SBS ਨਗਰ ਟ੍ਰਾਂਸਪੋਰਟੇਸ਼ਨ ਘਪਲੇ 'ਚ ਹੋ ਰਹੇ ਵੱਡੇ ਖ਼ੁਲਾਸੇ, ਜਾਂਚ ਦੌਰਾਨ ਸਾਹਮਣੇ ਆਈ ਇਹ ਗੱਲ
Sunday, Oct 16, 2022 - 06:44 PM (IST)
ਨਵਾਂਸ਼ਹਿਰ (ਮਨੋਰੰਜਨ)- ਸ਼ਹੀਦ ਭਗਤ ਸਿੰਘ ਨਗਰ ’ਚ ਟ੍ਰਾਂਸਪੋਰਟੇਸ਼ਨ ਘਪਲੇ ’ਚ ਕਈ ਨਵੇਂ ਖ਼ੁਲਾਸੇ ਹੋ ਰਹੇ ਹਨ। ਵਿਜੀਲੈਂਸ ਦੀ ਜਾਂਚ ’ਚ ਆਇਆ ਹੈ ਕਿ ਟੈਂਡਰ ਲੈਣ ਲਈ ਹਨੀ ਕੁਮਾਰ ਨੇ ਸਭਾ ਵੱਲੋਂ ਲੇਬਰ ਦੇ ਕੰਮ ਦੇ ਲਈ ਰਾਹੋਂ ਕਲਸਟਰ ਅਤੇ ਨਵਾਂਸ਼ਹਿਰ ਕਲਸਟਰ ’ਚ ਬੇਸਿਕ ਰੇਟ ’ਤੇ ਟੈਂਡਰ ਪਾਏ ਸੀ ਪਰ ਜ਼ਿਲ੍ਹਾ ਅਲਾਟਮੈਂਟ ਸੰਮਤੀ ਵੱਲੋਂ ਉਨ੍ਹਾਂ ਟੈਂਡਰਾਂ ਨੂੰ ਰੱਦ ਕਰਕੇ ਮਾਮਲੇ ’ਚ ਨਾਮਜਦ ਦੋਸ਼ੀ ਠੇਕੇਦਾਰ ਅਜੇਪਾਲ ਨੂੰ ਨਵਾਂਸ਼ਹਿਰ ਕਲਸਟਰ ’ਚ ਲੇਬਰ ਕੰਮਾਂ ਲਈ ਕਥਿਤ ਤੌਰ ’ਤੇ 73 ਫ਼ੀਸਦੀ ਜ਼ਿਆਦਾ ਅਤੇ ਰਾਹੋਂ ਕਲਸਟਰ ’ਚ 72 ਫ਼ੀਸਦੀ ਜ਼ਿਆਦਾ ਰੇਟ ’ਤੇ ਕਥਿਤ ਦੋਸ਼ੀ ਠੇਕੇਦਾਰ ਤੇਲੂ ਰਾਮ ਨੂੰ ਟੈਂਡਰ ਦੇ ਦਿੱਤੇ ਗਏ।
ਇਹ ਵੀ ਪੜ੍ਹੋ: ਕੈਨੇਡਾ ਤੋਂ ਮੰਦਭਾਗੀ ਖ਼ਬਰ: ਨਕੋਦਰ ਦੇ 22 ਸਾਲਾ ਨੌਜਵਾਨ ਦੀ ਮੌਤ, ਜਨਮ ਦਿਨ ਦਾ ਤੋਹਫ਼ਾ ਉਡੀਕਦੀ ਰਹੀ ਭੈਣ
ਹੁਣ ਵਿਜੀਲੈਂਸ ਦੀ ਨਜ਼ਰ ਉਨ੍ਹਾਂ ਅਧਿਕਾਰੀਆਂ ’ਤੇ ਵੀ ਹੈ, ਜਿਨ੍ਹਾਂ ਠੇਕੇ ਅਲਾਟ ਕੀਤੇ ਸੀ। ਨਵਾਂਸ਼ਹਿਰ ਅਤੇ ਰਾਹੋਂ ਦੇ ਠੇਕੇ ਲੈਣ ਲਈ ਫਰਜ਼ੀ ਕਾਗਜ਼ਾਤ ਦਿੱਤੇ ਗਏ ਸੀ, ਜਿਨ੍ਹਾਂ ਦੀ ਬਾਰੀਕੀ ਨਾਲ ਸਕ੍ਰੀਨਿੰਗ ਨਹੀਂ ਕੀਤੀ ਗਈ। ਟੈਂਡਰ ਅਲਾਟਮੈਂਟ ਕਮੇਟੀ ਦਾ ਫਰਜ਼ ਬਣਦਾ ਸੀ ਕਿ ਇਨ੍ਹਾਂ ਕਾਗਜ਼ਾਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ। ਇਸ ਕਮੇਟੀ ’ਚ ਪਨਸਪ, ਵੇਅਰ ਹਾਊਸ, ਫੂਡ ਸਪਲਾਈ ਵਿਭਾਗ, ਪੰਜਾਬ ਐਗਰੋ ਦੇ ਮੈਨੇਜਰ ਸ਼ਾਮਲ ਸਨ। ਕਮੇਟੀ ਦੇ ਚੇਅਰਮੈਨ ਉਸ ਸਮੇਂ ਦੇ ਡੀ. ਸੀ. ਸਨ।
ਹਾਲਾਂਕਿ ਹਸਤਾਖ਼ਰ ਡੀ. ਸੀ. ਦੇ ਹੁੰਦੇ ਹਨ ਪਰ ਉਨ੍ਹਾਂ ਦੀ ਜ਼ਿੰਮੇਵਾਰੀ ਇੰਨੀ ਮਹੱਤਵਪੂਰਨ ਨਹੀਂ ਹੈ ਜਿੰਨੀ ਖ਼ਰੀਦ ਏਜੰਸੀਆਂ ਦੇ ਮੈਨੇਜਰਾਂ ਦੀ ਹੈ। ਸੂਤਰ ਦੱਸਦੇ ਹਨ ਕਿ ਸਾਲ 2022-23 ਦੌਰਾਨ ਠੇਕੇਦਾਰ ਅਜੇਪਾਲ ਨੇ ਉਪਜ ਦੀ ਢੁਲਾਈ ਲਈ ਦਿੱਤੀ ਗਈ ਵਾਹਨਾਂ ਦੀ ਸੂਚੀਆਂ ਦਾ ਰਿਕਾਰਡ ਜ਼ਿਲਾ ਟਰਾਂਸਪੋਰਟ ਅਧਿਕਾਰੀ ਤੋਂ ਵਿਜੀਲੈਂਸ ਨੇ ਜਦੋ ਚੈੱਕ ਕਰਵਾਇਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਨ੍ਹਾਂ ’ਚ ਵੱਡੀ ਗਿਣਤੀ ’ਚ ਫਰਜ਼ੀ ਨੰਬਰ ਦੇ ਸਕੂਟਰ, ਮੋਟਰਸਾਈਕਲ, ਕਾਰ, ਪਿੱਕਅਪ, ਟਰੈਕਟਰ, ਟਰਾਲੀ, ਹਾਰਵੈਸਟਰ ਆਦਿ ਮਿਲੇ। ਇਨ੍ਹਾਂ ਵਾਹਨਾਂ ’ਤੇ ਫਸਲ ਦੀ ਢੁਲਾਈ ਨਹੀਂ ਕੀਤੀ ਜਾ ਸਕਦੀ।
ਇੰਨਾ ਹੀ ਨਹੀਂ ਠੇਕਾ ਭਰਦੇ ਸਮੇਂ ਠੇਕੇਦਾਰ ਦੇ ਕੋਲ ਕਿੰਨੇ ਮਜ਼ਦੂਰ ਹਨ, ਉਨ੍ਹਾਂ ਦਾ ਬਿਓਰਾ ਵੀ ਠੇਕਾ ਭਰਦੇ ਸਮੇਂ ਠੇਕੇਦਾਰਾ ਵੱਲੋਂ ਮੁਹੱਈਆ ਕਰਵਾਏ ਗਏ ਮਜ਼ਦੂਰਾਂ ਦੇ ਆਧਾਰ ਕਾਰਡ ਦੀ ਫੋਟੋ ਕਾਪੀ ਦੀ ਜਾਂਚ ਕੀਤੀ ਗਈ। ਇਨ੍ਹਾਂ ’ਚ ਕਈ ਆਧਾਰ ਕਾਰਡ ਨਾਬਾਲਿਗ ਮਜ਼ਦੂਰਾਂ ਦੇ ਅਤੇ ਕਈ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਨਿਕਲੇ, ਜੋ ਮਜ਼ਦੂਰੀ ਹੀ ਨਹੀ ਕਰ ਸਕਦੇ ਸੀ। ਇਨ੍ਹਾਂ ਠੇਕਿਆਂ ਨੂੰ ਦੇਣ ਦੀ ਜ਼ਿੰਮੇਵਾਰੀ ਅਲਾਟਮੈਂਟ ਕਮੇਟੀ ਦੀ ਸੀ, ਜਿਸ ’ਚ ਕਈ ਖਰੀਦ ਏਜੰਸੀਆਂ ਦੇ ਮੈਨੇਜਰਾਂ ਤੋਂ ਇਲਾਵਾ ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਵੀ ਸੀ ਅਤੇ ਕਮੇਟੀ ਦੇ ਚੇਅਰਮੈਨ ਜ਼ਿਲ੍ਹੇ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਸੀ। ਸੂਤਰ ਦੱਸਦੇ ਹਨ ਕਿ ਕਥਿਤ ਦੋਸ਼ੀ ਭਾਰਤ ਭੂਸ਼ਣ ਆਸ਼ੂ ਦੇ ਹੁਕਮਾਂ ਕਾਰਨ ਕਿਸੇ ਕਾਗਜ਼ਾਤ ਦੀ ਜਾਂਚ ਪਰਖ ਕੀਤੇ ਬਿਨਾਂ ਹੀ ਕਥਿਤ ਦੋਸ਼ੀ ਠੇਕੇਦਾਰਾਂ ਨੂੰ ਜ਼ਿਆਦਾ ਰੇਟ ’ਤੇ ਠੇਕੇ ਦੇ ਦਿੱਤੇ ਗਏ।
ਇਹ ਵੀ ਪੜ੍ਹੋ: ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ