ਵਿਧਾਨ ਸਭਾ ''ਚੋਂ ਗਾਇਬ ਹੋਏ ਪੰਜਾਬ ਦੇ ਮੁੱਖ ਮੁੱਦੇ

Thursday, Jun 29, 2017 - 06:29 AM (IST)

ਜਲੰਧਰ (ਪੁਨੀਤ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਸਰਬਜੀਤ ਸਿੰਘ ਜੰਮੂ, ਜਸਵੀਰ ਸਿੰਘ ਘੁੰਮਣ, ਸਰਬਜੀਤ ਸੋਹਲ, ਬਲਵਿੰਦਰ ਸਿੰਘ ਖੋਜਕੀਪੁਰ, ਸਤਨਾਮ ਸਿੰਘ ਕੰਡਾ ਨੇ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਵਿਧਾਨ ਸਭਾ ਵਿਚ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਉਠਾਉਣ ਵਿਚ ਕਾਂਗਰਸ ਸਰਕਾਰ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਮਾਮਲਾ, ਪਾਣੀ ਦੇ ਮੁੱਦੇ, ਬੇਰੋਜ਼ਗਾਰੀ, ਸਿੱਖਿਆ,  ਕਾਲੀ ਸੂਚੀ ਜਿਹੇ ਮੁੱਦਿਆਂ 'ਤੇ ਵੱਡਾ ਕਦਮ ਚੁੱਕਣ ਦੇ ਚੋਣਾਂ ਦੌਰਾਨ ਜੋ ਦਾਅਵੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 4 ਅਗਸਤ 1982 ਨੂੰ ਜਿਨ੍ਹਾਂ ਮੰਗਾਂ ਨੂੰ ਲੈ ਕੇ ਧਰਮ ਯੁੱਧ ਮੋਰਚਾ ਲੱਗਾ ਸੀ, ਜਿਸ ਵਿਚ ਹਜ਼ਾਰਾਂ ਲੋਕ ਜੇਲਾਂ ਵਿਚ ਗਏ, ਵੱਡੀ ਗਿਣਤੀ ਵਿਚ ਲੋਕ ਬੇਘਰ ਹੋਏ, ਸੈਂਕੜੇ ਲਾਪਤਾ ਹੋਏ, ਫਰਜ਼ੀ ਐਨਕਾਊਂਟਰ ਹੋਏ, ਜਿਨ੍ਹਾਂ 'ਤੇ ਪੰਜਾਬ ਵਿਧਾਨ ਸਭਾ ਵਿਚ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਈ ਪਾਰਟੀਆਂ ਵਲੋਂ ਇਸ ਸੰਬੰਧੀ ਮੀਟਿੰਗਾਂ ਕੀਤੀਆਂ ਗਈ ਪਰ ਪੰਜਾਬ ਵਿਧਾਨ ਸਭਾ ਵਿਚ ਕੋਈ ਚਰਚਾ ਨਹੀਂ ਹੋਈ, ਜਿਸ ਨਾਲ ਕਾਂਗਰਸ ਦੇ ਵੱਡੇ-ਵੱਡੇ ਦਾਅਵਿਆਂ ਦੀ ਹਵਾ ਨਿਕਲ ਗਈ।
ਉਨ੍ਹਾਂ ਕਿਹਾ ਕਿ ਲੋੜ ਸੀ ਕਿ ਵਿਧਾਨ ਸਭਾ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ, ਸਿਹਤ ਸੇਵਾਵਾਂ ਦੇ ਸੁਧਾਰ, ਸਿੱਖਿਆ ਨੂੰ ਆਮ ਆਦਮੀ ਦੇ ਬਜਟ ਵਿਚ ਲਿਆਉਣ ਤੇ ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਆਮ ਜਨਤਾ ਨੂੰ ਲੁੱਟਣ ਤੋਂ ਰੋਕਣ ਲਈ ਕਦਮ ਚੁੱਕੇ ਜਾਂਦੇ। ਆਗੂਆਂ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਅਜੇ ਵੀ ਛੋਟੀਆਂ ਮੱਛੀਆਂ ਫੜੀਆਂ ਜਾ ਰਹੀਆਂ ਹਨ ਤੇ ਵੱਡੇ ਮਗਰਮੱਛਾਂ 'ਤੇ ਕੋਈ ਕਾਰਵਾਈ ਨਹੀਂ ਹੋਈ, ਜਿਸ ਨਾਲ ਪੰਜਾਬ ਦੀ ਜਨਤਾ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਪੱਗਾਂ ਨੂੰ ਉਛਾਲਣਾ  ਨਿੱਜੀ ਸਿਆਸੀ ਰੰਜਿਸ਼ ਕੱਢਣ ਤੋਂ ਪ੍ਰੇਰਿਤ ਹੈ। ਕੇ. ਪੀ. ਐੱਸ. ਗਿੱਲ ਨੂੰ ਸ਼ਰਧਾਂਜਲੀ ਦੇਣ 'ਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਸਾਬਕਾ ਡੀ. ਜੀ. ਪੀ. ਨੂੰ ਸ਼ਰਧਾਂਜਲੀ ਦੇਣਾ ਗਲਤ ਹੈ। ਅਜਿਹਾ ਪਹਿਲਾਂ ਕਦੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ 100 ਦਿਨ ਦਾ ਰਾਜ ਫਲਾਪ ਸ਼ੋਅ ਸਾਬਿਤ ਹੋਇਆ, ਜਿਸ ਦਾ ਨਤੀਜਾ ਕਾਂਗਰਸ ਨੂੰ ਨਿਗਮ ਚੋਣਾਂ ਵਿਚ ਭੁਗਤਣਾ ਪਵੇਗਾ।


Related News