ਵਿਭਾਗ ਦੀ ਵੱਡੀ ਕਾਰਵਾਈ, 1.25 ਲੱਖ ਲੀਟਰ ਲਾਹਨ ਤੇ ਚਾਲੂ ਭੱਠੀ ਸਮੇਤ ਭਾਰੀ ਮਾਤਰਾ 'ਚ ਸਮਾਨ ਕੀਤਾ ਜ਼ਬਤ
Monday, Aug 10, 2020 - 07:02 PM (IST)

ਫਿਰੋਜ਼ਪੁਰ(ਹਰਚਰਨ,ਬਿੱਟੂ) - ਆਬਕਾਰੀ ਵਿਭਾਗ ਫਿਰੋਜ਼ਪੁਰ ਅਤੇ ਤਰਨਤਾਰਨ ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਨਸ਼ੇ ਦੇ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਅੱਜ ਛਾਪੇਮਾਰੀ ਦੌਰਾਨ 1.25 ਲੱਖ ਲੀਟਰ ਲਾਹਨ, ਚਾਲੂ ਭੱਟੀ, 26 ਤਰਪਾਲਾਂ ਅਤੇ 10 ਲੋਹੇ ਦੇ ਡਰੱਮ ਬਰਾਮਦ ਕੀਤੇ।
ਡਿਪਟੀ ਕਮਿਸ਼ਨਰ ਆਬਕਾਰੀ ਜੇ.ਐਸ. ਬਰਾੜ ਨੇ ਦੱਸਿਆ ਕਿ ਅੱਜ ਸਵੇਰੇ ਆਬਕਾਰੀ ਵਿਭਾਗ ਵੱਲੋਂ ਹਰੀਕੇ ਖੇਤਰ ਵਿਚ ਸਤਲੁਜ ਅਤੇ ਬਿਆਸ ਦਰਿਆ ਦੇ ਮਿਲਨ ਸਥਲ ਦੇ ਨਾਲ ਲੱਗਦੇ ਇਲਾਕਿਆਂ ਵਿਚ ਸਾਂਝੇ ਤੌਰ 'ਤੇ ਤਲਾਸੀ ਮੁਹਿੰਮ ਚਲਾਈ ਗਈ। ਇਸ ਦੌਰਾਨ 1,25,000 ਲੀਟਰ ਲਾਹਨ, ਚਾਲੂ ਭੱਠੀ, 26 ਤਰਪਾਲ ਅਤੇ 10 ਲੋਹੇ ਦੇ ਡਰੱਮ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਈ.ਟੀ.ਓ. ਆਬਕਾਰੀ ਕਰਮਬੀਰ ਸਿੰਘ ਮਾਹਲਾ ਦੀ ਅਗਵਾਈ ਹੇਠ ਚਲਾਈ ਗਈ ਸੀ। ਉਨ੍ਹਾਂ ਦੇ ਨਾਲ ਈ.ਟੀ.ਓ. ਆਬਕਾਰੀ ਤਰਨ ਤਾਰਨ ਮਨਵੀਰ ਬਟੂਰ, ਇੰਸਪੈਕਟਰ ਗੁਰਬਖਸ਼ ਸਿੰਘ, ਅਮਨਬੀਰ ਸਿੰਘ ਅਤੇ ਹਰੀਕੇ ਰੇਂਜ ਅਫਸਰ ਕੰਵਰਜੀਤ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ ਦਾ ਕੰਮ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਏਗੀ। ਉਨ੍ਹਾਂ ਦੱਸਿਆ ਕਿ ਮਾਮਲਾ ਹਰੀਕੇ ਥਾਣੇ ਵਿਚ ਦਰਜ ਕੀਤਾ ਗਿਆ ਹੈ।