾਨ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਫ਼ਸਲ ਨਹੀਂ ਵੇਚ ਸਕਣਗੇ, ਨਹੀਂ ਮਿਲੇਗਾ MSP

ਇਸ ਘਪਲੇ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਬੇ ਦੇ ਟੈਕਸ ਅਧਿਕਾਰੀਆਂ ਦੀ ਮੱਦਦ ਦੇ ਬਦਲੇ ਇਹ ਏਜੰਟ ਉਨ੍ਹਾਂ ਨੂੰ ਭਾਰੀ ਰਿਸ਼ਵਤ ਦੇ ਰਹੇ ਸਨ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਏਜੰਟਾਂ ਦੇ ਹੋਰ ਗਰੁੱਪ ਅਤੇ ਸਬੰਧਤ ਜੀ.ਐੱਸ.ਟੀ. ਅਧਿਕਾਰੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਨ੍ਹਾਂ ਸਾਰੇ ਗ੍ਰਿਫ਼ਤਾਰ ਏਜੰਟਾਂ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਵੱਲੋਂ ਭਾਜਪਾ ’ਤੇ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖਤ ਦੇ ਲਾਏ ਦੋਸ਼ਾਂ ’ਤੇ ਰਾਜਾ ਵੜਿੰਗ ਦਾ ਵੱਡਾ ਬਿਆਨ     


Manoj

Content Editor

Related News